ਭਾਰੀ ਬਾਰਿਸ਼ ਕਾਰਨ ਫਿਰ ਆਊਟ ਆਫ ਕੰਟਰੋਲ ਹੋਇਆ ਬੁੱਢਾ ਨਾਲਾ, ਨਾਲ ਲਗਦੇ ਇਲਾਕਿਆਂ ’ਚ ਦਾਖਲ ਹੋਇਆ ਪਾਣੀ

Monday, Jul 10, 2023 - 03:15 PM (IST)

ਭਾਰੀ ਬਾਰਿਸ਼ ਕਾਰਨ ਫਿਰ ਆਊਟ ਆਫ ਕੰਟਰੋਲ ਹੋਇਆ ਬੁੱਢਾ ਨਾਲਾ, ਨਾਲ ਲਗਦੇ ਇਲਾਕਿਆਂ ’ਚ ਦਾਖਲ ਹੋਇਆ ਪਾਣੀ

ਲੁਧਿਆਣਾ (ਹਿਤੇਸ਼) : ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਬੁੱਢਾ ਨਾਲਾ ਐਤਵਾਰ ਨੂੰ ਇਕ ਵਾਰ ਫਿਰ ਆਊਟ ਆਫ ਕੰਟਰੋਲ ਹੋ ਗਿਆ, ਜਿਸ ਦੇ ਅਧੀਨ ਕੁੰਨਦਪੁਰੀ, ਚੰਦਰ ਨਗਰ ਅਤੇ ਤਾਜਪੁਰ ਰੋਡ ਤੋਂ ਬਾਅਦ ਹੁਣ ਨਿਊ ਮਾਧੋਪੁਰੀ, ਸ਼ਿਵਪੁਰੀ ਨੇੜੇ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲ ਲਗਦੇ ਇਲਾਕੇ ’ਚ ਦਾਖਲ ਹੋ ਗਿਆ। ਇਨ੍ਹਾਂ ਪੁਆਇੰਟਾਂ ਨੂੰ ਕਾਫੀ ਦੇਰ ਤੋਂ ਸੈਂਸਟਿਵ ਮੰਨਿਆ ਜਾ ਰਿਹਾ ਸੀ ਪਰ ਨਗਰ ਨਿਗਮ ਵਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਦੀ ਵਜ੍ਹਾ ਨਾਲ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਪੁੱਜ ਗਿਆ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਭੋਲਾ ਗਰੇਵਾਲ ਤੋਂ ਇਲਾਵਾ ਡੀ. ਸੀ. ਸੁਰਭੀ ਮਲਿਕ ਅਤੇ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਨਗਰ ਨਿਗਮ ਅਫਸਰਾਂ ਦੀ ਟੀਮ ਨਾਲ ਸਾਈਟ ਵਿਜ਼ਿਟ ਕੀਤੀ ਗਈ ਅਤੇ ਬੁੱਢੇ ਨਾਲੇ ਦੇ ਕਿਨਾਰੇ ਪਾਣੀ ਓਵਰਫਲੋ ਹੋਣ ਤੋਂ ਰੋਕਣ ਲਈ ਬੰਨ੍ਹ ਬਣਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਉੱਧਰ, ਨਗਰ ਨਿਗਮ ਅਧਿਕਾਰੀਆਂ ਵਲੋਂ ਭਾਰੀ ਬਾਰਿਸ਼ ਤੋਂ ਬਾਅਦ ਬਾਹਰੀ ਏਰੀਆ ’ਚ ਖੇਤਾਂ ਦਾ ਪਾਣੀ ਛੱਡਣ ਦੀ ਵਜ੍ਹਾ ਨਾਲ ਬੁੱਢੇ ਨਾਲੇ ਦਾ ਪੱਧਰ ਵਧਣ ਦੀ ਦਲੀਲ ਦਿੱਤੀ ਜਾ ਰਹੀ ਹੈ, ਜਿਸ ਪਾਣੀ ਦੇ ਨਾਲ ਆਈ ਭਾਰੀ ਮਾਤਰਾ ’ਚ ਬੂਟੀ ਦੀ ਵਜ੍ਹਾ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆਈ ਹੈ।

