ਸਿਫ਼ਰ ਕਾਲ ਦੌਰਾਨ ਸਪੀਕਰ ਨੇ ਕਿਹਾ, ਜਿਸ ਨੂੰ ਹੈ ਇਤਰਾਜ ਤਾਂ ਉਹ ਅਦਾਲਤ ਜਾ ਸਕਦੈ

Wednesday, Mar 03, 2021 - 06:00 PM (IST)

ਸਿਫ਼ਰ ਕਾਲ ਦੌਰਾਨ ਸਪੀਕਰ ਨੇ ਕਿਹਾ, ਜਿਸ ਨੂੰ ਹੈ ਇਤਰਾਜ ਤਾਂ ਉਹ ਅਦਾਲਤ ਜਾ ਸਕਦੈ

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨਸਭਾ ਦੇ ਮੌਜੂਦਾ ਬਜਟ ਸੈਸ਼ਨ ਦੇ ਦੂਜੇ ਦਿਨ ਸਿਫ਼ਰ ਕਾਲ ਦੌਰਾਨ ਜਿੱਥੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਿਆ ਗਿਆ, ਉਥੇ ਹੀ ਵਿਧਾਇਕਾਂ ਵਲੋਂ ਦਲ-ਬਦਲੂ ਕਾਨੂੰਨ ਦੇ ਅਧੀਨ ਕੁੱਝ ਮੈਬਰਾਂ ਖ਼ਿਲਾਫ਼ ਚੱਲ ਰਹੇ ਮਾਮਲਿਆਂ ਨੂੰ ਲੰਬਾ ਲਟਕਾਉਣ ’ਤੇ ਸਵਾਲ ਖੜ੍ਹੇ ਕੀਤੇ ਗਏ।ਹੋਇਆ ਇੰਝ ਕਿ ਸਿਫ਼ਰ ਕਾਲ ਦੌਰਾਨ ‘ਆਪ’ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਵਿਧਾਨਸਭਾ ਵਿਚ ਨਵੀਂਆਂ ਪ੍ਰੰਪਰਾਵਾਂ ਬਣ ਰਹੀਆਂ ਹਨ। ਰਾਜਪਾਲ ਦੇ ਭਾਸ਼ਣ ਦੌਰਾਨ ਹੋਏ ਹੰਗਾਮੇ ਅਤੇ ਭਾਸ਼ਣ ਦੀਆਂ ਕਾਪੀਆਂ ਪਾੜੇ ਜਾਣ ਦਾ ਜ਼ਿਕਰ ਕਰਦਿਆਂ ਸੰਧੂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਪੀਕਰ ਨੂੰ ਕਿਹਾ ਕਿ ਇਹ ਸਭ ਅਸਲ ’ਚ ਹੈੱਡਲਾਈਨਜ਼ ਬਣਾਉਣ ਲਈ ਕੀਤਾ ਜਾਂਦਾ ਹੈ, ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਕੰਵਰ ਸੰਧੂ ਵਲੋਂ ਸ਼ੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੱਕ ’ਤੇ ਟਿੱਪਣੀ ਕੀਤੀ ਗਈ। ਸਪੀਕਰ ਨੂੰ ਸੰਬੋਧਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਤੁਹਾਡੀ ਹੀ ਦਇਆ ਹੈ ਕਿਉਂਕਿ ਜੇਕਰ ਦਲ-ਬਦਲ ਵਿਰੋਧੀ ਨਿਯਮ ਦੇ ਤਹਿਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਅਜਿਹੇ ਵਿਧਾਇਕ ਜੋ ਇੱਧਰ-ਉਧਰ ਜਾਂਦੇ ਰਹੇ ਹਨ, ਹੁਣ ਤਕ ਬਾਹਰ ਕੀਤੇ ਹੁੰਦੇ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਉਨ੍ਹਾਂ ਖੁਦ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਵਾਲੇ ਵਿਧਾਇਕਾਂ ਖਿਲਾਫ਼ ਕਾਰਵਾਈ ਕਰਨ ਸਬੰਧੀ ਚਿੱਠੀ ਲਿਖੀ ਸੀ ਪਰ ਇਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਚੀਮਾ ਨੇ ਕਿਹਾ ਕਿ ਅਜਿਹਾ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ’ਤੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਹੋ ਰਿਹਾ ਹੈ, ਉਹ ਕਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਹੋ ਰਿਹਾ ਹੈ। ਵਿਧਾਨਸਭਾ ਨਿਯਮ-ਕਾਨੂੰਨਾਂ ਦੇ ਤਹਿਤ ਕਿਤੇ ਵੀ ਸਪੀਕਰ ਨੂੰ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਸਮਾਂ ਸੀਮਾ ਵਿਚ ਨਹੀਂ ਬੰਨ੍ਹਿਆ ਗਿਆ ਹੈ ਅਤੇ ਸਪੀਕਰ ਦੀ ਬੁੱਧੀਮਤਾ ’ਤੇ ਛੱਡਿਆ ਗਿਆ ਹੈ। ਇਸ ਲਈ ਜਦੋਂ ਮੈਨੂੰ ਠੀਕ ਲੱਗੇਗਾ, ਉਦੋਂ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਨਾਲ ਕਿਸੇ ਮੈਂਬਰ ਨੂੰ ਇਹ ਠੀਕ ਨਹੀਂ ਲੱਗਦਾ ਤਾਂ ਉਹ ਅਦਾਲਤ ਜਾਣ ਲਈ ਆਜ਼ਾਦ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰੇ੍ਹ ਵਜੋਂ ਐਲਾਨਣ ਦੀ UNO ਤੋਂ ਕੀਤੀ ਮੰਗ

