ਕੰਢੀ ਨਹਿਰ ’ਚ ਪਾਣੀ ਸੁੱਕਣ ਨਾਲ ਕਿਸਾਨਾਂ ਦੇ ਸਾਹ ਸੂਤੇ
Thursday, Mar 04, 2021 - 08:43 PM (IST)
ਗੜ੍ਹਸ਼ੰਕਰ, (ਸ਼ੋਰੀ)- ਕੰਢੀ ਨਹਿਰ ਅਤੇ ਫੇਜ਼ ਨੰਬਰ-2, ਹੁਸ਼ਿਆਰਪੁਰ ਤੋਂ ਬਲਾਚੌਰ ਤੱਕ ਦੀ ਨਹਿਰ ਦੇ ਹਿੱਸੇ ਵਿਚ ਪਾਣੀ ਸੁੱਕਣ ਕਾਰਣ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਕਿਸਾਨਾਂ ਨੂੰ ਖਦਸ਼ਾ ਹੈ ਕਿ ਇਸ ਨਹਿਰ ਦੇ ਪਾਣੀ ਸੁੱਕ ਜਾਣ ਕਾਰਣ ਉਨ੍ਹਾਂ ਦੀਆਂ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਪਿੰਡ ਹਾਜੀਪੁਰ ਤੋਂ ਗੋਪਾਲ ਸਿੰਘ ਰਾਣਾ, ਨੰਬਰਦਾਰ ਭਜਨ ਸਿੰਘ, ਨੰਬਰਦਾਰ ਪ੍ਰਕਾਸ਼ ਚੰਦ, ਸੁਰਜੀਤ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ ਨੇ ਜਾਰੀ ਇਕ ਪੱਤਰ ਰਾਹੀਂ ਨਿਗਰਾਨ ਇੰਜੀਨੀਅਰ ਕੰਢੀ ਨਹਿਰ ਤੋਂ ਮੰਗ ਕੀਤੀ ਹੈ ਇਸ ਨਹਿਰ ਦਾ ਪਾਣੀ ਨਿਰਵਿਘਨ ਚਾਲੂ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੰਜਰ ਪਈ ਜ਼ਮੀਨ ਵਿਚ ਖੇਤੀ ਲਈ ਸਿਰਫ ਇਸ ਨਹਿਰ ਦਾ ਪਾਣੀ ਹੀ ਇਕ ਮਾਤਰ ਸਿੰਚਾਈ ਦਾ ਸਾਧਨ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਨਹਿਰ ਵਿਚ ਪਾਣੀ ਬੰਦ ਹੋ ਚੁੱਕਾ ਹੈ। ਜਿਸ ਕਾਰਣ ਉਨ੍ਹਾਂ ਦੀ ਫਸਲ ਸੁੱਕਣੀ ਸ਼ੁਰੂ ਹੋ ਗਈ ਹੈ ਅਤੇ ਜੇਕਰ ਪਾਣੀ ਬੰਦ ਹੋ ਗਿਆ ਤਾਂ ਫਸਲ ’ਤੇ ਕੀਤੀ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ।
ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਨਹਿਰ ਵਿਚ ਅਪ੍ਰੈਲ ਮਹੀਨੇ ਤੱਕ ਪਾਣੀ ਚਾਲੂ ਰੱਖਿਆ ਜਾਵੇ ਤਾਂ ਜੋ ਫਸਲ ਦੀ ਸਿੰਚਾਈ ਹੁੰਦੀ ਰਹੇ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਨਹਿਰ ਅੰਦਰੋਂ ਗਲਤ ਢੰਗ ਨਾਲ ਜੋ ਪੱਖੇ ਲਾ ਕੇ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ, ਉਸ ਨੂੰ ਵੀ ਬੰਦ ਕੀਤਾ ਜਾਵੇ ਅਤੇ ਪਾਣੀ ਨਹਿਰੀ ਵਿਭਾਗ ਦੇ ਮੋਘਿਆਂ ਰਾਹੀਂ ਹੀ ਇਸਤੇਮਾਲ ਹੋਣਾ ਯਕੀਨੀ ਬਣਾਇਆ ਜਾਵੇ।