ਦੁਰਗਿਆਣਾ ਪੁਲਸ ਦੀ ਸਖਤੀ, ਸੰਵੇਦਨਸ਼ੀਲ ਥਾਵਾਂ ’ਤੇ ਛਾਪੇਮਾਰੀ
Monday, Jan 20, 2025 - 11:23 AM (IST)
ਅੰਮ੍ਰਿਤਸਰ (ਇੰਦਰਜੀਤ)-ਅਮਨ-ਕਾਨੂੰਨ ਦੇ ਰਸਤੇ ਵਿਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਥਾਣਾ ਡੀ ਡਵੀਜ਼ਨ ਦੀ ਪੁਲਸ ਨੇ ਐਤਵਾਰ ਨੂੰ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇਲਾਕੇ ਦੀਆਂ ਕਈ ਸੰਵੇਦਨਸ਼ੀਲ ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਡੀ ਡਵੀਜ਼ਨ ਦੇ ਇੰਚਾਰਜ ਸੁਖਇੰਦਰ ਸਿੰਘ ਹੇਠ ਅਤੇ ਦੁਰਗਿਆਣਾ ਪੁਲਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਅਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਕੀਤੀ। ਇਸ ਦੌਰਾਨ ਉਨ੍ਹਾਂ ਰੇਲਵੇ ਸਟੇਸ਼ਨ ਦੇ ਗੋਲ ਬਾਗ ਵਾਲੀ ਸਾਈਡ, ਪੁਲ ਪੌੜੀਆਂ, ਹਾਥੀ ਗੇਟ ਤੋਂ ਗੋਲ ਬਾਗ ਨੂੰ ਜਾਂਦੀ ਸੜਕ, ਹਾਲ ਗੇਟ, ਤਿਕੋਣੀ ਪਾਰਕ ਮਾਰਕੀਟ, ਸਰਾਏ ਸੰਤਰਾਮ, ਪਿੰਕ ਪਲਾਜ਼ਾ, ਪੁਰਾਣੀ ਸਬਜ਼ੀ ਮੰਡੀ ਦੇ ਨਾਲ ਲੱਗਦੇ ਇਲਾਕੇ, ਐਲੀਵੇਟਿਡ ਪੁਲ ਦੇ ਹੇਠਾਂ ਛਾਪੇਮਾਰੀ ਕੀਤੀ ਅਤੇ ਉਥੇ ਕੁਝ ਲੋਕਾਂ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਬਣਾਏ ਰੈਣ ਬਸੇਰਿਆਂ ਖਿਲਾਫ ਕਾਰਵਾਈ ਕੀਤੀ ਗਈ। ਦੁਰਗਿਆਣਾ ਪੁਲਸ ਚੌਕੀ ਅਧੀਨ ਆਉਂਦੇ ਖੇਤਰ ਵਿੱਚ ਕਈ ਮਹੱਤਵਪੂਰਨ ਸਥਾਨ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ ਸ਼੍ਰੀ ਦੁਰਗਿਆਣਾ ਤੀਰਥ, ਗੋਲ ਬਾਗ, ਕਿਲਾ ਗੋਬਿੰਦਗੜ੍ਹ ਆਦਿ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਇਸ ਤੋਂ ਇਲਾਵਾ ਹਾਲ ਗੇਟ ਚੌਕ, ਭੰਡਾਰੀ ਪੁਲ ਦੇ ਕੁਝ ਸਥਾਨ ਵੀ ਆਉਂਦੇ ਹਨ, ਜਿੱਥੇ ਟ੍ਰੈਫਿਕ ਦਾ ਗੜ੍ਹ ਹੈ। ਉੱਧਰ, ਦੂਜੇ ਪਾਸੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਲਈ ਜੋ ਪ੍ਰਮੁੱਖ ਐਲੀਵੇਟਿਡ ਰੋਡ ਤੋਂ ਨੈਸ਼ਨਲ ਹਾਈਵੇਅ ’ਤੇ ਆਉਂਦੇ ਹਨ ਅਤੇ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ 200 ਮੀਟਰ ਦਾ ਇਲਾਕਾ ਦੁਰਗਿਆਣਾ ਪੁਲਸ ਚੌਕੀ ਦੇ ਅਧੀਨ ਆਉਂਦਾ ਹੈ। ਇਨ੍ਹਾਂ ਇਲਾਕਿਆਂ ਦੀ ਜ਼ੋਰਦਾਰ ਜਾਂਚ ਕੀਤੀ ਗਈ। ਮੁਸਾਫਰਾਂ ਦੀ ਆਵਾਜਾਈ ਕਾਰਨ ਕਈ ਲੋਕ ਭੀਖ ਮੰਗਣ ਲਈ ਉਥੇ ਖੜ੍ਹੇ ਹੋ ਜਾਂਦੇ ਹਨ ਅਤੇ ਰਾਤ ਨੂੰ ਰੁਕਣ ਲਈ ਕੋਈ ਨਾ ਕੋਈ ਥਾਂ ਲੱਭ ਲੈਂਦੇ ਹਨ, ਇੱਥੇ ਰਾਤ ਸਮੇਂ ਆਵਾਜਾਈ ਪੂਰੀ ਤਰ੍ਹਾਂ ਘੱਟ ਜਾਂਦੀ ਹੈ। ਇਹ ਕਈ ਸੁੰਨਸਾਨ ਥਾਵਾਂ ’ਤੇ ਰਾਤ ਨੂੰ ਛੋਟਾ ਜਿਹਾ ਕੱਪੜਾ ਤਾਣ ਕੇ ਵੀ ਸੌਂ ਜਾਂਦੇ ਹਨ। ਇਸ ਕਾਰਨ ਕਈ ਨਸ਼ੇੜੀ ਲੋਕ ਵੀ ਸਿਰ ਛੁਪਾਉਣ ਦੀ ਜਗ੍ਹਾ ਲੱਭ ਕੇ ਇਨ੍ਹਾਂ ਦੇ ਸੰਪਰਕ ਵਿਚ ਆ ਜਾਂਦੇ ਹਨ ਅਤੇ ਨਸ਼ੇ ਦਾ ਅੱਡਾ ਬਣਾ ਲੈਂਦੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