ਐੱਸ. ਡੀ. ਐੱਮ. ਖ਼ਿਲਾਫ਼ ਹੋਵੇ ਕਾਰਵਾਈ : ਢੀਂਡਸਾ

ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾ ਮਿਊਂਸੀਪਲ ਚੋਣਾਂ ਵਿਚ ਧਾਂਦਲੀ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਵਾਰਡ ਨੰਬਰ 2 ਅਤੇ 8 ਵਿਚ ਐੱਸ. ਸੀ. ਭਾਈਚਾਰੇ ਨਾਲ ਸਬੰਧਤ ਦੋ ਆਜ਼ਾਦ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਅਤੇ ਜਿੰਨੀ ਦੇਰ ਵਿਚ ਉਹ ਜਿੱਤ ਦਾ ਜਸ਼ਨ ਮਨਾਉਂਦੇ, ਉਸੇ ਸਮੇਂ ਦੌਰਾਨ ਐੱਸ. ਡੀ. ਐੱਮ. ਵਲੋਂ ਹੋਰ ਲੋਕਾਂ ਨੂੰ ਜਿੱਤ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ। ਢੀਂਡਸਾ ਨੇ ਕਿਹਾ ਕਿ ਇਸ ਸਬੰਧੀ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਚੋਣ ਕਮਿਸ਼ਨ ਨੇ ਸਬੰਧਤ ਐੱਸ. ਡੀ. ਐੱਮ. ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ ਪਰ ਸਰਕਾਰ ਵਲੋਂ ਉਸ ਦੀ ਸਿਰਫ਼ ਟਰਾਂਸਫਰ ਦਿੱਤੀ ਗਈ ਹੈ।

