ਦੁਬਈ 'ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਾਨ ਦਾ ਹੌਂਸਲਾ, 'ਕਿਹਾ ਆ ਜਾਣਗੇ ਵਾਪਸ'
Tuesday, Sep 10, 2019 - 10:17 AM (IST)
![ਦੁਬਈ 'ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਾਨ ਦਾ ਹੌਂਸਲਾ, 'ਕਿਹਾ ਆ ਜਾਣਗੇ ਵਾਪਸ'](https://static.jagbani.com/multimedia/2019_9image_10_11_207938027t.jpg)
ਸੰਗਰੂਰ/ਹੁਸ਼ਿਆਰਪੁਰ (ਵੈਬ ਡੈਸਕ) : ਦੁਬਈ ਦੇ ਓਜ਼ਮਾਨ ਸ਼ਹਿਰ ਵਿਚ ਫਸੇ ਹੁਸ਼ਿਆਰਪੁਰ ਦੇ 4 ਨੌਜਵਾਨਾਂ ਵੱਲੋਂ ਵੀਡੀਓ ਭੇਜ ਕੇ ਭਗਵੰਤ ਮਾਨ ਨੂੰ ਪੰਜਾਬ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ, ਜਿਸ 'ਤੇ ਭਗਵੰਤ ਮਾਨ ਨੇ ਅੱਜ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ, 'ਦੋਸਤੋ ਮੈਨੂੰ ਅੱਜ ਸਵੇਰੇ ਸਵੇਰੇ ਇਹ ਵੀਡੀਓ ਮਿਲੀ ਹੈ। ਮੈਨੂੰ ਇਨ੍ਹਾਂ ਮੁੰਡਿਆਂ ਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ, ਦੁਬਈ ਦਾ ਐਡਰੈੱਸ ਅਤੇ ਫ਼ੋਨ ਨੰਬਰ ਚਾਹੀਦੇ ਹਨ। ਬਾਕੀ ਕੰਮ ਮੇਰੇ 'ਤੇ ਛੱਡੋ। ਭਗਵੰਤ ਮਾਨ ਨੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਹੌਂਸਲਾ ਰੱਖਣ ਦੀ ਗੱਲ ਕਹਿੰਦੇ ਹੋਏ ਕਿਹਾ ਹੈ ਕਿ ਬਹੁਤ ਜਲਦੀ ਇਹ ਪੰਜਾਬੀ ਭਰਾ ਵਾਪਸ ਆ ਜਾਣਗੇ।
ਦੱਸ ਦੇਈਏ ਕਿ ਦੁਬਾਈ ਦੇ ਓਜ਼ਮਾਨ ਦੇ ਬੱਸ ਸਟੈਂਡ ਨੇੜੇ ਇਕ ਮਾਰਕੀਟ 'ਚ ਕਿਰਾਏ ਦੇ ਛੋਟੇ ਜਿਹੇ ਕਮਰੇ 'ਚ ਰਹਿ ਰਹੇ ਜਸਵਿੰਦਰ ਸਿੰਘ ਨਿਵਾਸੀ ਗਿਲਾ ਟਾਂਡਾ, ਅਮਨਦੀਪ ਸਿੰਘ ਪਿੰਡ ਧੁੱਗਾ, ਸੰਨੀ ਕੁਮਾਰ ਤੇ ਬਲਬੀਰ ਸਿੰਘ ਗੜਦੀਵਾਲਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਆਪਣੀ ਹੱਡਬੀਤੀ ਸੁਣਾਈ ਹੈ। ਨੌਜਵਾਨਾਂ ਮੁਤਾਬਕ ਉਨ੍ਹਾਂ ਨੂੰ ਏਜੰਟ ਨੇ ਦੁਬਈ ਵਿਚ ਚੰਗਾ ਰੁਜ਼ਗਾਰ ਦਿਵਾਉਣ ਦੀ ਗੱਲ ਕਹੀ ਸੀ ਤੇ ਚਾਰਾਂ ਦਾ ਟੂਰਿਸਟ ਵੀਜ਼ਾ ਲਗਵਾ ਕੇ ਕਿਹਾ ਕਿ ਦੁਬਈ ਜਾ ਕੇ ਵਰਕ ਪਰਮਿਟ ਮਿਲ ਜਾਵੇਗਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਕੰਮ ਮਿਲਿਆ ਤੇ ਨਾ ਹੀ ਵਰਕ ਪਰਮਿਟ। ਹੁਣ ਏਜੰਟ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਅਤੇ ਵੀਜ਼ਾ ਖ਼ਤਮ ਹੋਣ 'ਤੇ ਵੀ ਉਨ੍ਹਾਂ ਨੂੰ 4200 ਦਰਾਮ ਦਾ ਜ਼ੁਰਮਾਨਾ ਲੱਗ ਚੁੱਕਾ ਹੈ।