ਚੰਗੇਰੇ ਭਵਿੱਖ ਦੇ ਸੁਫ਼ਨੇ ਲੈ ਕੇ ਦੁਬਈ ਗਏ ਤਿੰਨ ਭੈਣਾਂ ਦੇ ਇਕਲੌਤੇ ਵੀਰ ਦੀ ਮੌਤ

Monday, Aug 30, 2021 - 09:19 PM (IST)

ਧਰਮਕੋਟ (ਦਵਿੰਦਰ ਅਕਾਲੀਆਂਵਾਲਾ) : ਤਹਿਸੀਲ ਦੇ ਪਿੰਡ ਮੇਲਕ ਕੰਗਾਂ ਦਾ ਸੁਖਜਿੰਦਰ ਸਿੰਘ ਸੁੱਖਾ ਜੋ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੁਬਈ ਵਿਖੇ ਡਰਾਈਵਰ ਸੀ, ਮੌਤ ਦੇ ਮੂੰਹ ਵਿਚ ਚਲਾ ਗਿਆ। ਸੁੱਖਾਂ ਸੁੱਖ ਕੇ ਲਿਆ ਸੁੱਖਾ ਮਾਪੇ ਸੋਚਦੇ ਹੋਣਗੇ ਕਿ ਜ਼ਿੰਦਗੀ ਵਿਚ ਉਹ ਉਨ੍ਹਾਂ ਦਾ ਸਹਾਰਾ ਬਣੇਗਾ ਪਰ ਜ਼ਿੰਦਗੀ ਦੇ ਅਧੂਰੇ ਸਫ਼ਰ ਦੇ ’ਚੋਂ ਹੀ ਮਾਪਿਆਂ ਦੀ ਉਂਗਲੀ ਛੁਡਾ ਕੇ ਉਨ੍ਹਾਂ ਰਾਹਾਂ ਦਾ ਪਾਂਧੀ ਜਾ ਬਣਿਆ ਜਿਨ੍ਹਾਂ ਰਾਹਾਂ ’ਤੇ ਗਿਆ ਕੋਈ ਨਹੀਂ ਮੁੜਦਾ। ਮ੍ਰਿਤਕ ਨੌਜਵਾਨ ਦਾ ਪਿਤਾ ਬਖਤੌਰ ਸਿੰਘ ਦੱਸਦਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਚੰਗੇਰੇ ਭਵਿੱਖ ਲਈ ਦੁਬਈ ਭੇਜਿਆ ਸੀ ਪਰ ਇਸ ਗੱਲ ਦਾ ਉਨ੍ਹਾਂ ਨੂੰ ਇਲਮ ਨਹੀਂ ਸੀ ਕਿ ਇਹ ਅਣਹੋਣੀ ਸਾਡੇ ਸੁਫ਼ਨਿਆਂ ਦਾ ਮਹਿਲ ਪਲਾਂ ਵਿਚ ਢਾਹ ਦੇਵੇਗੀ। ਦੁਬਈ ਤੋਂ ਪਰਿਵਾਰ ਨੂੰ ਮਿਲੀ ਸੂਚਨਾ ਮੁਤਾਬਕ ਉਨ੍ਹਾਂ ਦੇ ਪੁੱਤਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਮਾਮੂਲੀ ਵਿਵਾਦ ਤੋਂ ਬਾਅਦ ਜਨਾਨੀ ਨੂੰ ਤੇਜ਼ਾਬ ਪਾ ਸਾੜਿਆ

ਜਾਣਕਾਰੀ ਮੁਤਾਬਕ ਮ੍ਰਿਤਕ ਸੁਖਜਿੰਦਰ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਕਿਰਨਜੀਤ ਕੌਰ ਨਾਲ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਇਕ ਢਾਈ ਕੁ ਸਾਲਾ ਦੀ ਬੇਟੀ ਨੂੰ ਛੱਡ ਗਿਆ ਹੈ, ਜਿਸ ਨੂੰ ਤੋਤਲੀ ਜ਼ੁਬਾਨ ਵਿਚ ਵੀ ਡੈਡੀ ਕਹਿਣਾ ਨਸੀਬ ਨਹੀਂ ਹੋਇਆ। ਮ੍ਰਿਤਕ ਦੀ ਮਾਤਾ ਸਵਰਨਜੀਤ ਕੌਰ ਦੀਆਂ ਧਾਹਾਂ ਅੰਬਰ ਨੂੰ ਛੂਹ ਰਹੀਆਂ ਸਨ ਅਤੇ ਉਹ ਰੱਬ ਨੂੰ ਨਹੋਰੇ ਦੇ ਰਹੀ ਸੀ ਕਿ ਇੰਨਾ ਵੱਡਾ ਜ਼ੁਲਮ ਕਮਾਉਣ ਤੋਂ ਪਹਿਲਾਂ ਕੁਝ ਸੋਚ ਤਾਂ ਲੈਂਦਾ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਸੁਖਜਿੰਦਰ ਸਿੰਘ ਦੀ ਲਾਸ਼ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਲਾਸ਼ ਨੂੰ ਆਸਾਨੀ ਨਾਲ ਪਿੰਡ ਮੇਲਕ ਕੰਗਾਂ ਲਿਆਂਦਾ ਜਾ ਸਕੇ।

ਇਹ ਵੀ ਪੜ੍ਹੋ : ਗਿੱਦੜਬਾਹਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਸਾਹਮਣੇ ਆਈਆਂ ਇਹ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News