ਧੜੇਬੰਦੀ ਕਾਰਨ ਸਵੱਛ ਭਾਰਤ ਮੁਹਿੰਮ ਤਹਿਤ ਬਣ ਰਹੇ ਪਖਾਨੇ ਚੜ੍ਹੇ ਭ੍ਰਿਸ਼ਟਾਚਾਰ ਦੀ ਭੇਟ

07/18/2017 1:29:23 AM

ਮਲੋਟ,  (ਜੁਨੇਜਾ) -  ਭਾਰਤ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਤਹਿਤ ਪਿੰਡਾਂ ਵਿਚ ਬਣਾਏ ਜਾ ਰਹੇ ਪਖਾਨੇ ਸਿਆਸੀ ਧੜੇਬੰਦੀ ਤੇ ਕਥਿਤ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਹੇ ਹਨ। ਲਾਭਪਾਤਰੀਆਂ ਨੂੰ ਲਾਹਾ ਦੇਣ 'ਚ ਕਥਿਤ ਅੜਿੱਕੇ ਢਾਹੇ ਜਾ ਰਹੇ ਹਨ। ਪਖਾਨੇ ਬਣਾਉਣ ਲਈ ਲਾਭਪਾਤਰੀਆਂ ਕੋਲੋਂ ਖਾਲੀ ਚੈੱਕ ਤੇ ਏ. ਟੀ. ਐੱਮ. ਕਾਰਡਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਲਾਭਪਾਤਰੀਆਂ ਦੇ ਖਾਤੇ ਵਿਚ ਆਈ ਰਾਸ਼ੀ ਨੂੰ ਹੜੱਪਿਆ ਜਾ ਸਕੇ। ਇਨ੍ਹਾਂ ਕਥਿਤ ਦੋਸ਼ਾਂ ਤਹਿਤ ਲੰਬੀ ਹਲਕੇ ਦੇ ਪਿੰਡ ਬੋਦੀਵਾਲਾ ਖੜਕ ਸਿੰਘ ਦੇ ਦੋ ਦਰਜਨ ਲੋਕਾਂ ਨੇ ਪਬਲਿਕ ਹੈਲਥ ਐਕਸੀਅਨ ਦੇ ਦਫ਼ਤਰ ਦੇ ਬਾਹਰ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਵਿਚ ਗੁਰਚਰਨ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਧਰਮਪਾਲ, ਪੱਭੀ ਰਾਮ ਮੈਂਬਰ ਪੰਚਾਇਤ, ਕੁਲਦੀਪ ਸਿੰਘ ਮੈਂਬਰ, ਗੁਰਸੇਵਕ ਸਿੰਘ ਮੈਂਬਰ, ਬਲਜੀਤ ਕੌਰ ਮੈਂਬਰ, ਸੁਖਚੈਨ ਰਾਮ, ਬੂਟਾ ਸਿੰਘ, ਮੰਗਾ ਸਿੰਘ, ਹਰਦੇਵ ਸਿੰਘ, ਗੁਰਮੀਤ ਰਾਮ, ਸੰਦੀਪ ਰਾਮ ਤੇ ਗਿਆਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿਚ ਬਣਾਏ ਜਾ ਰਹੇ ਪਖਾਨਿਆਂ ਨੂੰ ਲੈ ਕੇ ਕੀਤੇ ਜਾ ਰਹੇ ਪੱਖਪਾਤ ਤੇ ਭ੍ਰਿਸ਼ਟਾਚਾਰ ਦੀ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਦੇ ਪਿੰਡ ਵਿਚ ਬਣਾਏ ਜਾ ਰਹੇ ਪਖਾਨਿਆਂ ਲਈ ਲਾਭਪਾਤਰੀਆਂ ਕੋਲੋਂ ਖਾਲੀ ਚੈੱਕ ਜਾਂ ਬੈਂਕ ਏ. ਟੀ. ਐੱਮ. ਕਾਰਡਾਂ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹਾ ਨਾ ਕਰਨ ਵਾਲਿਆਂ ਦੇ ਪਖਾਨੇ ਦਾ ਕੰਮ ਅੱਧ ਵਿਚਾਲੇ ਛੱਡਿਆ ਜਾ ਰਿਹਾ ਹੈ। ਜਦੋਂ ਪਿੰਡ ਵਾਸੀ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਝੂਠੇ ਮਾਮਲੇ ਦਰਜ ਕਰਵਾ ਦਿੱਤੇ ਜਾਂਦੇ ਹਨ।
ਧਰਨਾਕਾਰੀਆਂ ਨੇ ਦੱਸਿਆ ਕਿ ਪਿੰਡ ਬੋਦੀਵਾਲਾ ਦੇ ਤਰਸੇਮ ਰਾਮ ਪੁੱਤਰ ਪ੍ਰਭਾ ਰਾਮ, ਗੁਰਚਰਨ ਸਿੰਘ ਪੁੱਤਰ ਗੁਰਦੀਪ ਸਿੰਘ ਤੇ ਤਰਸੇਮ ਰਾਮ ਪੁੱਤਰ ਮਿੱਠੂ ਰਾਮ ਵਿਰੁੱਧ ਵਿਭਾਗ ਦੇ ਜੇ. ਈ. ਨੇ ਦੁਰਵਿਵਹਾਰ ਕਰਨ ਦੇ ਦੋਸ਼ ਲਾ ਕੇ ਥਾਣਾ ਕਬਰਵਾਲਾ ਵਿਖੇ ਝੂਠੇ ਪਰਚੇ ਦਰਜ ਕਰਵਾ ਦਿੱਤੇ। ਧਰਨਾਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਐੱਸ. ਡੀ. ਓ. ਪਬਲਿਕ ਹੈਲਥ ਤਰਸੇਮ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ।
ਕੀ ਕਹਿਣਾ ਹੈ ਐੱਸ. ਡੀ. ਓ. ਦਾ
ਐੱਸ. ਡੀ. ਓ. ਤਰਸੇਮ ਕੁਮਾਰ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਮਾਮਲੇ ਦੀ ਪੜਤਾਲ ਕਰਾਉਣਗੇ। ਜੇਕਰ ਲਾਏ ਗਏ ਦੋਸ਼ ਸਹੀ ਪਾਏ ਗਏ ਤਾਂ ਕਾਰਵਾÂ
ਕੀਤੀ ਜਾਵੇਗੀ।
ਝੂਠੇ ਮਾਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਜੇ. ਈ. ਬਲਜੀਤ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨਾਲ ਪੜਤਾਲ ਦੌਰਾਨ ਦੁਰਵਿਵਹਾਰ ਕੀਤਾ ਗਿਆ ਹੈ। ਉਧਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ. ਈ. ਅਕਾਲੀ ਸਰਪੰਚ ਨਾਲ ਕੀਤੇ ਘਪਲਿਆਂ ਦੀ ਜਾਂਚ ਕਰਾਉਣ ਵਾਲੇ ਲੋਕਾਂ ਵਿਰੁੱਧ ਦਬਾਅ ਬਣਾਉਣਾ ਚਾਹੁੰਦਾ ਹੈ।


Related News