ਨਸ਼ਾ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ਾਂ ''ਚ ਸਰਕਾਰ ਨੇ DSP ਦਲਜੀਤ ਢਿੱਲੋਂ ਨੂੰ ਕੀਤਾ ਮੁਅੱਤਲ
Thursday, Jun 28, 2018 - 11:26 PM (IST)

ਕਪੂਰਥਲਾ,(ਗੌਰਵ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਪੂਰਥਲਾ ਵਿਖੇ ਔਰਤਾਂ ਲਈ ਬਣਾਏ ਗਏ ਨਸ਼ਾ ਛੁਡਾਊ ਦੇ 'ਨਵ ਕਿਰਨ' ਕੇਂਦਰ ਵਿਖੇ ਲੁਧਿਆਣਾ ਦੀ ਇਕ ਲੜਕੀ ਵਲੋਂ ਨਸ਼ਾ ਕਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ਾਂ ਦੇ ਚਲਦੇ ਫਿਰੋਜ਼ਪੁਰ 'ਚ ਤਾਇਨਾਤ ਡੀ. ਐੱਸ. ਪੀ. ਸਬ ਡਵੀਜ਼ਨ ਦਲਜੀਤ ਸਿੰਘ ਢਿੱਲੋਂ ਨੂੰ ਤੁਰੰਤ ਅਹੁਦੇ ਤੋਂ ਮੁਅੱਤਲ ਕਰਦੇ ਹੋਏ ਮਾਮਲੇ ਦੀ ਜਾਂਚ ਦਾ ਜਿੰਮਾ ਪੰਜਾਬ ਦੀ ਸੀਨੀਅਰ ਤੇ ਇਮਾਨਦਾਰ ਅਕਸ ਦੀ ਆਈ. ਪੀ. ਐੱਸ. ਅਧਿਕਾਰੀ ਅਨੀਤਾ ਪੂੰਜ ਨੂੰ ਸੌਪਿਆ ਹੈ। ਮੁੱਖ ਮੰਤਰੀ ਨੇ ਨਾਲ ਹੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਅਨੀਤਾ ਪੂੰਜ ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ ਇਕ ਹਫਤੇ ਦੇ ਅੰਦਰ ਪੂਰੀ ਕਰ ਕੇ ਉਨ੍ਹਾਂ ਨੂੰ ਸੌਪਣ ਦਾ ਹੁਕਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਆਪਣੇ ਕਪੂਰਥਲਾ ਦੌਰੇ ਦੌਰਾਨ ਸਥਾਨਕ ਸਿਵਲ ਹਸਪਤਾਲ 'ਚ ਪੰਜਾਬ ਦੇ ਪਹਿਲੇ ਮਹਿਲਾਵਾਂ ਲਈ ਨਸ਼ਾ ਛੁਡਾਉਣ ਵਾਲੇ 'ਨਵ ਕਿਰਨ' ਕੇਂਦਰ ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ, ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਜਦੋਂ ਨਵੇਂ ਬਣੇ ਨਵਕਿਰਨ ਕੇਂਦਰ ਦਾ ਉਦਘਾਟਨ ਕਰਨ ਲਈ ਇਮਾਰਤ ਦੇ ਅੰਦਰ ਗਏ ਤਾਂ ਉਥੇ ਇਲਾਜ ਦੇ ਲਈ ਦਾਖਲ ਲੁਧਿਆਣਾ ਨਿਵਾਸੀ ਰੀਟਾ (ਕਾਲਪਨਿਕ ਨਾਮ) ਨੇ ਸਿਹਤ ਮੰਤਰੀ ਤੇ ਚਾਰੇ ਵਿਧਾਇਕ ਦੇ ਨਾਲ ਮੀਡੀਆ ਦੇ ਸਾਹਮਣੇ ਸ਼ਰੇਆਮ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਦਾ ਨਾਮ ਲੈਂਦੇ ਹੋਏ ਦੱਸਿਆ ਕਿ ਨਸ਼ੇ ਦੀ ਦਲ ਦਲ 'ਚ ਉਸਨੂੰ ਡੀ. ਐੱਸ. ਪੀ. ਢਿੱਲੋਂ ਨੇ ਧਕੇਲਦੇ ਹੋਏ ਹੈਰੋਇਨ ਪੀਣ ਦਾ ਆਦੀ ਬਣਾ ਕੇ ਉਸਦਾ ਜੀਵਨ ਬਰਬਾਦ ਕਰ ਦਿੱਤਾ, ਜਿਸ ਕਾਰਨ ਉਸਦੇ ਘਰ ਵਾਲਿਆਂ ਨੇ ਉਸਨੂੰ ਬੇਦਖਲ ਵੀ ਕਰ ਦਿੱਤਾ। ਉਸ ਦਿਨ ਤੋਂ ਲੈ ਕੇ ਹੀ ਇਹ ਮਾਮਲਾ ਮੀਡੀਆ ਲਈ ਸੁਰਖੀਆਂ 'ਚ ਆਇਆ ਹੋਇਆ ਸੀ। ਅੱਜ ਮੁੱਖ ਮੰਤਰੀ ਨੂੰ ਇਸ ਮਾਮਲੇ ਦਾ ਸਖਤ ਐਕਸ਼ਨ ਲੈਂਦੇ ਹੋਏ ਫਿਰੋਜ਼ਪੁਰ 'ਚ ਤਾਇਨਾਤ ਉਕਤ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਮੁਅੱਤਲ ਕਰ ਦਿੱਤਾ।