ਇਸ ਸਬੰਧੀ ਇਲਾਕਾ ਵਾਸੀਆਂ ਨੇ ਡੀ ਡਵੀਜ਼ਨ ਦੀ ਪੁਲਸ ਨੂੰ ਸੂਚਿਤ ਕੀਤਾ ਸੀ। ਇਸ ਸਬੰਧੀ ਅੱਜ ਇਲਾਕਾ ਪੁਲਸ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਇਨ੍ਹਾਂ ਇਲਾਕਿਆਂ ਵਿਚ ਸਖ਼ਤ ਚੈਕਿੰਗ ਕੀਤੀ ਅਤੇ ਵੱਡੀ ਗਿਣਤੀ ਵਿਚ ਨਾਜਾਇਜ਼ ਤੌਰ ’ਤੇ ਡੇਰੇ ਬਣਾ ਕੇ ਬੈਠੇ ਵਿਅਕਤੀਆਂ ਨੂੰ ਖਦੇੜ ਦਿੱਤਾ। ਇਸ ਸਬੰਧੀ ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਸੁਖਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਇਸ ਤਰ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਨਾਜਾਇਜ਼ ਤੌਰ ’ਤੇ ਆਪਣੀ ਰਿਹਾਇਸ਼ ਬਣਾ ਲੈਂਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕਰ ਕੇ ਲਿਆਂਦਾ ਜਾਵੇਗਾ, ਭਾਵੇਂ ਉਹ ਕਿਸੇ ਵੀ ਇਲਾਕੇ ਵਿਚ ਕਿਉਂ ਨਾ ਹੋਣ।
ਬਸਤੀ ਹਿੰਦੁਸਤਾਨੀ ਵਿਚ ਚਲਾਇਆ ਕਾਸੋ ਆਪ੍ਰੇਸ਼ਨ
ਅੱਜ ਥਾਣਾ ਡੀ ਡਵੀਜ਼ਨ ਅਧੀਨ ਪੈਂਦੇ ਲੋਹਗੜ੍ਹ ਚੌਕ ਨੇੜੇ ਸਥਿਤ ਸੰਘਣੀ ਅਬਾਦੀ ਵਾਲੀ ਬਸਤੀ ਹਿੰਦੁਸਤਾਨੀ ਵਿਖੇ ਦੁਰਗਿਆਣਾ ਪੁਲਸ ਚੌਕੀ ਦੇ ਇੰਚਾਰਜ ਅਰੁਣ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਨੇ ਕਾਸੋ ਆਪ੍ਰੇਸ਼ਨ ਦੌਰਾਨ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦੌਰਾਨ ਪੁਲਸ ਟੀਮ ਨੇ ਛਾਪੇਮਾਰੀ ਕਰ ਕੇ ਕਈ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਈ ਘਰਾਂ ਦੀ ਤਲਾਸ਼ੀ ਵੀ ਲਈ ਗਈ। ਚੌਕੀ ਇੰਚਾਰਜ ਅਰੁਣ ਸ਼ਰਮਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਕਾਸੋ ਆਪ੍ਰੇਸ਼ਨ ਵਿਚ ਪੁਲਸ ਨੂੰ ਕੋਈ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਪੁਲਸ ਟੀਮ ਨੂੰ ਦੇਖ ਕੇ ਪੂਰਾ ਸਹਿਯੋਗ ਦਿੱਤਾ।
ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਐੱਸ. ਆਈ. ਅਰੁਣ ਸ਼ਰਮਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਸ਼ੱਕੀ ਵਿਅਕਤੀ ਜਾਂ ਕੋਈ ਅਪਰਾਧਿਕ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਾਸੋ ਆਪ੍ਰੇਸ਼ਨ ਸਿਰਫ਼ ਤਲਾਸ਼ੀ ਲਈ ਹੀ ਨਹੀਂ ਸੀ ਸਗੋਂ ਲੋਕਾਂ ਦੀ ਰਾਏ ਵੀ ਲਈ ਗਈ ਜੋ ਇਸ ਇਲਾਕੇ ਦੇ ਪੁਰਾਣੇ ਵਸਨੀਕ ਅਤੇ ਤਜ਼ਰਬੇਕਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8