ਇਕ ਜਨਵਰੀ ਤੋਂ ਚੰਡੀਗੜ੍ਹ ''ਚ ਸ਼ੁਰੂ ਹੋਣਗੇ ਈ-ਚਲਾਨ

Thursday, Nov 16, 2017 - 07:43 AM (IST)

ਇਕ ਜਨਵਰੀ ਤੋਂ ਚੰਡੀਗੜ੍ਹ ''ਚ ਸ਼ੁਰੂ ਹੋਣਗੇ ਈ-ਚਲਾਨ

ਚੰਡੀਗੜ੍ਹ  (ਵਿਜੇ) - ਸ਼ਹਿਰ 'ਚ ਟ੍ਰੈਫਿਕ ਨੂੰ ਹੋਰ ਵਧੀਆ ਢੰਗ ਨਾਲ ਕੰਟਰੋਲ ਕਰਨ ਲਈ ਚੰਡੀਗੜ੍ਹ ਪ੍ਰਸਾਸ਼ਨ ਛੇਤੀ ਹੀ ਈ-ਚਲਾਨ ਸਿਸਟਮ ਲਾਂਚ ਕਰਨ ਜਾ ਰਿਹਾ ਹੈ। ਈ-ਚਲਾਨ ਰੈਗੂਲਰ ਚਲਾਨ ਦਾ ਇਲੈਕਟ੍ਰੋਨਿਕ ਫਾਰਮੈਟ ਹੋਵੇਗਾ, ਜੋ ਕਿ ਕਿਸੇ ਵੀ ਅਦਾਇਗੀ ਦੀ ਰਸੀਦ ਵਜੋਂ ਵਰਤਿਆ ਜਾਵੇਗਾ। ਪ੍ਰਸ਼ਾਸਨ ਦੀ ਯੋਜਨਾ ਹੈ ਕਿ ਇਕ ਜਨਵਰੀ, 2018 ਤੋਂ ਇਹ ਸਿਸਟਮ ਸ਼ਹਿਰ 'ਚ ਲਾਂਚ ਕੀਤਾ ਜਾਵੇਗਾ। ਇਹ ਫੈਸਲਾ ਬੁੱਧਵਾਰ ਨੂੰ ਹੋਈ ਸਟੇਟ ਲੈਵਲ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਸੂਤਰਾਂ ਅਨੁਸਾਰ ਪ੍ਰੰਪਰਿਕ ਪੈੱਨ ਤੇ ਪੇਪਰ ਨਾਲ ਤਿਆਰ ਹੋਣ ਵਾਲੇ ਚਲਾਨ ਕਾਰਨ ਹੁਣ ਟ੍ਰੈਫਿਕ ਪੁਲਸ ਸਪਾਟ 'ਚ ਹੀ ਪ੍ਰਿੰਟਿਡ ਚਲਾਨ ਸੌਂਪੇਗੀ। ਇਸ ਨਵੇਂ ਸਿਸਟਮ ਦਾ ਲਾਭ ਇਹ ਹੋਵੇਗਾ ਕਿ ਵਾਹਨ ਨੰਬਰ ਤੇ ਵਾਹਨ ਚਾਲਕ ਦਾ ਪੂਰਾ ਡਾਟਾ ਇਕ ਥਾਂ ਇਕੱਠਾ ਕੀਤਾ ਜਾ ਸਕੇਗਾ। ਇਹੀ ਨਹੀਂ ਜਿਹੜੇ ਲੋਕ ਵਾਰ-ਵਾਰ ਟ੍ਰੈਫਿਕ ਨਿਯਮ ਤੋੜਦੇ ਹਨ, ਨੂੰ ਵੀ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕੇਗਾ। ਜੇ ਕੋਈ ਵਿਅਕਤੀ ਵਾਰ-ਵਾਰ ਟ੍ਰੈਫਿਕ ਨਿਯਮ ਤੋੜਦਾ ਹੈ ਤਾਂ ਉਸਦੀ ਡੀਟੇਲ ਤੁਰੰਤ ਟ੍ਰੈਫਿਕ ਪੁਲਸ ਕੋਲ ਮੌਜੂਦ ਡਿਵਾਈਸ 'ਤੇ ਆ ਜਾਵੇਗੀ।
ਡਾਟਾ ਹੋਵੇਗਾ ਆਨਲਾਈਨ
