ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਨੂੰ ਸੁਪਰੀਮ ਕੋਰਟ ਦਾ ਝਟਕਾ
Friday, Nov 30, 2018 - 07:11 PM (IST)

ਚੰਡੀਗੜ੍ਹ— ਬਾਦਲਾਂ ਦੇ ਨਜ਼ਦੀਕੀ ਤੇ ਖਾਸਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦੇ ਹੋਏ ਅਗਾਊਂ ਜ਼ਮਾਨਤ ਦੀ ਪਟੀਸ਼ਨ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕੋਲਿਆਂਵਾਲੀ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਸਮਰਪਣ ਕਰਨ ਦਾ ਹੁਕਮ ਵੀ ਦਿੱਤਾ ਹੈ। ਇਸ ਤੋਂ ਪਹਿਲਾਂ ਕੋਲਿਆਂਵਾਲੀ ਦੋ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾ ਚੁੱਕੇ ਹਨ ਪਰ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕੋਲਿਆਂਵਾਲੀ 'ਤੇ ਸਾਲ 2007 ਤੋ 2017 ਤੱਕ ਆਪਣੀ ਸਰਕਾਰੀ ਚੇਅਰਮੈਨੀ (ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ) 'ਤੇ ਰਹਿੰਦਿਆਂ ਤਾਕਤ ਦੀ ਦੁਰਵਰਤੋਂ ਕਰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਾਏ ਹਨ। ਵਿਜੀਲੈਂਸ ਨੇ ਕੋਲਿਆਂਵਾਲੀ 'ਤੇ ਮੁਹਾਲੀ ਵਿਚ 30 ਜੂਨ, 2018 ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਮਾਮਲਾ ਦਰਜ ਹੋਣ ਤੋਂ ਬਾਅਦ ਕੋਲਿਆਂਵਾਲੀ ਰੂਪੋਸ਼ ਹੋ ਗਏ ਸਨ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਉਹ ਤਿੰਨ-ਚਾਰ ਵਾਰ ਵਿਜੀਲੈਂਸ ਅਧਿਕਾਰੀ ਕੋਲ ਤਫ਼ਤੀਸ਼ ਲਈ ਹਾਜ਼ਰ ਹੋਏ ਸਨ। ਇਥੇ ਹੀ ਬਸ ਨਹੀਂ ਇਸ ਮਹੀਨੇ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਕੋਲਿਆਂਵਾਲੀ ਦੇ ਬੰਦ ਪਏ ਘਰ ਵਿਚ ਵਿਜੀਲੈਂਸ ਨੇ ਛਾਪਾ ਮਾਰਿਆ ਸੀ।