ਜਲੰਧਰ ਨਿਗਮ ਚੋਣਾਂ ਤੋਂ ਪਹਿਲਾਂ ਚਰਚਾ 'ਚ 'ਵਾਰਡਬੰਦੀ', ਮੀਟਿੰਗ ਦੌਰਾਨ ਨਹੀਂ ਪੁੱਜੇ ‘ਆਪ’ ਵਿਧਾਇਕ

Friday, May 26, 2023 - 11:11 PM (IST)

ਜਲੰਧਰ (ਖੁਰਾਣਾ) : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਸਮਾਪਤ ਹੋ ਚੁੱਕੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਇਤਿਹਾਸਕ ਜਿੱਤ ਦਰਜ ਕਰ ਚੁੱਕੀ ਹੈ ਅਤੇ ਹੁਣ ਇਸ ਜਿੱਤ ਦਾ ਫਾਇਦਾ ਸੱਤਾ ਧਿਰ ਵੱਲੋਂ ਆਗਾਮੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਉਠਾਉਣ ਦੇ ਯਤਨ ਕੀਤੇ ਜਾਣਗੇ। ਪਾਰਟੀ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਜਲੰਧਰ ਨਿਗਮ ਦੀਆਂ ਚੋਣਾਂ ਆਉਣ ਵਾਲੇ 2-3 ਮਹੀਨਿਆਂ ’ਚ ਕਰਵਾ ਲਈਆਂ ਜਾਣ। ਇਸ ਲਈ ਚੰਡੀਗੜ੍ਹ ’ਚ ਡੀਲਿਮਿਟੇਸ਼ਨ ਬੋਰਡ ਦੀ ਇਕ ਮੀਟਿੰਗ ਰੱਖੀ ਗਈ ਸੀ, ਜਿਸ ਵਿਚ ਜਲੰਧਰ ਨਿਗਮ ਦੇ 85 ਵਾਰਡਾਂ ਦੀ ਨਵੀਂ ਵਾਰਡਬੰਦੀ ਦਾ ਖਰੜਾ ਪੇਸ਼ ਕੀਤਾ ਜਾਣਾ ਸੀ। ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ, ਬਾਵਾ ਹੈਨਰੀ ਅਤੇ ਸੁਖਵਿੰਦਰ ਸਿੰਘ ਕੋਟਲੀ ਤਾਂ ਮੌਜੂਦ ਰਹੇ ਪਰ ਹੈਰਾਨੀਜਨਕ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਤਿੰਨੋਂ ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ ਅਤੇ ਬਲਕਾਰ ਸਿੰਘ ਇਸ ਮੀਟਿੰਗ ’ਚ ਸ਼ਾਮਲ ਹੀ ਨਹੀਂ ਹੋਏ। ਇਸ ਮਹੱਤਵਪੂਰਨ ਮੀਟਿੰਗ ਵਿਚ ਤਿੰਨਾਂ ਵਿਧਾਇਕਾਂ ਦਾ ਹੀ ਹਾਜ਼ਰ ਨਾ ਹੋਣਾ ਕਈ ਤਰ੍ਹਾਂ ਦੇ ਸਵਾਲ ਛੱਡ ਗਿਆ। ਖਾਸ ਗੱਲ ਇਹ ਹੈ ਕਿ ਜਿਸ ਵਾਰਡਬੰਦੀ ਨੂੰ ਅੱਜ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਵਿਚ ਰੱਖਿਆ ਜਾਣਾ ਸੀ, ਉਸਨੂੰ ਵਿਧਾਇਕ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਸੀ। ਇਸ ਕੰਮ ਵਿਚ ਵਿਧਾਇਕ ਰਮਨ ਦੇ ਪੁੱਤਰ ਰਾਜਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਨੇ ਵੀ ਪੂਰਾ ਸਹਿਯੋਗ ਕੀਤਾ ਸੀ। ਡੀਲਿਮਿਟੇਸ਼ਨ ਬੋਰਡ ਦੀ ਪਿਛਲੀ ਮੀਟਿੰਗ ਦੌਰਾਨ ‘ਆਪ’ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੇ ਕਈ ਸਮਰਥਕ ਵੀ ਮੌਜੂਦ ਸਨ ਪਰ ਬੀਤੇ ਦਿਨੀਂ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ‘ਆਪ’ ਦਾ ਕੋਈ ਪ੍ਰਤੀਨਿਧੀ ਦਿਖਾਈ ਨਹੀਂ ਦਿੱਤਾ।