ਇਹ ਵੀ ਪੜ੍ਹੋ : ਹਰ ਸਾਲ ਮੀਂਹ ਦੇ ਦਿਨਾਂ ’ਚ ਹੀ ਕਿਉਂ ਨਵੀਆਂ ਸੜਕਾਂ ਬਣਵਾਉਂਦਾ ਹੈ ਜਲੰਧਰ ਨਿਗਮ

ਫੈਂਸਿੰਗ ਦੀ ਵਜ੍ਹਾ ਨਾਲ ਸਫਾਈ ਕਰਨ ’ਚ ਆ ਰਹੀ ਸਮੱਸਿਆ, ਵਿਧਾਇਕ ਨੇ ਲਾਇਆ ਫੰਡ ਦੀ ਬਰਬਾਦੀ ਦਾ ਦੋਸ਼
ਨਗਰ ਨਿਗਮ ਅਧਿਕਾਰੀਆਂ ਵਲੋਂ ਲੰਮੇ ਸਮੇਂ ਤੋਂ ਬੁੱਢੇ ਨਾਲੇ ਦੀ ਸਫਾਈ ਕਰਨ ਨੂੰ ਲੈ ਕੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਸ ਦੀ ਅਸਲੀਅਤ ਇਹ ਹੈ ਕਿ ਸਫਾਈ ਦਾ ਕੰਮ ਸਿਰਫ ਪੁਲੀਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਕਿਉਂਕਿ ਬੁੱਢੇ ਨਾਲੇ ਦੇ ਜ਼ਿਆਦਾ ਹਿੱਸਿਆਂ ’ਚ ਕੂੜਾ ਡਿੱਗਣ ਤੋਂ ਰੋਕਣ ਲਈ ਕਿਨਾਰੇ ’ਤੇ ਫੈਂਸਿੰਗ ਲਗਾਈ ਗਈ ਹੈ, ਜਿਸ ਵਿਚ ਸਫਾਈ ਕਰਨ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ। ਇਹ ਮੁੱਦਾ ਵਿਧਾਇਕ ਅਸ਼ੋਕ ਪਰਾਸ਼ਰ ਵਲੋਂ ਨਿਊ ਮਾਧੋਪੁਰੀ ’ਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਸਾਈਟ ਵਿਜ਼ਿਟ ਦੌਰਾਨ ਚੁੱਕਿਆ ਗਿਆ। ਜਦ ਲੋਕਾਂ ਨੇ ਬੁੱਢੇ ਨਾਲੇ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਬੁੱਢੇ ਨਾਲੇ ਦੀ ਡੂੰਘਾਈ ਵਧਾਉਣ ਦੀ ਮੰਗ ਕੀਤੀ ਤਾਂ ਵਿਧਾਇਕ ਨੇ ਸਾਫ ਕਰ ਦਿਤਾ ਕਿ ਫੈਂਸਿੰਗ ਲਗਾਉਣ ਦੌਰਾਨ ਜਗ੍ਹਾ ਨਾ ਛੱਡਣ ਦੀ ਵਜ੍ਹਾ ਨਾਲ ਸਫਾਈ ਕਰਨ ’ਚ ਰੁਕਾਵਟ ਪੈਦਾ ਹੋ ਰਹੀ ਹੈ। ਵਿਧਾਇਕ ਨੇ ਇਸ ਪ੍ਰਾਜੈਕਟ ਦੀ ਆੜ ’ਚ ਸਮਾਰਟ ਸਿਟੀ ਮਿਸ਼ਨ ਦੇ ਫੰਡ ਦੀ ਬਰਬਾਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਿਸ ਕੰਮ ’ਤੇ 14 ਕਰੋੜ ਖਰਚ ਕਰਨ ਦੀ ਗੱਲ ਕਹੀ ਜਾ ਰਹੀ ਹੈ, ਉਹ ਕੰਮ 3 ਕਰੋੜ ਵਿਚ ਹੋ ਸਕਦਾ ਸੀ, ਹੁਣ 11 ਕਰੋੜ ਦੀ ਕਿਸ ਦੀ ਜੇਬ ’ਚ ਗਿਆ? ਇਸ ਦੀ ਜਾਂਚ ਹੋਣ ਦੀ ਲੋੜ ਹੈ।

