ਨਾਮਧਾਰੀ ਭਾਈਚਾਰੇ ਦੇ ਮੁਖੀ ਦੇ ਕਤਲ ਦੀ ਸਾਜਿਸ਼ ਰੱਚਣ ਵਾਲੇ ਹਰਭੇਜ ਨੂੰ ਮਿਲੀ ਜ਼ਮਾਨਤ

07/25/2017 7:11:18 PM

ਜਲੰਧਰ— ਡੁਗਰੀ ਕਾਰ ਬਲਾਸਟ ਕਾਂਡ 'ਚ 25 ਜਨਵਰੀ 2016 ਨੂੰ ਗ੍ਰਿਫਤਾਰ ਸਿਰਸਾ ਦੇ ਹਰਭੇਜ ਸਿੰਘ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਦੋਸ਼ ਹੈ ਕਿ ਹਰਭੇਜ ਸਿੰਘ ਨੇ ਨਾਮਧਾਰੀ ਭਾਈਚਾਰੇ ਦੇ ਮੁਖੀ ਉਦੈ ਸਿੰਘ ਅਤੇ ਜਗਤਾਰ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚੀ ਸੀ ਪਰ ਉਸ ਤੋਂ ਪਹਿਲਾਂ ਕਾਰ 'ਚ ਬਲਾਸਟ ਹੋ ਗਿਆ ਸੀ। ਹਰਭੇਜ ਨੂੰ ਠਾਕੁਰ ਦਿਲੀਪ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ। ਠਾਕੁਰ ਦਿਲੀਪ ਸਿੰਘ 'ਤੇ ਉਂਗਲੀ ਉੱਠੀ ਸੀ ਅਤੇ ਸੀ. ਬੀ. ਆਈ. ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਹਾਈਕੋਰਟ ਦਾ ਆਦੇਸ਼ ਹੈ ਕਿ ਹਰਭੇਜ ਸਿੰਘ ਹਫਤੇ 'ਚ ਦੋ ਦਿਨ ਥਾਣਾ ਮਕਸੂਦਾਂ 'ਚ ਹਾਜਿਰੀ ਭਰੇਗਾ ਅਤੇ ਟ੍ਰਾਇਲ ਕੋਰਟ 'ਚ ਪਾਸਪੋਰਟ ਜਮ੍ਹਾ ਕਰਵਾ ਦੇਵੇਗਾ।
ਕੀ ਹੈ ਮਾਮਲਾ
ਅਪ੍ਰੈਲ 2016 'ਚ ਭੈਣੀ ਸਾਹਿਬ 'ਚ ਮਾਤਾ ਚੰਦ ਕੌਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਰਕਾਰ ਨੇ ਸੀ. ਬੀ. ਆਈ. ਨੂੰ 11 ਸਤੰਬਰ 2016 ਨੂੰ ਨਾਮਧਾਰੀ ਭਾਈਚਾਰੇ ਦੇ ਮੁਖੀ ਸਤਗੁਰੂ ਜਗਜੀਤ ਸਿੰਘ ਦੇ ਕਰੀਬੀ ਅਵਤਾਰ ਸਿੰਘ ਤਾਰੀ ਦੇ ਕਤਲ, ਕਾਰ ਬਲਾਸਟ ਕਾਂਡ ਅਤੇ ਮਾਤਾ ਚੰਦ ਕੌਰ ਕਤਲ ਦੀ ਜਾਂਚ ਸੌਂਪ ਦਿੱਤੀ ਸੀ। ਕਰਤਾਰਪੁਰ ਦੇ ਪਿੰਡ ਡੁਗਰੀ 'ਚ 4 ਦਸੰਬਰ 2015 ਦੀ ਰਾਤ ਕਾਰ 'ਚ ਹੋਏ ਧਮਾਕੇ 'ਚ ਮੋਤੀ ਨਗਰ ਦੇ ਰਹਿਣ ਵਾਲੇ ਅਜੇ ਸ਼ਰਮਾ ਦੀ ਮੌਤ ਹੋ ਗਈ ਸੀ। ਅਜੇ ਦਾ ਦੋਸਤ ਡਰਾਈਵਰ ਗਦਈਪੁਰ ਦਾ ਜਗਮੋਹਨ ਸਿੰਘ ਜ਼ਖਮੀ ਹੋਇਆ ਸੀ। ਅਜੇ ਦੀ ਪਤਨੀ ਪਿੰਕੀ ਸ਼ਰਮਾ ਦੀ ਸ਼ਿਕਾਇਤ 'ਤੇ ਜਗਮੋਹਨ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਦਿਹਾਤੀ ਪੁਲਸ ਦੀ ਦੋ ਹਫਤਿਆਂ ਦੀ ਜਾਂਚ 'ਚ ਖੁਲਾਸਾ ਹੋਇਆ ਸੀ ਕਿ ਅਜੇ ਮਨੁੱਖੀ ਬੰਬ ਸੀ ਅਤੇ ਉਸ ਦੇ ਜ਼ਰੀਏ ਜਲੰਧਰ 'ਚ ਇਕ ਸਮਾਗਮ 'ਚ ਰਹੇ ਨਾਮਧਾਰੀ ਭਾਈਚਾਰੇ ਦੇ ਮੁਖੀ ਉਦੈ ਸਿੰਘ ਅਤੇ ਜਗਤਾਰ ਸਿੰਘ ਦੇ ਮਰਡਰ ਦੀ ਸਾਜਿਸ਼ ਸੀ। ਪੁਲਸ ਨੇ ਭੁਲੱਥ ਦੇ ਕਿਸਾਨ ਹਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।
ਹਰਦੀਪ ਸਿੰਘ ਨੇ ਮੰਨਿਆ ਸੀ ਕਿ ਉਹ ਠਾਕੁਰ ਦਿਲੀਪ ਸਿੰਘ ਨੂੰ ਧਰਮ ਗੁਰੂ ਮੰਨਦੇ ਸਨ ਪਰ ਉਨ੍ਹਾਂ ਦੇ ਛੋਟੇ ਭਰਾ ਉਦੈ ਸਿੰਘ ਦੀ ਗੱਦੀ 'ਤੇ ਬਿਠਾਇਆ ਗਿਆ ਸੀ। ਇਸ ਨਾਲ ਉਹ ਨਾਰਾਜ਼ ਸੀ ਇਸ ਲਈ ਸਾਜਿਸ਼ ਦਾ ਹਿੱਸਾ ਬਣਿਆ ਸੀ। ਹਰਦੀਪ ਨੇ ਮੰਨਿਆ ਸੀ ਕਿ ਸਾਜਿਸ਼ ਨੂੰ ਅੰਜਾਮ ਦੇਣ ਲਈ ਤਿੰਨ ਟਿਫਿਨ ਬੰਬ ਹਰਭੇਜ ਸਿੰਘ ਅਤੇ ਰਤਨ ਸਿੰਘ ਦੇ ਕੇ ਗਏ ਸਨ। ਪੁਲਸ ਨੇ 25 ਜਨਵਰੀ 2016 ਨੂੰ ਦਿੱਲੀ ਏਅਰਪੋਰਟ ਤੋਂ ਹਰਭੇਜ ਸਿੰਘ ਨੂੰ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਮਲੇਸ਼ੀਆ ਜਾ ਰਿਹਾ ਸੀ। ਹਰਭੇਜ ਦੇ ਨਾਲ ਕੈਨੇਡਾ ਜਾ ਰਹੇ ਦਿੱਲੀ ਦੇ ਰਣਜੀਤ ਸਿੰਘ ਨੂੰ ਗ੍ਰਿ੍ਰਫਤਾਰ ਕੀਤਾ ਸੀ। ਰਣਜੀਤ ਨੂੰ ਪੁਲਸ ਨੇ ਕਲੀਨਚਿੱਟ ਦਿੰਦੇ ਹੋਏ ਡਿਸਚਾਰਜ ਕਰਵਾ ਦਿੱਤਾ ਸੀ। ਹੁਣ ਤੱਕ ਫੜੇ ਗਏ ਦੋਸ਼ੀ ਜ਼ਮਾਨਤ 'ਤੇ ਹਨ। ਭੈਣੀ ਸਾਹਿਬ ਦੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੀ. ਬੀ. ਆਈ. ਰਤਨ ਸਿੰਘ ਦੀ ਭਾਲ 'ਚ ਹੈ। ਰਤਨ ਸਿੰਘ ਦੇ ਫੜੇ ਜਾਣ ਤੋਂ ਬਾਅਦ ਕੇਸ 'ਚ ਨਵਾਂ ਮੋੜ ਆ ਸਕਦਾ ਹੈ।


Related News