ਈ-ਰਿਕਸ਼ਾ ਰਾਹੀਂ ਲੋੜਵੰਦ ਜਨਾਨੀਆਂ ਨੂੰ ਬਣਾਇਆ ਜਾਵੇਗਾ ਆਤਮ ਨਿਰਭਰ
Sunday, Jul 12, 2020 - 02:01 PM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜਨਾਨੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਤਹਿਤ ਲੋੜਵੰਦਾ ਜਨਾਨੀਆਂ ਨੂੰ ਆਤਮ ਨਿਰਭਰ ਵਾਸਤੇ ਹੁਸ਼ਿਆਰਪੁਰ 'ਚ ਈ-ਰਿਕਸ਼ਾ ਦਿੱਤੇ ਜਾ ਰਹੇ ਹਨ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਰੌਸ਼ਨ ਗਰਾਊਂਡ ਹੁਸ਼ਿਆਰਪੁਰ 'ਚ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ 38 ਜਨਾਨੀਆਂ ਨੂੰ ਮੁਫ਼ਤ ਈ-ਰਿਕਸ਼ਾ ਸੌਂਪਦਿਆਂ ਪ੍ਰਗਟ ਕੀਤੇ।
ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਪਾਹਜ, ਤਲਾਕਸ਼ੁਦਾ, ਵਿਧਵਾ ਅਤੇ ਹੋਰ ਲੋੜਵੰਦ ਜਨਾਨੀਆਂ ਨੂੰ ਈ-ਰਿਕਸ਼ਾ ਮੁਹੱਈਆ ਕਰਾਉਣ ਲਈ ਕੋਕਾ ਕੋਲਾ ਸੀ. ਐੱਸ. ਆਰ. ਫੰਡ ਤਹਿਤ ਇਹ ਬਿਹਤਰੀਨ ਪਹਿਲ ਕੀਤੀ ਗਈ ਹੈ, ਜਿਸ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਫੈਲਾਅ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਸਮਰੱਥ ਮਹਿਲਾ, ਵਿਕਸਿਤ ਸਮਾਜ ਪ੍ਰੋਗਰਾਮ ਰਾਹੀਂ ਜਨਾਨੀਆਂ ਦੀ ਚੋਣ ਲਈ ਇੰਟਰਵਿਊ ਲੈ ਲਈ ਗਈ ਸੀ ਅਤੇ ਚੁਣੀਆਂ ਗਈਆਂ ਨੂੰ ਮੁਫ਼ਤ ਟ੍ਰੇਨਿੰਗ ਮੁਹੱਈਆ ਕਰਵਾਉਣ ਤੋਂ ਬਾਅਦ ਲਾਈਸੈਂਸ ਵੀ ਬਣਵਾਇਆ ਜਾ ਚੁੱਕਾ ਹੈ।