ਡਿਆਲ ਦੀ ਅਗਵਾਈ ’ਚ ਐੱਸ. ਸੀ. ਸੈੱਲ ਦਾ ਵਫਦ ਸੁਖਬੀਰ ਬਾਦਲ ਨੂੰ ਮਿਲਿਆ
Tuesday, Jul 24, 2018 - 06:26 AM (IST)

ਤਰਨਤਾਰਨ, (ਰਾਜੂ)- ਜ਼ਿਲਾ ਤਰਨਤਾਰਨ ਦੀਅਾਂ ਸਮੱਸਿਆਵਾਂ ਨੂੰ ਲੈ ਕੇ ਐੱਸ.ਸੀ ਸੈੱਲ ਦੇ ਜ਼ਿਲਾ ਪ੍ਰਧਾਨ ਬਖਸ਼ੀਸ਼ ਸਿੰਘ ਡਿਆਲ ਦੀ ਅਗਵਾਈ ’ਚ 21 ਮੈਂਬਰੀ ਵਫਦ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਿਆ। ਡਿਆਲ ਨੇ ਸੁਖਬੀਰ ਬਾਦਲ ਨੂੰ ਜ਼ਿਲੇ ਭਰ ਦੀਅਾਂ ਸਮੱਸਿਆਵਾਂ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਚਲਾਈਅਾਂ ਸਕੀਮਾਂ ਫੇਲ ਕਰ ਦਿੱਤੀਅਾਂ ਹਨ ਅਤੇ ਦਲਿਤ ਭਾਈਚਾਰਾ ਪ੍ਰੇਸ਼ਾਨ ਹੈ। ਨਾ ਹੀ ਲੋਕਾਂ ਨੂੰ ਸ਼ਗਨ ਸਕੀਮ ਟਾਈਮ ਸਿਰ ਮਿਲ ਰਹੀ ਹੈ ਅਤੇ ਕਈਅਾਂ ਨੂੰ ਮਿਲ ਹੀ ਨਹੀਂ ਰਹੀ । ਪੈਨਸ਼ਨਧਾਰਕ ਲੋਕ ਅਤੇ ਬਜ਼ੁਰਗ ਦਫਤਰਾਂ ਵਿਚ ਧੱਕੇ ਖਾ ਰਹੇ ਹਨ। ਦਿਨ-ਬ-ਦਿਨ ਜ਼ਿਲਾ ਤਰਨਤਾਰਨ ਦੀਅਾਂ ਸਮੱਸਿਆਵਾਂ ਵਧਦੀਅਾਂ ਜਾ ਰਹੀਅਾਂ ਹਨ ਅਤੇ ਲੋਕ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। ਬਖਸ਼ੀਸ਼ ਸਿੰਘ ਡਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਐੱਸ.ਸੀ ਸੈੱਲ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਅਤੇ ਸੁਖਬੀਰ ਬਾਦਲ ਦੇ ਦਿਸ਼ਾਂ-ਨਿਰਦੇਸ਼ਾਂ ’ਤੇ ਜਲਦੀ ਹੀ ਜ਼ਿਲਾ ਪੱਧਰੀ ਕਮੇਟੀ ਗਠਤ ਕਰਨ ਤੋਂ ਬਾਅਦ ਬਲਾਕ ਪੱਧਰ ਦੀਅਾਂ ਕਮੇਟੀਅਾਂ ਦਾ ਗਠਨ ਕਰ ਦਿੱਤਾ ਜਾਵੇਗਾ ਅਤੇ ਘਰ-ਘਰ ਸ਼੍ਰੋਮਣੀ ਅਕਾਲੀ ਦਲ ਦੀਅਾਂ ਨੀਤੀਅਾਂ ਨੂੰ ਪਹੁੰਚਾਇਆ ਜਾਵੇਗਾ। ਕਿਉਂਕਿ ਜ਼ਿਲਾ ਤਰਨਤਾਰਨ ਵਿਚ ਐੱਸ.ਸੀ ਸੈੱਲ ਚੋਣਾਂ ਵੇਲੇ ਆਪਣਾ ਅਹਿਮ ਰੋਲ ਨਿਭਾਉਂਦਾ ਹੈ। ਅੱਜ ਲੋਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫਿਰ ਤੋਂ ਰਾਜ ਚਾਹੁਣ ਲੱਗ ਪਏ ਹਨ। ਕਾਂਗਰਸ ਸਰਕਾਰ ਦੀਅਾਂ ਵਧੀਕੀਅਾਂ ਖਿਲਾਫ ਸਾਨੂੰ ਮਜਬੂਰਨ ਸਡ਼ਕਾਂ ’ਤੇ ਉਤਰਨਾ ਪਵੇਗਾ।