ਸ਼ਹਿਰ ਦੇ ਪ੍ਰਦੂਸ਼ਣ ਚੈਕਿੰਗ ਸੈਂਟਰਾਂ 'ਤੇ ਸ਼ਿਕੰਜਾ ਕੱਸਣ ਲਈ ਹੁਣ ਚੰਡੀਗੜ੍ਹ ਪ੍ਰਸ਼ਾਸਨ ਕਸਟਮਰਾਂ ਦਾ ਪੂਰਾ ਡਾਟਾ ਆਨਲਾਈਨ ਅਪਲੋਡ ਕਰਨ ਲਈ ਕਹਿਣ ਜਾ ਰਿਹਾ ਹੈ। ਮਤਲਬ ਹੁਣ ਪ੍ਰਦੂਸ਼ਣ ਚੈਕਿੰਗ ਸੈਂਟਰਾਂ ਨੂੰ ਆਪਣੇ ਗਾਹਕਾਂ ਦਾ ਡਾਟਾ ਆਨਲਾਈਨ ਅੱਪਲੋਡ ਕਰਨਾ ਹੋਵੇਗਾ। ਸੈਂਟਰਾਂ ਦਾ ਸਿਸਟਮ ਸਟੇਟ ਟ੍ਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਦੇ ਸਿਸਟਮ ਦੇ ਨਾਲ ਕੁਨੈਕਟ ਹੋਵੇਗਾ।
ਪ੍ਰਦੂਸ਼ਣ ਚੈਕਿੰਗ ਸੈਂਟਰ, ਜੋ ਮੈਨੂਅਲੀ ਰਿਪੋਰਟ ਐੱਸ. ਟੀ. ਏ. ਨੂੰ ਭੇਜਦਾ ਹੈ, ਨੂੰ ਆਨਲਾਈਨ ਕੀਤੇ ਜਾਣ ਸਬੰਧੀ ਫੈਸਲਾ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਆਨਲਾਈਨ ਪੋਰਟਲ ਬਣਾਇਆ ਜਾਵੇ, ਜਿਸ ਜ਼ਰੀਏ ਪ੍ਰਦੂਸ਼ਣ ਸਰਟੀਫਿਕੇਟ ਸਬੰਧੀ ਚੈੱਕ ਰੱਖਿਆ ਜਾਵੇ। ਇਹੀ ਨਹੀਂ, ਮੀਟਿੰਗ ਦੌਰਾਨ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪ੍ਰਦੂਸ਼ਣ ਸਰਟੀਫਿਕੇਟ ਨੂੰ ਜ਼ਰੂਰ ਚੈੱਕ ਕੀਤਾ ਜਾਵੇ ਤੇ ਜੇ ਕਿਸੇ ਵਾਹਨ ਦੇ ਦਸਤਾਵੇਜ਼ ਚੈੱਕ ਕੀਤੇ ਜਾਣ ਤਾਂ ਪ੍ਰਦੂਸ਼ਣ ਸਰਟੀਫਿਕੇਟ ਵੀ ਦੇਖਿਆ ਜਾਵੇ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕੁਝ ਸਖਤ ਫੈਸਲੇ ਲੈਣ ਦੀ ਤਿਆਰੀ ਕਰ ਲਈ ਹੈ।
ਟ੍ਰੈਫਿਕ ਪੁਲਸ ਵੀ ਕਰੇਗੀ ਚੈਕਿੰਗ
ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਵੀ ਮੀਟਿੰਗ 'ਚ ਕਾਫੀ ਦੇਰ ਤਕ ਵਿਚਾਰ-ਚਰਚਾ ਹੁੰਦੀ ਰਹੀ। ਇਸ ਦੌਰਾਨ ਫੈਸਲਾ ਲਿਆ ਗਿਆ ਕਿ ਆਟੋ ਰਿਕਸ਼ਾ ਤੇ ਹੋਰ ਵਾਹਨਾਂ ਦੀ ਚੈਕਿੰਗ ਵੀ ਹੁਣ ਚੰਡੀਗੜ੍ਹ ਟ੍ਰੈਫਿਕ ਪੁਲਸ ਕਰ ਸਕੇਗੀ। ਹੁਣ ਤਕ ਸਿਰਫ ਐੱਸ. ਟੀ. ਏ. ਕੋਲ ਹੀ ਇਹ ਜ਼ਿੰਮੇਵਾਰੀ ਸੀ, ਇਸ ਲਈ ਐੱਸ. ਐੱਸ. ਪੀ. ਟ੍ਰੈਫਿਕ ਨੂੰ ਕਿਹਾ ਗਿਆ ਹੈ ਕਿ ਉਹ ਇਸ ਸਬੰਧੀ ਸਹੀ ਪ੍ਰਬੰਧ ਕਰਨ। ਮੀਟਿੰਗ 'ਚ ਇਹ ਵੀ ਫੈਸਲਾ ਹੋਇਆ ਕਿ ਰਿਹਾਇਸ਼ੀ ਏਰੀਏ 'ਚ ਸੁਰੱਖਿਆ ਗੇਟ ਕੁਝ ਐਸੋਸੀਏਸ਼ਨਾਂ ਵਲੋਂ ਲਾ ਦਿੱਤੇ ਗਏ ਸਨ ਪਰ ਇਸ ਬਾਰੇ ਨਗਰ ਨਿਗਮ ਇਜਾਜ਼ਤ ਨਹੀਂ ਦਿੰਦਾ ਹੈ।
21 ਸਾਈਕਲ ਟ੍ਰੈਕਾਂ ਨੂੰ ਬਣਾਇਆ ਜਾਵੇਗਾ ਸੇਫ
ਸ਼ਹਿਰ 'ਚ ਸਾਈਕਲਿੰਗ ਨੂੰ ਪ੍ਰਮੋਟ ਕਰਨ ਲਈ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਹਿਮਤੀ ਪ੍ਰਗਟਾਈ। ਫੈਸਲਾ ਲਿਆ ਗਿਆ ਕਿ ਜਿਸ ਤਰ੍ਹਾਂ ਸੈਕਟਰ-26 ਦੇ ਰਾਊਂਡ ਅਬਾਊਟ ਨੂੰ ਠੀਕ ਕੀਤਾ ਗਿਆ ਹੈ, ਉਸੇ ਤਰ੍ਹਾਂ 21 ਹੋਰ ਲੋਕੇਸ਼ਨਾਂ 'ਤੇ ਕੰਮ ਕੀਤਾ ਜਾਵੇਗਾ। ਇਸ ਸਬੰਧੀ ਟ੍ਰੈਫਿਕ ਪੁਲਸ ਵਲੋਂ ਪ੍ਰਪੋਜ਼ਲ ਪ੍ਰਸ਼ਾਸਨ ਨੂੰ ਸੌਂਪੀ ਗਈ ਸੀ। ਇਸ 'ਚ ਹੁਣ ਪੰਜ ਦੱਖਣ ਮਾਰਗ 'ਚ, 7 ਵਿਕਾਸ ਮਾਰਗ ਤੇ ਹੋਰ ਬਾਕੀ ਚੌਕ ਦੂਜੇ ਰੋਡ 'ਤੇ ਸੇਫ ਸਾਈਕਲਿੰਗ ਲਈ ਹੋਣਗੇ।
ਬੱਚਿਆਂ ਨੂੰ ਪੜ੍ਹਾਉਣਗੇ ਰੋਡ ਸੇਫਟੀ ਦਾ ਪਾਠ
ਪ੍ਰਸ਼ਾਸਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਸੈਸ਼ਨ 'ਚ ਬੱਚਿਆਂ ਨੂੰ ਵੀ ਰੋਡ ਸੇਫਟੀ ਦਾ ਪਾਠ ਪੜ੍ਹਾਇਆ ਜਾਵੇਗਾ। ਮੀਟਿੰਗ 'ਚ ਐਜੂਕੇਸ਼ਨ ਸੈਕਟਰੀ ਤੇ ਟ੍ਰੈਫਿਕ ਪੁਲਸ ਨੂੰ ਵੀ ਕਿਹਾ ਗਿਆ ਹੈ ਕਿ ਉਹ ਯੋਜਨਾ ਬਣਾਉਣ। ਇਸ ਤੋਂ ਇਲਾਵਾ ਬੱਚਿਆਂ ਨੂੰ ਰੋਡ ਸੇਫਟੀ ਦਾ ਪਾਠ ਪੜ੍ਹਾਉਣਾ ਤੇ ਜਾਣਕਾਰੀ ਦੇਣ ਲਈ ਸਾਲਾਨਾ ਰੋਡ ਸੇਫਟੀ ਮੁਕਾਬਲੇ ਸਕੂਲਾਂ 'ਚ ਕਰਵਾਉਣੇ ਜ਼ਰੂਰੀ ਹੋਵੇਗਾ।


Related News