93 ਸਾਲਾ ’ਚ ਪਹਿਲੀ ਵਾਰ ਸੰਗਰੂਰ ’ਚ ਨਹੀਂ ਮਨਾਇਆ ਜਾਵੇਗਾ ਦੁਸਹਿਰਾ

Sunday, Oct 25, 2020 - 03:05 AM (IST)

93 ਸਾਲਾ ’ਚ ਪਹਿਲੀ ਵਾਰ ਸੰਗਰੂਰ ’ਚ ਨਹੀਂ ਮਨਾਇਆ ਜਾਵੇਗਾ ਦੁਸਹਿਰਾ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਰਿਆਸਤੀ ‌ਸ਼ਹਿਰ ਸੰਗਰੂਰ ’ਚ ਇਸ ਵਾਰ ਦੁਸਹਿਰੇ ’ਤੇ ਨਾ ਤਾਂ ਦੁਸਹਿਰੇ ਮੇਲੇ ਦਾ ਆਯੋਜਨ ਹੋਵੇਗਾ ਤੇ ਨਾ ਹੀ ਵੱਡ ਅਕਾਰੀ ਰਾਵਣ ਦੇ ਪੁਤਲੇ ਦੇਖਣ ਨੂੰ ਮਿਲਣਗੇ। ਸੰਗਰੂਰ ਦੇ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ ਕਿ 93 ਸਾਲਾਂ ’ਚ ਸੰਗਰੂਰ ’ਚ ਦੁਸਹਿਰੇ ਦਾ ਤਿਉਹਾਰ ਬਿਨਾਂ ਵੱਡੇ ਆਕਾਰੀ ਰਾਵਣ , ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦੇ ਦਹਿਨ ਤੋਂ ਹੋਵੇਗਾ। ਕੋਰੋਨਾ ਵਾਇਰਸ ਕਾਰਣ ਜ਼ਿਲਾ ਪ੍ਰਸ਼ਾਸਨ ਵੱਲੋਂ ਦੁਸਹਿਰੇ ਮੇਲੇ ਦਾ ਆਯੋਜਨ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪਹਿਲਾਂ ਵਾਂਗ ਵੱਡੇ-ਵੱਡੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਫੂਕਣ ਦੀ ਮਨਜ਼ੂਰੀ ਨਾ ਦਿੱਤੇ ਜਾਣ ਕਰ ਕੇ ਇਸ ਵਾਰ ਸਿਰਫ਼ ਰਾਮਲੀਲਾ ਕਮੇਟੀਆਂ ਵੱਲੋਂ ਸਿਰਫ ਰਾਮਲੀਲਾ ਦਾ ਹੀ ਮੰਚਨ ਕੀਤਾ ਜਾਵੇਗਾ।

ਜਦੋਂ ਇਸ ਸਬੰਧੀ ਵੱਖ-ਵੱਖ ਰਾਮਲੀਲਾ ਕਮੇਟੀ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਦੁਸਹਿਰੇ ’ਤੇ ਰਣਬੀਰ ਕਾਲਜ ਸੰਗਰੂਰ ਦੇ ਗਰਾਊਂਡ ’ਚ, ਮਹਾਰਾਜਾ ਰਣਜੀਤ ਸਿੰਘ ਮਾਰਕੀਟ, ਰਾਮਲੀਲਾ ਮੈਦਾਨ ਪਟਿਆਲਾ ਗੇਟ, ਸ਼ੇਖਪੁਰਾ ਬਸਤੀ ਤੇ ਸੁੰਦਰ ਬਸਤੀ ਵਿਖੇ ਵੱਡ ਆਕਾਰੀ ਰਾਵਣ ਦੇ ਪੁਤਲਿਆਂ ਨੂੰ ਦਹਿਨ ਨਹੀਂ ਹੋਵੇਗਾ।

ਰਾਮਲੀਲਾ ਦੇ ਮੰਚਨ ’ਚ ਹੀ ਹੋਵੇਗਾ ਰਾਵਣ-ਵਧ : ਨਰੇਸ਼ ਗਾਬਾ

ਰਾਮਲੀਲਾ ਵੈੱਲਫੇਅਰ ਕਮੇਟੀ ਸ਼ੇਖਪੁਰਾ ਦੇ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਵੱਡ ਆਕਾਰੀ ਰਾਵਣ ਦੇ ਪੁਤਲੇ ਬਣਾ ਕੇ ਨਹੀਂ ਫੁਕੇ ਜਾਣਗੇ ਪਰ ਦੁਸਹਿਰੇ ਦੀ ਸ਼ਾਮ ਰਾਮਲੀਲਾ ਕਮੇਟੀ ਵੱਲੋਂ ਸਟੇਜ ’ਤੇ ਹੀ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ ਤੇ ਇਸ ਮੌਕੇ ਰਾਵਣ ਦਾ ਅੰਤ ਹੁੰਦਾ ਦਿਖਾਇਆ ਜਾਵੇਗਾ।

ਪੁਰਸ਼ਾਰਥੀ ਰਾਮਲੀਲਾ ਕਮੇਟੀ ਵੰਡੇਗੀ ਤੁਲਸੀ ਦੇ ਬੂਟੇ

ਸ਼ਹਿਰ ਦੇ ਪਟਿਆਲਾ ਗੇਟ ਵਿਖੇ ਰਾਮਲੀਲਾ ਦਾ ਮੰਚਨ ਕਰਨ ਵਾਲੀ ਪੁਰਸ਼ਾਰਥੀ ਰਾਮਲੀਲਾ ਕਮੇਟੀ ਦੇ ਆਗੂ ਜਤਿੰਦਰ ਕਾਲੜਾ ਨੇ ਦੱਸਿਆ ਕਿ ਇਸ ਵਾਰ ਕਮੇਟੀ ਵੱਲੋਂ ਦੁਸਹਿਰੇ ’ਤੇ ਸਿਰਫ ਸੰਕੇਤਕ ਵਜੋਂ 10 ਫੁੱਟ ਦਾ ਰਾਵਣ ਦਾ ਪੁਤਲਾ ਬਣਾ ਕੇ ਫੂਕਿਆ ਜਾਵੇਗਾ ਅਤੇ ਇਸ ਮੌਕੇ ਤੁਲਸੀ ਦੇ ਬੂਟੇ ਵੰਡੇ ਜਾਣਗੇ।

ਦੁਸਹਿਰੇ ਮੇਲੇ ਦੀ ਨਹੀਂ ਮਨਜ਼ੂਰੀ : ਐੱਸ. ਡੀ. ਐੱਮ. ਵਾਲੀਆ

ਐੱਸ. ਡੀ. ਐੱਮ. ਸੰਗਰੂਰ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਧਿਆਨ ’ਚ ਰੱਖਦਿਆਂ ਇਸ ਵਾਰ ਸੰਗਰੂਰ ’ਚ ਦੁਸਿਹਰਾ ਮੇਲੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ।


author

Bharat Thapa

Content Editor

Related News