100 ਕਰੋੜ ਦੇ ਜਾਅਲੀ ਬਿਲ ਜਾਰੀ ਕਰ ਕੀਤਾ ਵੱਡਾ ਘਪਲਾ, 3 ਗ੍ਰਿਫ਼ਤਾਰ

09/25/2019 8:12:57 PM

ਮੰਡੀ ਗੋਬਿੰਦਗੜ੍ਹ, (ਮੱਗੋ)— ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਲੱਗਭਗ 100 ਕਰੋਡ਼ ਰੁਪਏ ਦੇ ਜਾਅਲੀ ਬਿੱਲ ਜਾਰੀ ਕਰ ਕੇ ਤੇ ਜਾਅਲੀ ਟੈਕਸ ਇਨਪੁਟ ਕਰੈਡਿਟ ਪਾਸ ਕਰ ਕੇ ਸਰਕਾਰੀ ਖਜ਼ਾਨੇ ਨੂੰ 19.83 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲੀਆਂ ਮੰਡੀ ਗੋਬਿੰਦਗੜ੍ਹ ਦੀਆਂ 3 ਫਰਮਾਂ ਦਾ ਪਰਦਾਫਾਸ਼ ਕਰ ਕੇ ਉਨ੍ਹਾਂ ਦੇ 3 ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਫਰਮਾਂ ਵੱਲੋਂ ਵੱਖ-ਵੱਖ ਬੈਂਕਾਂ ’ਚੋਂ 96.24 ਕਰੋੜ ਰੁਪਏ ਵੀ ਕਢਵਾਏ ਗਏ ਸਨ। ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਫਾਰਚੂਨ ਅਲਾਏਜ਼ ਐਂਡ ਮੈਟਲਜ਼ ਦੇ ਮਾਲਕ ਮਨੀਸ਼ਪਾਲ, ਤਰੁਨ ਸਟੀਲ ਇੰਡਸਟਰੀਜ਼ ਦੇ ਮਾਲਕ ਰਜਿੰਦਰ ਬੱਸੀ ਤੇ ਬਰੌਡਵੇਅਜ਼ ਸੇਲਜ਼ ਕਾਰਪੋਰੇਸ਼ਨ ਦੇ ਮਾਲਕ ਤਰੁਨ ਬੱਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਵਿਭਾਗ ਵੱਲੋਂ ਇਸ ਸਬੰਧੀ ਫਰਮਾਂ ਦੇ ਦਫ਼ਤਰਾਂ ਤੇ ਮਾਲਕਾਂ ਦੇ ਘਰਾਂ ’ਚੋਂ ਅਕਾਊਂਟ ਬੁੱਕਸ, ਲੈਪਟਾਪ ਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕਰ ਕੇ ਜਾਅਲੀ ਬਿੱਲਾਂ ਦਾ ਲਾਹਾ ਲੈਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ।

ਇਸ ਘਪਲੇ ਦਾ ਪਰਦਾਫਾਸ਼ ਐਡੀਸ਼ਨਲ ਕਮਿਸ਼ਨਰ ਆਫ਼ ਸਟੇਟ ਟੈਕਸ ਰਵਨੀਤ ਖੁਰਾਨਾ, ਏ. ਆਈ. ਜੀ. ਜੀ. ਐੱਸ. ਧਨੋਆ ਤੇ ਡੀ. ਸੀ. ਐੱਸ. ਟੀ. ਲੁਧਿਆਣਾ ਡਵੀਜ਼ਨ ਪਵਨ ਗਰਗ ਦੀ ਅਗਵਾਈ ’ਚ ਵੱਖ-ਵੱਖ ਅਧਿਕਾਰੀਆਂ ਦੀ ਟੀਮ ਜਿਸ ’ਚ ਏ. ਸੀ. ਐੱਸ. ਟੀ. ਫ਼ਤਿਹਗੜ੍ਹ ਸਾਹਿਬ ਮਗਨੇਸ਼ ਸੇਠੀ, ਏ. ਸੀ. ਐੱਸ. ਟੀ. ਲੁਧਿਆਣਾ ਵੀ. ਪੀ. ਸਿੰਘ, ਏ. ਸੀ. ਐੱਸ. ਟੀ. ਮੋਬਾਇਲ ਵਿੰਗ ਲੁਧਿਆਣਾ ਇੰਦਰਜੀਤ ਸਿੰਘ ਨਾਗਪਾਲ, ਐੱਸ. ਟੀ. ਓ. ਅਮਨਪ੍ਰੀਤ ਸਿੰਘ, ਐੱਸ. ਟੀ. ਓ. ਅਰਵਿੰਦ ਸ਼ਰਮਾ, ਐੱਸ. ਟੀ. ਓ. ਅਮਨ ਗੁਪਤਾ, ਐੱਸ. ਟੀ. ਓ. ਅਮਨਦੀਪ ਸਿੰਘ, ਐੱਸ. ਟੀ. ਓ. ਸੌਰਭ ਸਿੰਗਲਾ, ਐੱਸ. ਟੀ. ਓ. ਜੁਪਿੰਦਰ ਕੌਰ, ਐੱਸ. ਟੀ. ਓ. ਜਸਮੀਤ ਸਿੰਘ, ਐੱਸ. ਟੀ. ਓ. ਨਰੇਸ਼ ਖੋਖਰ, ਐੱਸ. ਟੀ. ਓ. ਅਨੁਪਮ ਮੋਰ ਅਤੇ ਐੱਸ. ਟੀ. ਓ. ਸੋਨੀਆ ਗੁਪਤਾ ਆਦਿ ਸ਼ਾਮਲ ਸਨ, ਵੱਲੋਂ ਕੀਤਾ ਗਿਆ।

ਇਸ ਸਬੰਧੀ ਸਥਾਨਕ ਸੇਲਜ਼ ਟੈਕਸ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਡਵੀਜ਼ਨ ਦੇ ਪਵਨ ਗਰਗ ਤੇ ਏ. ਸੀ. ਐੱਸ. ਟੀ. ਫ਼ਤਿਹਗੜ੍ਹ ਸਾਹਿਬ ਮਗਨੇਸ਼ ਸੇਠੀ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਤੋਂ ਟੈਕਸ ਦੇ ਨਾਲ-ਨਾਲ ਜੁਰਨਾਮਾ ਵੀ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਦੋਸ਼ੀਆਂ ਕੋਲੋਂ ਕੰਪਿਊਟਰ, ਲੈਪਟਾਪ ਤੇ ਪੈਨ ਡ੍ਰਾਈਵ ਆਦਿ ’ਚ ਸਟੋਰ ਕੀਤਾ ਗਿਆ ਡਾਟਾ ਕਬਜ਼ੇ ਵਿਚ ਲੈ ਲਿਆ ਗਿਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਇਨ੍ਹਾਂ ਵਿਅਕਤੀਆਂ ਕੋਲੋਂ ਜਿਨ੍ਹਾਂ ਫਰਮਾਂ ਨੇ ਬੋਗਸ ਬਿਲਿੰਗ ਰਾਹੀਂ ਲਾਭ ਹਾਸਿਲ ਕੀਤਾ ਹੈ, ਉਨ੍ਹਾਂ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ ਤੇ ਉਨ੍ਹਾਂ ਵਲੋਂ ਸਰਕਾਰ ਨੂੰ ਚੂਨਾ ਲਾ ਕੇ ਹਾਸਿਲ ਕੀਤਾ ਗਿਆ ਲਾਭ ਵੀ ਵਸੂਲ ਕੀਤਾ ਜਾਵੇਗਾ।


Arun chopra

Content Editor

Related News