ਖੁਸ਼ਹਾਲੀ ਦੇ ਰਾਖਿਆਂ ਦੇ ਯਤਨਾਂ ਸਦਕਾ ਪੰਜਾਬ ਉਠੇਗਾ ਹੀ ਨਹੀਂ ਸਗੋ ਫਿਰ ਦੌੜੇਗਾ : ਟੀ.ਐਸ. ਸ਼ੇਰਗਿੱਲ

04/13/2018 7:45:17 PM

ਜਲਾਲਾਬਾਦ (ਸੇਤੀਆ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਇਥੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖੁਸ਼ਹਾਲੀ ਦੇ ਰਾਖਿਆਂ ਨਾਲ ਸਾਂਝੀ ਮੀਟਿੰਗ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਆਪਸੀ ਯਤਨਾਂ ਨਾਲ ਪੰਜਾਬ ਹੁਣ ਸਿਰਫ ਉਠੇਗਾ ਹੀ ਨਹੀਂ ਸਗੋਂ ਵਿਕਾਸ ਦੀਆਂ ਨਵੀਆਂ ਲੀਹਾਂ 'ਤੇ ਦੌੜੇਗਾ। ਉਨ੍ਹਾਂ ਕਿਹਾ ਕਿ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਮਿਸ਼ਨ ਪੂਰੇ ਵਿਸ਼ਵ ਵਿੱਚ ਆਪਣੀ ਕਿਸਮ ਦਾ ਪਹਿਲਾ ਤੇ ਨਿਵੇਕਲਾ ਉਪਰਾਲਾ ਹੈ। ਇਹ ਸਾਂਝਾ ਉਪਰਾਲਾ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਿੱਚ ਸਹਾਈ ਹੋਵੇਗਾ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜਨਰਲ ਸ੍ਰੀ ਸ਼ੇਰਗਿੱਲ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕਿ ਜੀ.ਓ.ਜੀ. ਵੱਲੋਂ ਪ੍ਰਾਪਤ ਹੁੰਦੀਆਂ ਰਿਪੋਰਟਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਂਦਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੁਸ਼ਹਾਲੀ ਦੇ ਰਾਖਿਆਂ ਨਾਲ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਭਵਿੱਖ ਵਿੱਚ ਹੋਰ ਵਿਸ਼ੇਸ਼ ਉਪਰਾਲੇ ਆਰੰਭ ਕੀਤੇ ਜਾਣਗੇ।
ਲੈਫਟੀਨੈਂਟ ਜਨਰਲ ਸ੍ਰੀ ਸ਼ੇਰਗਿਲ ਨੇ ਖੁਸ਼ਹਾਲੀ ਦੇ ਰਾਖਿਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਇਜ਼ਤ ਬਖਸ਼ੀ ਗਈ ਹੈ ਉਸ 'ਤੇ ਖਰੇ ਉਤਰਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਰਕਾਰ ਦੇ ਅੱਖ ਤੇ ਕੰਨ ਦਾ ਕੰਮ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਆਪਸੀ ਭਾਈਚਾਰਕ ਸਾਂਝ ਨਾਲ ਕੰਮ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਦਾ ਕੰਮ ਸਰਕਾਰੀ ਸਕੀਮਾਂ ਨੂੰ ਆਮ ਲੋਕਾਂ ਤੱਕ ਸਹੀ ਪਹੁੰਚਾਉਣ ਲਈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਰੱਖਦਿਆਂ ਕੀਤਾ ਗਿਆ ਹੈ। ਇਸ ਲਈ ਉਹ ਆਪਣੀਆਂ ਰਿਪੋਰਟਾਂ ਸਹੀ ਅਤੇ ਸੱਚੀਆਂ ਹੀ ਭੇਜਣ। ਉਹ ਆਮ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਤਾਂ ਜੋ ਪੰਜਾਬ ਨੂੰ ਦੋਬਾਰਾ ਫਿਰ ਤਰੱਕੀ ਦੇ ਰਾਹਾਂ 'ਤੇ ਲਿਜਾਇਆ ਜਾ ਸਕੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਭਾਰਤੀ ਫੌਜ ਨਾਲ ਮਿਲ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਫੌਜ਼ ਵਿੱਚ ਭਰਤੀ ਕਰਨ ਹਿੱਤ ਸ਼ੁਰੂ ਕੀਤੇ ਗਏ ''ਮਿਸ਼ਨ ਸਾਂਝੇਦਾਰੀ'' ਤਹਿਤ ਕੀਤੇ ਗਏ ਕਾਰਜਾਂ ਸਬੰਧੀ ਵੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਲੈਫਟੀਨੈਂਟ ਜਨਰਲ ਸ੍ਰੀ ਸ਼ੇਰਗਿੱਲ ਤੇ ਡਿਪਟੀ ਕਮਿਸ਼ਨਰ ਵੱਲੋਂ ''ਮਿਸ਼ਨ ਸਾਂਝੇਦਾਰੀ'' ਦਾ ਲੋਗੋ ਵੀ ਲਾਂਚ ਕੀਤਾ ਗਿਆ।
ਇਸ ਦੌਰਾਨ ਵਾਈਸ ਚੇਅਰਮੈਨ (ਜੀ.ਓ.ਜੀ.) ਮੇਜਰ ਜਨਰਲ ਐਸ.ਪੀ.ਐਸ. ਗਰੇਵਾਲ ਵੱਲੋਂ ਵੀ ਖੁਸ਼ਹਾਲੀ ਦੇ ਰਾਖੇ ਮਿਸ਼ਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਮੁਖੀ ਖੁਸ਼ਹਾਲੀ ਦੇ ਰਾਖੇ ਕਰਨਲ ਬਲਦੇਵ ਸਿੰਘ ਸੰਧੂ ਵੱਲੋਂ ਮੁੱਖ ਮਹਿਮਾਨ ਵੱਜੋਂ ਪਹੁੰਚੇ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੂੰ ਜੀ ਆਇਆ ਕਹਿੰਦਿਆਂ ਮਿਸ਼ਨ ਤਹਿਤ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਰਣਬੀਰ ਸਿੰਘ ਮੁਧਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਬਲਬੀਰ ਰਾਜ ਸਿੰਘ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਗਦੀਪ ਸਹਿਗਲ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਜੀ.ਓ.ਜੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।


Related News