ਬਰਡ ਫਲੂ : ਪੰਚਾਇਤੀ ਟੋਭੇ 'ਚ ਮਰੀਆਂ ਮਿਲੀਆਂ ਦਰਜਨ ਪਰਵਾਸੀ ਬੱਤਖ਼ਾਂ, ਪਿੰਡ ਵਾਸੀਆਂ 'ਚ ਫੈਲੀ ਦਹਿਸ਼ਤ
Thursday, Jan 21, 2021 - 10:46 AM (IST)

ਬਨੂੜ (ਗੁਰਪਾਲ) : ਬਰਡ ਫਲੂ ਦੀ ਦਹਿਸ਼ਤ ਦੇ ਚੱਲਦਿਆਂ ਇੱਥੋਂ ਦੇ ਨੇੜਲੇ ਪਿੰਡ ਨਡਿਆਲੀ ਦੇ ਟੋਭੇ ’ਚ ਦਰਜਨ ਦੇ ਕਰੀਬ ਪਰਵਾਸੀ ਬੱਤਖ਼ਾਂ ਮਰ ਜਾਣ ਕਾਰਣ ਪਿੰਡ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਕਿਸਾਨ ਬਲਵੰਤ ਸਿੰਘ ਨੰਡਿਆਲੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਵਸਨੀਕ ਨਿਰਮਲ ਦੋਧੀ ਤੇ ਹੋਰ ਵਿਅਕਤੀਆਂ ਨਾਲ ਸਵੇਰੇ 10 ਕੁ ਵਜੇ ਪੰਚਾਇਤੀ ਜ਼ਮੀਨ ’ਚ ਬਣੇ ਟੋਭੇ ਦੇ ਨਜ਼ਦੀਕ ਖੜ੍ਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਇਸ ਜ਼ਿਲ੍ਹੇ 'ਚ ਰਿਪੋਰਟ ਆਈ ਪਾਜ਼ੇਟਿਵ
ਉਨ੍ਹਾਂ ਦੱਸਿਆ ਕਿ ਇਸ ਪੰਚਾਇਤੀ ਟੋਭੇ ’ਚ ਹਰ ਸਾਲ ਪਰਵਾਸੀ ਪੰਛੀ ਇਨ੍ਹਾਂ ਦਿਨਾਂ ’ਚ ਆਉਂਦੇ ਹਨ, ਜੋ ਕਿ ਨਹਾਉਂਦੇ ਤੇ ਹੋਰ ਅਠਖ਼ੇਲੀਆਂ ਕਰਦੇ ਬਹੁਤ ਪਿਆਰੇ ਲੱਗਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਇਨ੍ਹਾਂ ਪਰਵਾਸੀ ਪੰਛੀਆਂ ਨੂੰ ਦੇਖ ਰਹੇ ਸਨ ਤਾਂ ਦਰਜਨ ਦੇ ਕਰੀਬ ਪਰਵਾਸੀ ਬੱਤਖ਼ਾਂ ਟੋਭੇ ਦੇ ਕਿਨਾਰੇ ਪਈਆਂ ਤੜਫ਼ ਰਹੀਆਂ ਸਨ। ਇਸ ਘਟਨਾ ਨੂੰ ਦੇਖ ਕੇ ਉਨ੍ਹਾਂ ਪਸ਼ੂ ਪਾਲਣ ਮਹਿਕਮੇ ਦੇ ਡਾਇਰੈਕਟਰ ਨੂੰ ਫੋਨ ਕੀਤਾ।
ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ ਪੁਲਸ ਨੂੰ ਲੋੜੀਂਦੇ ਲਾਰੈਂਸ਼ ਬਿਸ਼ਨੋਈ ਗੈਂਗ ਦੇ 4 ਸਾਥੀ ਅਸਲੇ ਸਣੇ ਗ੍ਰਿਫ਼ਤਾਰ
ਇਸ ਤੋਂ ਬਾਅਦ ਬਨੂੜ ਦੇ ਪਸ਼ੂ ਹਸਪਤਾਲ ’ਚ ਤਾਇਨਾਤ ਵੈਟਰਨਰੀ ਡਾ. ਮਨੀਸ਼ ਕੁਮਾਰ ਤੇ ਹੋਰ ਟੀਮ ਮੌਕੇ ’ਤੇ ਭੇਜੀ ਗਈ। ਟੀਮ ਨੇ ਟੋਭੇ ਦੇ ਕਿਨਾਰੇ ਪਈਆਂ ਦਰਜਨ ਦੇ ਕਰੀਬ ਬੱਤਖ਼ਾਂ ਨੂੰ ਇਕੱਠਾ ਕਰਵਾਇਆ। ਜਦੋਂ ਉਹ ਮਰੀਆਂ ਪਰਵਾਸੀ ਬੱਤਖ਼ਾਂ ਨੂੰ ਇਕੱਠਾ ਕਰ ਰਹੇ ਸਨ ਤਾਂ ਦੇਖਿਆ ਕਿ ਟੋਭੇ ਦੇ ਕਿਨਾਰੇ ਜ਼ਹਿਰੀਲੀ ਦਵਾਈ ਦੀਆਂ ਖਾਲੀ ਪੂੜੀਆਂ ਤੇ ਜ਼ਹਿਰੀਲੀ ਦਵਾਈ ’ਚ ਰਲੇ ਹੋਏ ਚੌਲ ਪਏ ਸਨ।
ਇਹ ਵੀ ਪੜ੍ਹੋ : ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਕੀਤੀ ਜਾਵੇਗੀ ਈ-ਈ. ਪੀ. ਆਈ. ਸੀ. ਦੀ ਸ਼ੁਰੂਆਤ
ਇਸ ਘਟਨਾ ਦੀ ਸੂਚਨਾ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਅਧਿਕਾਰੀਆਂ ਨੇ ਮੌਕੇ ’ਤੇ ਮਰੀਆਂ ਬੱਤਖ਼ਾਂ ਦੇ ਨਮੂਨੇ ਲੈ ਕੇ ਲੈਬਾਰਟਰੀ ’ਚ ਜਾਂਚ ਲਈ ਭੇਜ ਦਿੱਤੇ ਹਨ। ਗੱਲਬਾਤ ਕਰਨ ’ਤੇ ਡਾਕਟਰਾਂ ਨੇ ਦੱਸਿਆ ਕਿ ਲੈਬਾਰਟਰੀ ’ਚੋਂ ਰਿਪੋਰਟ ਆਉਣ ਮਗਰੋਂ ਹੀ ਦੱਸਿਆ ਜਾ ਸਕਦਾ ਹੈ ਕਿ ਇਨ੍ਹਾਂ ਬੱਤਖ਼ਾਂ ਦੀ ਮੌਤ ਬਰਡ ਫਲੂ ਨਾਲ ਹੋਈ ਹੈ ਜਾਂ ਜ਼ਹਿਰੀਲੀ ਦਵਾਈ ਖਾਣ ਨਾਲ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