ਇਹ ਵੀ ਪੜ੍ਹੋ : ਮਾਨ ਸਰਕਾਰ ਦੀਆਂ ਨੀਤੀਆਂ ਨੂੰ ਪਿਆ ਬੂਰ, 12ਵੀਂ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਰਹੀ ਝੰਡੀ

ਸਿਰਫ ਚੇਅਰਮੈਨ ਮੰਗਲ ਸਿੰਘ ਬੱਸੀ ਹੀ ਮੌਜੂਦ ਰਹੇ

ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਜਾਂ ਆਗੂ ਨੇ ਡੀਲਿਮਿਟੇਸ਼ਨ ਬੋਰਡ ਦੀ ਮਹੱਤਵਪੂਰਨ ਮੀਟਿੰਗ ਵਿਚ ਹਿੱਸਾ ਕਿਉਂ ਨਹੀਂ ਲਿਆ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਸੀਨੀਅਰ ‘ਆਪ’ ਆਗੂ ਮੰਗਲ ਸਿੰਘ ਬੱਸੀ, ਜਿਹੜੇ ਪੰਜਾਬ ਐਗਰੋ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਜਲੰਧਰ ਦੇ ਇੰਚਾਰਜ ਵੀ ਹਨ, ਉਹ ਜ਼ਰੂਰ ਮੌਜੂਦ ਰਹੇ। ਮੀਟਿੰਗ ਦੌਰਾਨ ਮੰਗਲ ਸਿੰਘ ਬੱਸੀ ਨੇ ਪੇਸ਼ ਕੀਤੀ ਗਈ ਵਾਰਡਬੰਦੀ ’ਤੇ ਆਪਣੇ ਵਿਚਾਰ ਤਕ ਰੱਖੇ ਅਤੇ ਉਸਨੂੰ ਸਹੀ ਠਹਿਰਾਇਆ।

ਇਹ ਵੀ ਪੜ੍ਹੋ : ਏ. ਡੀ. ਸੀ. ਦੀ ਲੋਕਾਂ ਨੂੰ ਅਪੀਲ, ਆਧਾਰ ਕਾਰਡ 2015 ਤੋਂ ਪਹਿਲਾਂ ਦਾ ਬਣਿਆ ਹੈ ਤਾਂ ਅਪਡੇਟ ਲਾਜ਼ਮੀ ਕਰਵਾਓ

