ਲਾਕਡਾਊਨ ਦੌਰਾਨ ਕੈਪਟਨ ਨੇ ਵਿਸਾਖੀ ਨੂੰ ਲੈ ਕੇ ਕੀਤੀ ਇਹ ਵੱਡੀ ਅਪੀਲ

Sunday, Apr 12, 2020 - 07:54 PM (IST)

ਲਾਕਡਾਊਨ ਦੌਰਾਨ ਕੈਪਟਨ ਨੇ ਵਿਸਾਖੀ ਨੂੰ ਲੈ ਕੇ ਕੀਤੀ ਇਹ ਵੱਡੀ ਅਪੀਲ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਲੋਕ ਇਸ ਖਤਰਨਾਕ ਵਾਇਰਸ ਨਾਲ ਟਾਕਰਾ ਕਰਨ ਲਈ ਸਰਕਾਰ ਦਾ ਸਹਿਯੋਗ ਕਰਨ। ਇਸ ਵਾਇਰਸ ਨੂੰ ਹਰਾਉਣ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵਿਸਾਖੀ ਵਾਲੇ ਦਿਨ ਆਪਣੇ ਘਰਾਂ 'ਚ ਹੀ ਰਹਿ ਕੇ ਸਵੇਰੇ 11 ਵਜੇ ਅਰਦਾਸ ਕਰਨ ਤੇ ਪ੍ਰਮਾਤਮਾ ਪਾਸੋਂ ਪੰਜਾਬ ਦੀ ਸੁੱਖ ਸ਼ਾਂਤੀ ਮੰਗਣ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ, ''ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਅਤੇ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਾਡੇ ਲੋਕ ਸੁਰੱਖਿਅਤ ਤੇ ਸਦਾ ਖੁਸ਼ ਰਹਿਣ।'' ਉਨ੍ਹਾਂ ਕਿਹਾ ਕਿ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੋਕਾਂ ਨੂੰ ਕੀਤੀ ਗਈ ਹੈ ਕਿ ਉਹ ਇਸ ਸਾਲ ਵਿਸਾਖੀ ਮਨਾਉਣ ਲਈ ਇਕੱਠੇ ਨਾ ਹੋਣ।

ਇਹ ਆਸ ਤੇ ਵਿਸ਼ਵਾਸ ਕਰਦੇ ਹੋਏ ਕਿ ਪੰਜਾਬ ਇਸ ਮਹਾਮਾਰੀ 'ਤੇ ਜਿੱਤ ਪ੍ਰਾਪਤ ਕਰੇਗਾ, ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਖਿਲਾਫ ਆਪਣਾ ਫਰਜ਼ ਨਿਭਾਉਣ ਜਿਸ ਤਰ੍ਹਾਂ ਲੱਖਾਂ ਕਰਮਚਾਰੀ ਉਨ੍ਹਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਲਈ ਅੱਗੇ ਹੋ ਕੇ ਡਟੇ ਹੋਏ ਹਨ। ਉਨ੍ਹਾਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਤੇ ਹੋਰ ਸਿਹਤ, ਸਫਾਈ ਕਰਮਚਾਰੀਆਂ, ਪੁਲਸ, ਮਾਲ ਵਿਭਾਗ, ਧਾਰਮਿਕ ਸੰਸਥਾਵਾਂ, ਐਨ.ਜੀ.ਓਜ਼ ਸਣੇ ਇਸ ਸੰਕਟ ਵਿੱਚ ਸੰਘਰਸ਼ ਕਰ ਰਹੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ ਜਿਹੜੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਫਰੰਟਲਾਈਨ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਐਸ.ਐਸ.ਪੀਜ਼ ਅਤੇ ਡੀ.ਸੀਜ਼ ਦਾ ਵੀ ਧੰਨਵਾਦ ਕੀਤਾ ਜਿਹੜੇ ਸਾਰੀ ਸਥਿਤੀ ਦਾ ਪ੍ਰਬੰਧਨ ਪੂਰੀ ਕਾਰਜਕੁਸ਼ਲਤਾ ਨਾਲ ਕਰ ਰਹੇ ਹਨ ਅਤੇ ਉਨ੍ਹਾਂ 'ਤੇ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਇਸੇ ਤਰ੍ਹਾਂ ਤਨਦੇਹੀ ਤੇ ਲਗਨ ਨਾਲ ਕੰਮ ਕਰਦੇ ਰਹਿਣਗੇ।

ਵਿਸ਼ਵ ਵਿਆਪੀ ਕੋਵਿਡ ਸੰਕਟ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਲਾਕਡਾਊਨ ਤੇ ਕਰਫਿਊ ਕਾਰਨ ਪੰਜਾਬ ਤੇ ਭਾਰਤ ਦੀ ਸਥਿਤੀ ਤੁਲਨਾਤਮਕ ਤੌਰ 'ਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹੋ ਰਹੀ ਪ੍ਰੇਸ਼ਾਨੀ ਤੇ ਨਿਰਾਸ਼ਾ ਦੇ ਬਾਵਜੂਦ ਇਨ੍ਹਾਂ ਸਖਤ ਤੇ ਮੁਸ਼ਕਲ ਉਪਾਵਾਂ ਨੂੰ ਜਾਰੀ ਰੱਖਣਾ ਮਹੱਤਵਪੂਰਨ ਸੀ। ਅਜਿਹੀਆਂ ਸਖਤ ਬੰਦਸ਼ਾਂ ਨੂੰ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ/ਖੋਜ ਪੱਤਰਾਂ/ਮਾਡਲਾਂ/ਮਾਹਿਰਾਂ ਦੀ ਰਾਏ ਵਿੱਚ ਇਹੋ ਕਿਹਾ ਗਿਆ ਹੈ ਕਿ ਜੇ ਲਾਕਡਾਊਨ ਆਉਣ ਵਾਲੇ ਦਿਨਾਂ ਵਿੱਚ ਲਾਗੂ ਨਹੀਂ ਰੱਖਦੇ ਤਾਂ ਸਥਿਤੀ ਕੰਟਰੋਲ ਤੋਂ ਬਾਹਰ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ/ਏਕਾਂਤਵਾਸ ਦੀ ਅਣਹੋਂਦ ਵਿੱਚ ਇਨ੍ਹਾਂ ਮਾਹਿਰਾਂ ਆਦਿ ਦੀ ਰਾਏ ਵਿੱਚ ਜੋ ਅੰਕੜੇ ਪ੍ਰਸਤਾਵਿਤ ਕੀਤੇ ਜਾ ਰਹੇ ਹਨ, ਉਹ ਬਹੁਤ ਡਰਾਉਣੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਲਾਕਡਾਊਨ ਦੇ ਸ਼ੁਰੂ ਵਿੱਚ ਸਪਲਾਈ ਚੇਨ ਨੂੰ ਲੈ ਕੇ ਕੁਝ ਮੁਸ਼ਕਲਾਂ ਆਈਆਂ ਸਨ ਪਰ ਹੁਣ ਹਾਲਾਤ ਲੀਹ 'ਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੀ ਸਰਕਾਰ ਸੂਬੇ ਦੇ ਹਰੇਕ ਵਿਅਕਤੀ ਦੇ ਨਾਲ ਖੜ੍ਹੀ ਹੈ। ਉਨ੍ਹਾਂ ਪਰਵਾਸੀ ਮਜ਼ਦੂਰਾਂ ਅਤੇ ਹੋਰ ਗਰੀਬ/ਲੋੜਵੰਦ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਾਰਿਆਂ ਦਾ ਲਗਾਤਾਰ ਖਿਆਲ ਰੱਖੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਵਿਡ ਸੰਕਟ ਖ਼ਤਮ ਹੋਣ ਤੱਕ ਉਨ੍ਹਾਂ 'ਚੋਂ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਵਾਢੀ ਜੋ ਕਿ 15 ਅਪਰੈਲ ਨੂੰ ਸ਼ੁਰੂ ਹੋਣ ਜਾ ਰਹੀ ਹੈ, ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਆਪਣੀ ਸਰਕਾਰ ਦੇ ਹੁਣ ਦੇ ਅਤੇ ਪਿਛਲੇ ਕਾਰਜਕਾਲ ਦੇ ਟਰੈਕ ਰਿਕਾਰਡ ਦੀ ਤਰਜ਼ 'ਤੇ ਇੱਕ ਹੋਰ ਨਿਰਵਿਘਨ ਖਰੀਦ ਸੀਜ਼ਨ ਦਾ ਵਾਅਦਾ ਕੀਤਾ। ਅੱਗੇ ਜਾਣ ਵਾਲੇ ਰਾਸਤੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ/ਲੌਕਡਾਊਨ 'ਚੋਂ ਬਾਹਰ ਆਉਣ ਦੀ ਰਣਨੀਤੀ ਉਲੀਕਣ ਲਈ ਬਣਾਈ ਗਈ ਟਾਸਕ ਫੋਰਸ ਆਪਣੀ ਰਿਪੋਰਟ 10 ਦਿਨਾਂ ਦੇ ਅੰਦਰ ਪੇਸ਼ ਕਰੇਗੀ ਅਤੇ ਉਚ ਤਾਕਤੀ ਕਮੇਟੀ ਜਿਸ ਦੇ ਮੁਖੀ ਇੱਕ ਉੱਘੇ ਵਿੱਤ ਮਾਹਰ ਹੋਣਗੇ, ਕੋਵਿਡ-19 ਸੰਕਟ ਟਲਣ ਤੋਂ ਬਾਅਦ ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਦੇ ਢੰਗ-ਤਰੀਕਿਆਂ 'ਤੇ ਕੰਮ ਕਰੇਗੀ।


author

Bharat Thapa

Content Editor

Related News