ਸ਼ਾਹੀ ਸ਼ਹਿਰ ''ਚ ਦਿਨ ਢਲਦੇ ਹੀ ਸੜਕਾਂ ''ਤੇ ਪਸਰ ਜਾਂਦੈ ਹਨੇਰਾ
Thursday, Oct 05, 2017 - 07:54 AM (IST)
ਪਟਿਆਲਾ/ਰੱਖੜਾ (ਰਾਣਾ)- ਜਿਸ ਦਿਨ ਤੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਨਾਂ ਨਾਲ ਸੀ. ਐੱਮ. ਸਿਟੀ ਲੱਗਾ ਹੈ, ਉਸ ਦਿਨ ਤੋਂ ਹੀ ਸ਼ਹਿਰ ਦੇ ਵੱਖ-ਵੱਖ ਚੌਕ ਅਤੇ ਸੜਕਾਂ ਹਨੇਰੇ ਵਿਚ ਤਬਦੀਲ ਹੋ ਗਈਆਂ ਹਨ। ਦਿਨ ਢਲਦੇ ਹੀ ਸੜਕਾਂ 'ਤੇ ਹਨੇਰਾ ਪਸਰ ਜਾਂਦਾ ਹੈ। ਕਿਸੇ ਸੜਕ 'ਤੇ ਕਦੇ ਲਾਈਟ ਜਗਦੀ ਹੈ ਅਤੇ ਕਦੇ ਨਹੀਂ, ਇਸ ਵੱਲ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਇਹ ਸਟਰੀਟ ਲਾਈਟਾਂ ਬੰਦ ਹੋਣ ਦਾ ਸਿਲਸਿਲਾ ਚੱਲ ਰਿਹਾ ਹੈ। ਥਾਪਰ ਯੂਨੀਵਰਸਿਟੀ ਤੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਚੌਕ ਤੱਕ ਅੱਧੀਆਂ ਲਾਈਟਾਂ ਬੰਦ ਪਈਆਂ ਹਨ। ਇਸੇ ਤਰ੍ਹਾਂ ਸਿਵਲ ਲਾਈਨ ਤੋਂ ਲੀਲਾ ਭਵਨ ਚੌਕ, ਪਾਸੀ ਰੋਡ, ਫੈਕਟਰੀ ਏਰੀਏ ਤੋਂ ਲੈ ਕੇ ਬੰਨਾ ਰੋਡ ਤੱਕ ਆਦਿ ਸਮੇਤ ਹੋਰ ਅਨੇਕਾਂ ਥਾਵਾਂ 'ਤੇ ਰਾਤ ਨੂੰ ਹਨੇਰਾ ਪਸਰ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਲਾਈਟਾਂ ਦੀ ਥਾਂ 'ਤੇ ਨਵੀਆਂ ਐੱਲ. ਈ. ਡੀ. ਲਾਈਟਾਂ ਲਾਉਣ ਦੀ ਯੋਜਨਾ ਹੈ ਪਰ ਇਸ ਯੋਜਨਾ 'ਤੇ ਕੋਈ ਨਿਗਰਾਨੀ ਨਾ ਹੋਣ ਕਾਰਨ ਇਸ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।
ਪੋਲਾਂ 'ਚੋਂ ਨਿਕਲੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ
ਜਿਹੜੇ ਪੋਲਾਂ 'ਤੇ ਸ਼ਹਿਰ 'ਚ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ, ਉਹ ਤਾਰਾਂ ਬਕਸਿਆਂ ਅਤੇ ਪੋਲਾਂ 'ਚੋਂ ਬਾਹਰ ਨਿਕਲਣ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਅਤੇ ਨਗਰ ਨਿਗਮ ਦੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ।
