...ਤੇ ਹੁਣ ਘਰ ਬੈਠੇ ਸਮਾਰਟਫੋਨ ਰਾਹੀਂ ਮਿਲਣਗੀਆਂ OPD ਸਬੰਧੀ ਸੇਵਾਵਾਂ

Wednesday, Jul 08, 2020 - 08:29 AM (IST)

...ਤੇ ਹੁਣ ਘਰ ਬੈਠੇ ਸਮਾਰਟਫੋਨ ਰਾਹੀਂ ਮਿਲਣਗੀਆਂ OPD ਸਬੰਧੀ ਸੇਵਾਵਾਂ

ਚੰਡੀਗੜ੍ਹ : ਕੋਵਿਡ-19 ਦੇ ਵੱਧ ਰਹੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਗਾਇਨੀਕਾਲੋਜੀ ਓ. ਪੀ. ਡੀ. ਅਤੇ ਜਨਰਲ ਓ. ਪੀ. ਡੀ. ਸੇਵਾਵਾਂ ਲਈ ਈ-ਸੰਜੀਵਨੀ ਓ. ਪੀ. ਡੀ. ਦਾ ਸਮਾਂ ਸਵੇਰੇ 8 ਵਜੇ ਤੋਂ 2 ਵਜੇ (ਸੋਮਵਾਰ ਤੋਂ ਸ਼ਨੀਵਾਰ) ਤੱਕ ਵਧਾ ਦਿੱਤਾ ਹੈ। ਇਹ ਕਦਮ ਮਾਹਰ ਡਾਕਟਰਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਮਰੀਜ਼ਾਂ ਲਈ ਉਪਲੱਬਧ ਕਰਵਾਉਣ ਅਤੇ ਸੂਬੇ ਭਰ 'ਚ ਆਨਲਾਈਨ ਸਹੂਲਤਾਂ ਮੁਹੱਈਆ ਕਰਵਾ ਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।
ਇੱਕ ਪ੍ਰੈਸ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਸਿਰਫ ਆਪਣੇ ਲੈਪਟਾਪ/ਕੰਪਿਊਟਰ 'ਤੇ ਘੱਟੋ-ਘੱਟ 2 ਐਮ. ਬੀ. ਪੀ. ਐਸ. ਇੰਟਰਨੈਟ ਦੀ ਗਤੀ 'ਤੇ ਹੀ ਈ- ਸੰਜੀਵਨੀ ਓ. ਪੀ. ਡੀ. ਸੇਵਾ ਦਾ ਲਾਭ ਲੈਣ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇੱਕ ਐਂਡਰਾਇਡ ਮੋਬਾਇਲ ਐਪ ਵੀ ਮਰੀਜ਼ਾਂ ਲਈ ਉਪਲੱਬਧ ਹੈ ਤਾਂ ਜੋ ਲੈਪਟਾਪ/ਕੰਪਿਊਟਰ 'ਤੇ ਕੋਈ ਨਿਰਭਰਤਾ ਨਾ ਰਹੇ। ਉਹ ਸਿੱਧੇ ਆਪਣੇ ਸਮਾਰਟਫੋਨ ਦੀ ਵਰਤੋਂ ਕਰਕੇ ਟੈਲੀਕੰਸਲਟੇਸ਼ਨ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਈ-ਸੰਜੀਵਨੀ ਓ. ਪੀ. ਡੀ. ਮੋਬਾਇਲ ਐਪ ਆਸਾਨੀ ਨਾਲ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਨੱਢਾ ਵੱਲੋਂ ਰਾਹੁਲ 'ਤੇ ਹਮਲੇ ਦਾ ਕੈਪਟਨ ਨੇ ਲਿਆ ਸਖਤ ਨੋਟਿਸ, ਜਾਣੋ ਕੀ ਬੋਲੇ
ਮੰਤਰੀ ਨੇ ਰਜਿਸਟ੍ਰੇਸ਼ਨ ਦੀ ਆਸਾਨ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਪਹਿਲਾਂ ਮਰੀਜ਼ ਨੂੰ ਆਪਣਾ ਨੰਬਰ ਈ-ਸੰਜੀਵਨੀ ਓ. ਪੀ. ਡੀ. ਮੋਬਾਈਲ ਐਪ 'ਤੇ ਤਸਦੀਕ ਕਰਨਾ ਚਾਹੀਦਾ ਹੈ, ਫਿਰ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਟੋਕਨ ਤਿਆਰ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਲਾਭਪਾਤਰੀ ਨੂੰ ਇੱਕ ਨੋਟੀਫਿਕੇਸ਼ਨ ਮਿਲਣ ਤੇ ਲੌਗ ਇਨ ਪ੍ਰਕਿਰਿਆ 'ਚੋਂ ਲੰਘਣਾ ਹੁੰਦਾ ਹੈ ਅਤੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਫਿਰ ਇਲਾਜ ਲਈ ਸਲਾਹ ਲੈਣ ਸਬੰਧੀ ਮਾਹਰ ਡਾਕਟਰ ਦੇ ਸੁਝਾਅ ਅਤੇ ਡਾਕਟਰ ਵੱਲੋਂ ਦਸਤਖਤ ਕੀਤੇ ਇਕ ਈ-ਨੁਸਖੇ ਨੂੰ ਡਾਊਨਲੋਡ ਕਰੋ।
ਈ-ਸੰਜੀਵਨੀ ਓ. ਪੀ. ਡੀ. ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਟੈਲੀਮੈਡੀਸਨ ਭਵਿੱਖ 'ਚ ਵੀ ਰਾਜ ਭਰ ਦੇ ਮਰੀਜ਼ਾਂ ਲਈ ਵਰਦਾਨ ਸਿੱਧ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਦਿਨੋਂ-ਦਿਨ ਡਾਕਟਰੀ ਸਲਾਹ, ਮਸ਼ਵਰੇ ਦੀ ਲੋੜ ਹੁੰਦੀ ਹੈ। ਜਨਰਲ ਮੈਡੀਸਨ ਲਈ ਟੈਲੀਮੈਡੀਸਨ ਤੋਂ ਇਲਾਵਾ ਸਿਹਤ ਮਹਿਕਮੇ ਨੇ ਮਾਂ ਅਤੇ ਬੱਚੇ ਦੀ ਸਿਹਤ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਗਾਇਨੀਕਾਲੋਜੀ ਸੇਵਾਵਾਂ ਲਈ ਈ ਸੰਜੀਵਨੀ ਓ. ਪੀ. ਡੀ. ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜਰ ਹਸਪਤਾਲਾਂ 'ਚ ਭੀੜ ਤੋਂ ਬਚਣ ਲਈ ਵੀ ਇਹ ਉਪਰਾਲੇ ਮਦਦਗਾਰ ਵੀ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਛੱਡਿਆ ਤਿੱਖਾ ਸਿਆਸੀ ਤੀਰ, 'ਤੱਕੜੀ' ਦੀਆਂ ਰੱਸੀਆਂ ਬਚਾ ਲਵੇ ਸੁਖਬੀਰ


author

Babita

Content Editor

Related News