ਦੁਬਈ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ

9/22/2020 4:14:58 PM

ਨਵਾਂਸ਼ਹਿਰ (ਤ੍ਰਿਪਾਠੀ) : ਦੁਬਈ ਭੇਜਣ ਦਾ ਝਾਂਸਾ ਦੇ ਕੇ 62 ਹਜ਼ਾਰ ਰੁਪਏ ਦੀ ਠੱਗੀ ਮਾਰਣ ਵਾਲੇ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸੁਰਿੰਦਰ ਕੁਮਾਰ ਪੁੱਤਰ ਦਿਲਬਾਗ ਸਿੰਘ ਵਾਸੀ ਮੁੱਤੋਂ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸਦੇ ਚੱਲਦੇ ਉਸਨੇ ਆਪਣੇ ਇਕ ਜਾਣ-ਪਛਾਣ ਵਾਲੇ ਦੋਸਤ ਦੀ ਮਾਰਫਤ ਟ੍ਰੈਵਲ ਏਜੰਟ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਸੀ। ਉਸਨੇ ਦੱਸਿਆ ਕਿ ਉਪਰੋਕਤ ਏਜੰਟ ਨਾਲ ਦੁਬਈ ਜਾਣ ਦਾ ਸੌਦਾ 82 ਹਜ਼ਾਰ ਰੁਪਏ ਵਿਚ ਤੈਅ ਹੋਇਆ ਸੀ। ਉਸਨੇ ਦੱਸਿਆ ਕਿ ਉਪਰੋਕਤ ਏਜੰਟ ਨੇ ਉਸ ਨੂੰ ਵਟਸਐੱਪ 'ਤੇ ਵੀਜ਼ਾ ਅਤੇ ਟਿਕਟ ਭੇਜ ਕੇ ਤਿਆਰ ਰਹਿਣ ਲਈ ਕਿਹਾ ਸੀ ਪਰ ਫਲਾਈਟ ਤੋਂ 1 ਦਿਨ ਪਹਿਲਾਂ ਹੀ ਉਸਨੇ ਹਵਾਈ ਟਿਕਟ ਨੂੰ ਰੱਦ ਕਰਵਾ ਦਿੱਤਾ। 

ਇਹ ਵੀ ਪੜ੍ਹੋ :  ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਏਜੰਟ ਵੱਲੋਂ ਵਿਦੇਸ਼ ਨਾ ਭੇਜਣ ਉਪਰੰਤ ਦਿਤੀ ਗਈ ਗੱਲਬਾਤ ਵਿਚ ਉਸਨੇ ਕੇਵਲ 20 ਹਜ਼ਾਰ ਰੁਪਏ ਹੀ ਵਾਪਸ ਕੀਤੇ ਹਨ। ਉਸ ਨੇ ਦੱਸਿਆ ਕਿ ਉਪਰੋਕਤ ਏਜੰਟ ਨੇ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕਰ ਰਿਹਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀ ਟ੍ਰੈਵਲ ਏਜੰਟ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਪੱਧਰ ਦੇ ਅਫਸਰ ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਅਧਾਰ 'ਤੇ ਥਾਣਾ ਕਾਠਗੜ੍ਹ ਦੀ ਪੁਲਸ ਨੇ ਟ੍ਰੈਵਲ ਏਜੰਟ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਠਾਣਾ ਜ਼ਿਲ੍ਹਾ ਰੂਪਨਗਰ ਦੇ ਖ਼ਿਲਾਫ਼ ਧਾਰਾ 406,420 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਪਟਿਆਲਾ 'ਚ ਜ਼ਬਰਦਸਤ ਗੈਂਗਵਾਰ, ਪਹਿਲਾਂ ਵੀਡੀਓ ਭੇਜ ਕੇ ਵੰਗਾਰਿਆ, ਫਿਰ ਹੋਇਆ ਭੇੜ


Gurminder Singh

Content Editor Gurminder Singh