18 ਦਿਨਾਂ ਤੋਂ ਸੀਵਰੇਜ ਜਾਮ ਕਾਰਨ ਲੋਕਾਂ ਨੂੰ ਆਖਿਰ ਮਿਲੀ ਨਿਜਾਤ

07/11/2017 6:58:26 AM

ਕਪੂਰਥਲਾ, (ਗੁਰਵਿੰਦਰ ਕੌਰ)- ਕਪੂਰਥਲਾ ਸ਼ਹਿਰ ਦੇ ਵਾਰਡ ਨੰਬਰ 18 ਮੁਹੱਲਾ ਸੰਤਪੁਰਾ ਗਲੀ ਨੰ. 2 'ਚ ਪਿਛਲੇ 18 ਦਿਨਾਂ ਤੋਂ ਸੀਵਰੇਜ ਜਾਮ ਕਾਰਨ ਇਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ। ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋਣ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਰਿਹਾ ਹੈ। 
ਇਸ ਸਬੰਧੀ ਮੁਹੱਲਾ ਨਿਵਾਸੀ ਸੁਮਿਤ ਕੁਮਾਰ ਰਿੰਕੂ, ਜਸਵੰਤ ਸਿੰਘ, ਸੁਖਦੇਵ ਸਿੰਘ, ਉਮਾ ਸ਼ੰਕਰ, ਸੁਰਿੰਦਰ ਕੁਮਾਰ, ਆਸ਼ਾ ਰਾਣੀ, ਰਾਜ ਕੁਮਾਰ, ਦਲਬੀਰ ਕੌਰ, ਨੀਲਮ, ਸੁਖਵਿੰਦਰਪਾਲ ਸ਼ਰਮਾ, ਹਰਕੀਰਤ ਸਿੰਘ ਤੇ ਰਾਜਨ ਕੁਮਾਰ ਆਦਿ ਨੇ ਦਸਿਆ ਕਿ ਉਹ ਇਸ ਸਬੰਧੀ ਵਾਰਡ ਦੇ ਕੌਂਸਲਰ ਹਰਨੇਕ ਸਿੰਘ ਹਰੀ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਜਾਣੂ ਕਰਵਾ ਚੁਕੇ ਹਨ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। 
ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਰਣਦੀਪ ਸਿੰਘ ਵੜੈਚ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੀ. ਏ. ਮਨਜੀਤ ਸਿੰਘ ਨਿੱਝਰ ਨੇ ਮੌਕੇ 'ਤੇ ਪਹੁੰਚ ਕੇ ਸੀਵਰੇਜ ਜਾਮ ਨੂੰ ਖੁਦ ਆਪਣੀ ਨਿਗਰਾਨੀ 'ਚ ਖੁਲ੍ਹਵਾਇਆ। ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸੀਵਰੇਜ ਜਾਮ ਖੋਲ੍ਹਣ ਲਈ ਜੈੱਟ ਮਸ਼ੀਨ ਲਗਾਉਣੀ ਪਈ ਤੇ ਭਾਰੀ ਮੁਸ਼ੱਕਤ ਤੋਂ ਬਾਅਦ ਸੀਵਰੇਜ ਜਾਮ ਖੁਲ੍ਹਾ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਮੌਕੇ ਈ. ਓ. ਰਣਦੀਪ ਸਿੰਘ ਵੜੈਚ ਨੇ ਕਿਹਾ ਕਿ ਨਗਰ ਕੌਂਸਲ ਕਪੂਰਥਲਾ ਸ਼ਹਿਰ ਨਿਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਨਗਰ ਕੌਂਸਲ ਕਪੂਰਥਲਾ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਉਹ ਪਲਾਸਟਿਕ ਦੇ ਲਿਫਾਫੇ ਨਾਲੀਆਂ 'ਚ ਨਾ ਸੁੱਟਣ, ਕਿਉਂਕਿ ਇਹ ਪਲਾਸਟਿਕ ਦੇ ਲਿਫਾਫੇ ਹੀ ਜਾਮ ਦਾ ਮੁੱਖ ਕਾਰਨ ਹਨ। 


Related News