ਬੱਸ ਦੀ ਲਪੇਟ ''ਚ ਆਉਣ ਨਾਲ ਸਕੂਟਰੀ ਸਵਾਰ ਦੀ ਮੌਤ, ਨੂੰਹ ਤੇ ਪੋਤਰਾ ਜ਼ਖਮੀ
Saturday, Mar 31, 2018 - 03:06 AM (IST)

ਦੀਨਾਨਗਰ, (ਕਪੂਰ)- ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਸਕੂਟਰੀ ਨੂੰ ਅਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਵਿਜੇ ਕੁਮਾਰੀ 55 ਪਤਨੀ ਹੁਸ਼ਿਆਰ ਸਿੰਘ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਨੂੰਹ ਨੀਰਜ ਅਤੇ ਪੋਤਰੇ ਜੁਗਮ ਮਿਨਹਾਸ ਦੇ ਜ਼ਖਮੀ ਹੋਣ 'ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾ ਦੇ ਪਤੀ ਹੁਸ਼ਿਆਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਵਿਜੇ ਕੁਮਾਰੀ, ਨੂੰਹ ਨੀਰਜ ਬਾਲਾ ਅਤੇ 5 ਸਾਲਾ ਪੋਤਰੇ ਜੁਗਮ ਨਾਲ ਨੀਰਜ ਬਾਲਾ ਦੇ ਪੇਕਿਆਂ ਤੋਂ ਵਾਪਸ ਸਕੂਟਰੀ 'ਤੇ ਕੋਠੇ ਦੀਨਾਨਾਥ ਨੇੜੇ ਪਨਿਆੜ ਫਾਟਕ ਕੋਲ ਆ ਰਹੀ ਸੀ ਤਾਂ ਜਦੋਂ ਉਹ ਨੈਸ਼ਨਲ ਹਾਈਵੇ 'ਤੇ ਅਪਣੇ ਪਿੰਡ ਤੋਂ ਇਕ ਕਿਲੋਮੀਟਰ ਦੂਰ ਪਹੁੰਚੀ ਤਾਂ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਇਕ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਸਕੂਟਰੀ ਨੂੰ ਅਪਣੀ ਲਪੇਟ 'ਚ ਲੈ ਲਿਆ ਅਤੇ ਵਿਜੇ ਕੁਮਾਰੀ ਸਕੂਟਰੀ ਤੋਂ ਡਿੱਗ ਗਈ। ਬੱਸ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ, ਜਦਕਿ ਉਸ ਦੀ ਨੂੰਹ ਅਤੇ ਪੋਤਰਾ ਦੂਜੇ ਪਾਸੇ ਡਿੱਗ ਗਏ, ਜਿਸ ਨਾਲ ਉਹ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਗਿਆ। ਦੀਨਾਨਗਰ ਥਾਣਾ ਪ੍ਰਭਾਰੀ ਕੁਲਵਿੰਦਰ ਸਿੰਘ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੁਰਘਟਨਾ ਤੋਂ ਬਾਅਦ ਬੱਸ ਚਾਲਕ ਬੱਸ ਭਜਾ ਕੇ ਲੈ ਗਿਆ।
ਇਨੋਵਾ ਤੇ ਮੋਟਰਸਾਈਕਲ ਦੀ ਟੱਕਰ, ਇਕ ਦੀ ਮੌਤ
ਦੋਰਾਂਗਲਾ, (ਨੰਦਾ)-ਕਸਬਾ ਦੋਰਾਂਗਲਾ ਤੋਂ ਪਿੰਡ ਦੋਸਤਪੁਰ ਜਾਂਦੇ ਮੇਨ ਮਾਰਗ 'ਤੇ ਪਿੰਡ ਨੰਗਲ ਡਾਲਾ ਨੇੜੇ ਇਕ ਇਨੋਵਾ ਤੇ ਮੋਟਰਸਾਈਕਲ 'ਚ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਹੈ।
ਥਾਣਾ ਮੁਖੀ ਸਬ-ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਕਸ਼ਮੀਰ ਸਿੰਘ ਪੁੱਤਰ ਸ਼ਿਵ ਸਿੰਘ ਨਿਵਾਸੀ ਪਿੰਡ ਡੁੱਗਰੀ ਦੋਰਾਂਗਲਾ ਤੋਂ ਆਪਣੇ ਪਿੰਡ ਡੁੱਗਰੀ ਜਾ ਰਿਹਾ ਸੀ ਤਾਂ ਦੂਜੇ ਪਾਸੇ ਤੋਂ ਡੁੱਗਰੀ ਵਾਲੀ ਸਾਈਡ ਤੋਂ ਆ ਰਹੀ ਇਨੋਵਾ ਦੀ ਅਚਾਨਕ ਮੋਟਰਸਾਈਕਲ ਨਾਲ ਟੱਕਰ ਹੋ ਗਈ ਅਤੇ ਗੱਡੀ ਸੜਕ ਦੀ ਸਾਈਡ 'ਤੇ ਬਣੀ ਪੁਲੀ ਨਾਲ ਟਕਰਾ ਕੇ ਨੁਕਸਾਨੀ ਗਈ। ਗੱਡੀ ਦਾ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਿਆ। ਮੋਟਰਸਾਈਕਲ ਚਾਲਕ ਕਸ਼ਮੀਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।