ਪੈਂਡਿੰਗ ਹੋਈ ਵਿਧਾਨ ਸਭਾ ਕਮੇਟੀ ਦੀ ਮੀਟਿੰਗ
ਬਾਰਿਸ਼ ਦੀ ਵਜ੍ਹਾ ਨਾਲ ਜਿੱਥੇ ਕਈ ਜ਼ਿਲਿਆਂ ’ਚ ਸਕੂਲਾਂ ’ਚ ਛੁੱਟੀਆਂ ਅਤੇ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉੱਥੇ ਵਿਧਾਨ ਸਭਾ ਕਮੇਟੀ ਦੀ ਸੋਮਵਾਰ ਨੂੰ ਲੁਧਿਆਣਾ ’ਚ ਰੱਖੀ ਗਈ ਮੀਟਿੰਗ ’ਚ ਪੈਂਡਿੰਗ ਹੋ ਗਈ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਮਹਾਨਗਰ ’ਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਇਲਾਵਾ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ ਦੀ ਰਿਪੋਰਟ ਮੰਗੀ ਗਈ ਹੈ, ਜਿਸ ਨੂੰ ਲੈ ਕੇ ਨਗਰ ਨਿਗਮ ਦੇ ਅਫਸਰ ਕਈ ਦਿਨਾਂ ਤੋਂ ਤਿਆਰੀਆਂ ’ਚ ਲੱਗੇ ਹੋਏ ਸਨ ਪਰ ਹੁਣ ਬਾਰਿਸ਼ ਦੀ ਵਜ੍ਹਾ ਨਾਲ ਮੀਟਿੰਗ ਰੱਦ ਹੋਣ ਕਾਰਨ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਫਿਲਹਾਲ ਨਵੇਂ ਸਿਰੇ ਤੋਂ ਮੀਟਿੰਗ ਦਾ ਕੋਈ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਹੈ।

ਭਾਰੀ ਬਾਰਿਸ਼ ਅਤੇ ਭਾਖੜਾ ਤੋਂ 1 ਲੱਖ ਕਿਊਸਕ ਪਾਣੀ ਛੱਡਣ ਕਾਰਨ ਅਲਰਟ ਜਾਰੀ ਕੀਤਾ ਗਿਆ ਹੈ ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਤਲੁਜ ਦਰਿਆ ’ਚ ਅਜੇ ਵੀ ਕਾਫੀ ਪਾਣੀ ਦੀ ਕੈਪਸਿਟੀ ਹੈ। ਇਸ ਤੋਂ ਇਲਾਵਾ ਬੁੱਢੇ ਨਾਲੇ ਦੇ ਕਈ ਥਾਵਾਂ ਤੋਂ ਓਵਰਫਲੋ ਹੋਣ ਦੀ ਸਮੱਸਿਆ ਦੇ ਮੱਦੇਨਜ਼ਰ ਸੰਵੇਦਨਸ਼ੀਲ ਪੁਆਇੰਟਾਂ ’ਤੇ 24 ਘੰਟੇ ਮਾਨੀਟਰਿੰਗ ਕੀਤੀ ਜਾ ਰਹੀ ਹੈ ਅਤੇ ਹਾਲਾਤ ਆਮ ਕਰਨ ਲਈ ਲਗਭਗ 500 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ।       
-ਕਮਿਸ਼ਨਰ ਸ਼ੇਨਾ ਅਗਰਵਾਲ। 

ਇਹ ਵੀ ਪੜ੍ਹੋ : ਮੀਂਹ ਦਾ ਕਹਿਰ, ਪੰਜਾਬ ਵਿਚ ਕਈ ਟ੍ਰੇਨਾਂ ਰੱਦ, ਕਈਆਂ ਦੇ ਰੂਟ ਬਦਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News