ਕੀ ਤਿਆਰ ਹੋ ਚੁੱਕੀ ਵਾਰਡਬੰਦੀ ਹੀ ਫਾਈਨਲ ਹੋਵੇਗੀ
ਕਈ ਹਫਤੇ ਲਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿਸ ਵਾਰਡਬੰਦੀ ਨੂੰ ਤਿਆਰ ਕੀਤਾ ਸੀ, ਉਸਦਾ ਖਰੜਾ ਬੀਤੇ ਦਿਨੀਂ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਰੱਖਿਆ ਗਿਆ, ਜਿਥੇ ਅਧਿਕਾਰੀਆਂ ਵੱਲੋਂ ਮਾਮੂਲੀ ਜਾਂਚ ਤੋਂ ਬਾਅਦ ਉਸਦਾ ਡਰਾਫਟ ਨੋਟੀਫਿਕੇਸ਼ਨ ਕੀਤਾ ਜਾਵੇਗਾ ਅਤੇ ਉਸ ’ਤੇ ਇਤਰਾਜ਼ ਮੰਗ ਜਾਣਗੇ, ਜਿਸ ਤੋਂ ਬਾਅਦ ਵਾਰਡਬੰਦੀ ਨੂੰ ਫਾਈਨਲ ਟੱਚ ਦੇ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਜਲੰਧਰ ਯੂਨਿਟ ਵਿਚ ਬਦਲੇ ਹਾਲਾਤ ਕਾਰਨ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਹੁਣ ਸੁਸ਼ੀਲ ਰਿੰਕੂ ਨਿਗਮ ਚੋਣਾਂ ਲਈ ਹੋ ਚੁੱਕੀ ਵਾਰਡਬੰਦੀ ਵਿਚ ਦਖਲਅੰਦਾਜ਼ੀ ਕਰਨਗੇ ਅਤੇ ਆਪਣੇ ਸਮਰਥਕਾਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਕਰਨਗੇ ਪਰ ਅੱਜ ਜਿਸ ਤਰ੍ਹਾਂ ਪੁਰਾਣੀ ਵਾਰਡਬੰਦੀ ਨੂੰ ਹੀ ਮੀਟਿੰਗ ’ਚ ਰੱਖਿਆ ਗਿਆ ਅਤੇ ਉਸ ਵਿਚ ਬਦਲਾਅ ਬਾਰੇ ‘ਆਪ’ ਵੱਲੋਂ ਕੋਈ ਯਤਨ ਨਹੀਂ ਕੀਤਾ ਗਿਆ, ਉਸ ਤੋਂ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਕੀ ਜਿਹੜੀ ਵਾਰਡਬੰਦੀ ਤਿਆਰ ਹੋ ਚੱੁਕੀ ਹੈ, ਉਸ ਦੇ ਆਧਾਰ ’ਤੇ ਹੀ ਆਗਾਮੀ ਨਿਗਮ ਚੋਣਾਂ ਹੋਣਗੀਆਂ ਅਤੇ ਕੀ ਉਸ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਅਜਿਹੇ ਵਿਚ ਪਾਰਟੀ ਵਿਚ ਸ਼ਾਮਲ ਹੋਏ ਹੋਰਨਾਂ ਪਾਰਟੀਆਂ ਦੇ ਆਗੂ ਕਿਥੇ ਐਡਜਸਟ ਹੋਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਵਾਰਡਬੰਦੀ ’ਤੇ ਕਈ ਤਰ੍ਹਾਂ ਦੇ ਇਤਰਾਜ਼ ਲਾਏ। ਇਕ ਵਿਧਾਇਕ ਦਾ ਕਹਿਣਾ ਹੈ ਕਿ ਹਾਈਵੇ ਦੇ ਦੋਵਾਂ ਕਿਨਾਰਿਆਂ ’ਤੇ ਵਸੀਆਂ ਆਬਾਦੀਆਂ ਨੂੰ ਇਕ ਹੀ ਵਾਰਡ ਵਿਚ ਰੱਖਿਆ ਗਿਆ ਹੈ, ਕਈ ਕਾਲੋਨੀਆਂ ਨੂੰ 2-2 ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਕਈ ਜਗ੍ਹਾ ਤਾਂ ਅਜਿਹੀਆਂ ਹਨ, ਜਿਥੇ ਐੱਸ. ਸੀ. ਆਬਾਦੀ ਜ਼ਿਆਦਾ ਹੈ ਪਰ ਉਨ੍ਹਾਂ ਨੂੰ ਜਨਰਲ ਵਾਰਡ ਬਣਾਇਆ ਗਿਆ ਹੈ। ਇਨ੍ਹਾਂ ਇਤਰਾਜ਼ਾਂ ਤੋਂ ਬਾਅਦ ਵਾਰਡਬੰਦੀ ਦਾ ਡਰਾਫਟ ਵਿਧਾਇਕਾਂ ਨੂੰ ਦਿਖਾਇਆ ਵੀ ਪਰ ‘ਆਪ’ ਆਗੂ ਮੰਗਲ ਸਿੰਘ ਬੱਸੀ ਨੇ ਉਸਨੂੰ ਸਹੀ ਠਹਿਰਾਇਆ। ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਦੌਰਾਨ ਅੱਜ ਨਿਗਮ ਵੱਲੋਂ ਐਡੀਸ਼ਨਲ ਕਮਿਸ਼ਨਰ ਸ਼ਿਖਾ ਭਗਤ ਅਤੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਮੌਜੂਦ ਰਹੇ।

ਇਹ ਵੀ ਪੜ੍ਹੋ : ਹਨੇਰੀ-ਤੂਫਾਨ ਨੇ ਵਿਗਾੜਿਆ ਪਾਵਰਕਾਮ ਦਾ ਸਿਸਟਮ: ਖ਼ਰਾਬੀ ਦੀਆਂ ਸ਼ਿਕਾਇਤਾਂ 5000 ਤੱਕ ਪੁੱਜੀਆਂ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Anuradha

Content Editor

Related News