ਸਦਨ ਦੇ 115 ਵਿਧਾਇਕਾਂ ਦੀ ਏਕਤਾ ਦਾ ਸਹੀ ਉਪਯੋਗ ਕਰਨ ਕੈਪਟਨ : ਬੈਂਸ

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿਸ ਰਾਜਪਾਲ ਨੇ ਆਪਣੇ ਭਾਸ਼ਣ ਵਿਚ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੋਵੇ, ਉਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਸੀ ਕਿ ਭਾਜਪਾ ਦੇ 2 ਵਿਧਾਇਕਾਂ ਨੂੰ ਛੱਡ ਕੇ 115 ਵਿਧਾਇਕਾਂ ਦਾ ਕਿਤੇ ਵੀ ਸਹਿਯੋਗ ਲੈ ਲੈਣ, ਜਿਸ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਬਲ ਮਿਲ ਸਕੇ।

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੂੰ ਲਿਖਿਆ ਪੱਤਰ    

ਕੋਰੋਨਾ ਵਾਰੀਅਰ ਕਰਨ ਐਲਾਨ

ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਇੱਕ ਪੀ. ਆਰ. ਟੀ. ਸੀ. ਡਰਾਈਵਰ ਮਲਕੀਤ ਸਿੰਘ ਨੂੰ ਲਾਕਡਾਊਨ ਦੌਰਾਨ ਮਹਾਰਾਸ਼ਟਰ ਵੱਲ ਫਸੇ ਹੋਏ ਪੰਜਾਬੀਆਂ ਨੂੰ ਲਿਆਉਣ ਲਈ ਭੇਜਿਆ ਗਿਆ ਸੀ ਪਰ ਉਸਦੀ ਉਥੇ ਹੀ ਮੌਤ ਹੋ ਗਈ ਸੀ। ਵਿਧਾਇਕ ਨੇ ਕਿਹਾ ਕਿ ਤਦ ਤਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਸਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਪਰ ਹਾਲੇ ਤੱਕ ਨਹੀਂ ਦਿੱਤੀ ਗਈ ਹੈ। ਉਥੇ ਹੀ, ਇੱਕ ਹੋਰ ਮਾਮਲਾ ਚੁੱਕਦੇ ਹੋਏ ‘ਆਪ’ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਪਟਿਆਲਾ ਵਿਚ ਤਾਇਨਾਤ ਰਹੇ ਪੀ. ਟੀ. ਆਈ. ਮਾਸਟਰ ਹਰਮੰਦਰ ਸਿੰਘ ਨੂੰ ਵੀ ਕੋਰੋਨਾ ਵਾਰੀਅਰ ਐਲਾਨ ਕੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ। ਪਿਤਾ-ਪੁੱਤਰ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਹਿਕਾਰਤਾ ਮੰਤਰੀ ਅਤੇ ਹੋਰ ਅਧਿਕਾਰੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਉਥੇ ਹੀ, ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਵਲੋਂ ਮੋਹਾਲੀ ਵਿਚ ਸਰਕਾਰ ਵਲੋਂ ਵੇਚੀ ਗਈ ਫੈਕਟਰੀ ਵਿਚ ਕਰੋੜਾਂ ਦੇ ਹੇਰਫੇਰ ਦਾ ਮਾਮਲਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।ਸ਼੍ਰੋਮਣੀ ਅਕਾਲੀ ਦਲ ਵਿਧਾਇਕ ਚੰਦੂਮਾਜਰਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੰਦਹਾਲੀ ਆਰਥਿਕ ਹਾਲਤ, ਜਦੋਂਕਿ ਕੁਲਤਾਰ ਸਿੰਘ ਸੰਧਵਾਂ ਵਲੋਂ ਫਰੀਦਕੋਟ ਮੈਡੀਕਲ ਕਾਲਜ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਦੇ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਮਾਮਲਾ ਚੁੱਕਿਆ।

ਇਹ ਵੀ ਪੜ੍ਹੋ : ਨੱਥੂਵਾਲਾ ਗਰਬੀ (ਮੋਗਾ) ਦਾ ਕਿਸਾਨ  ਜੀਤ ਸਿੰਘ ਸਿੰਘੂ ਬਾਰਡਰ ’ਤੇ ਹੋਇਆ ਸ਼ਹੀਦ


author

Anuradha

Content Editor

Related News