'DSGMC ਨੂੰ ਪਾਕਿ ਨੇ ਨਹੀਂ ਦਿੱਤੀ ਨਗਰ ਕੀਰਤਨ ਦੀ ਮਨਜ਼ੂਰੀ'

09/08/2019 5:35:04 PM

ਅੰਮ੍ਰਿਤਸਰ/ਲਾਹੌਰ (ਏਜੰਸੀ)- ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਤੋਂ ਨਨਕਾਨਾ ਸਾਹਿਬ ਤੱਕ ਨਗਰ ਕੀਰਤਨ ਕੱਢਣ ਦੀ ਪਾਕਿਸਤਾਨ ਤੋਂ ਕੋਈ ਮਨਜ਼ੂਰੀ ਨਹੀਂ ਮਿਲੀ ਹੈ। ਇਸ ਦੀ ਮਨਜ਼ੂਰੀ ਸਿਰਫ ਅਕਾਲੀ ਦਲ ਦਿੱਲੀ ਨੂੰ ਹੀ ਪਾਕਿ ਸਰਕਾਰ, ਓਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਗਰ ਕੀਰਤਨ ਕੱਢਣ ਲਈ ਪਾਕਿਸਤਾਨ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦ ਸਿੰਘ ਸਰਨਾ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਵਾਪਿਸ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਸਰਨਾ ਨੇ ਕਿਹਾ ਕਿ ਨਗਰ ਕੀਰਤਨ ਦੇ ਨਾਂ 'ਤੇ ਦਿੱਲੀ ਕਮੇਟੀ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਹੁਣ ਪਾਕਿਸਤਾਨ ਸਰਕਾਰ ਦੇ ਓਕਾਫ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸਕੱਤਰ ਮੁਹੰਮਦ ਤਾਰਿਕ ਨੇ ਉਨ੍ਹਾਂ ਨੂੰ ਇਕ ਦੁਬਾਰਾ 6 ਸਤੰਬਰ 2019 ਨੂੰ ਪੱਤਰ ਦਿੱਤਾ ਹੈ ਜਿਸ ਵਿਚ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ ਬੋਰਡ ਨੂੰ ਹਿਦਾਇਤ ਕੀਤੀ ਹੈ ਕਿ ਅਕਾਲੀ ਦਲ ਦਿੱਲੀ ਵਲੋਂ ਜੋ ਨਗਰ ਕੀਰਤਨ ਭਾਰਤ ਤੋਂ ਨਨਕਾਨਾ ਸਾਹਿਬ ਤੱਕ ਲੈ ਕੇ ਆਇਆ ਜਾ ਰਿਹਾ ਹੈ ਉਸ ਦਾ ਹਰ ਤਰ੍ਹਾਂ ਦੇ ਪੂਰਨ ਪ੍ਰੋਟੋਕਾਲ ਮੁਤਾਬਕ ਸਵਾਗਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਨਗਰ ਕੀਰਤਨ ਦੇ ਪ੍ਰਬੰਧਾਂ ਨੂੰ ਦੇਖਣ ਲਈ ਪਾਕਿਸਤਾਨ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਅਤੇ ਓਕਾਫ ਬੋਰਡ ਦੇ ਅਧਿਕਾਰੀਆਂ ਨੂੰ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਣ ਅਤੇ ਇਸ ਦਾ ਸਵਾਗਤ ਕਰਨ ਲਈ ਸੱਦਾ ਪੱਤਰ ਦੇ ਕੇ ਆਏ ਹਨ।

ਸਰਨਾ ਨੇ ਖੁਲਾਸਾ ਕੀਤਾ ਕਿ ਐਸ.ਜੀ.ਪੀ.ਸੀ. ਨੇ ਨਨਕਾਨਾ ਸਾਹਿਬ ਤੋਂ ਜੋ ਨਗਰ ਕੀਰਤਨ ਕੱਢਣ ਦਾ ਦਾਅਵਾ ਕੀਤਾ ਹੈ ਉਸ ਦੀ ਪਾਕਿਸਤਾਨ ਸਰਕਾਰ ਨੇ ਐਸ.ਜੀ.ਪੀ.ਸੀ. ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਆਖਰੀ ਸਮੇਂ 'ਤੇ ਪਾਕਿਸਤਾਨ ਸਰਕਾਰ ਨੇ ਸਿੰਘ ਸਾਹਿਬ ਦੀ ਅਪੀਲ 'ਤੇ ਐਸ.ਜੀ.ਪੀ.ਸੀ. ਨੂੰ ਨਨਕਾਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਐਸ.ਜੀ.ਪੀ.ਸੀ. ਵਲੋਂ ਆਯੋਜਿਤ ਕੀਤਾ ਨਗਰ ਕੀਰਤਨ, ਨਗਰ ਕੀਰਤਨ ਨਹੀਂ ਹੈ। ਕਿਉਂਕਿ ਨਗਰ ਕੀਰਤਨ ਉਹ ਹੁੰਦਾ ਹੈ ਜਿਥੋਂ ਗੁਰੂ ਸਾਹਿਬ ਦਾ ਸਰੂਪ ਪਾਲਕੀ ਵਿਚ ਸੁਸ਼ੋਭਿਤ ਕਰਕੇ ਲਿਆਂਦਾ ਜਾਵੇ ਉਸ ਪਾਲਕੀ ਨੂੰ ਹੀ ਬਾਰਡਰ ਤੋਂ ਕ੍ਰਾਸ ਕਰਕੇ ਨਗਰ ਕੀਰਤਨ ਦੇ ਰੂਪ ਵਿਚ ਲਿਆਂਦਾ ਜਾਵੇ।

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਸਿੱਖ ਲੜਕੀ ਜਗਜੀਤ ਨੂੰ ਉਨ੍ਹਾਂ ਦੇ ਪਰਿਵਾਰਕ  ਮੈਂਬਰਾਂ ਕੋਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ, ਸਿੱਖ ਸੰਸਦ ਮੈਂਬਰ ਮਹਿੰਦਰਪਾਲ ਸਿੰਘ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ ਇਸ ਦਾ ਪਾਕਿਸਤਾਨ ਸਰਕਾਰ ਨੇ ਭਰੋਸਾ ਵੀ ਦਿੱਤਾ ਹੈ। ਸਰਨਾ ਨੇ ਕਿਹਾ ਕਿ ਉਨ੍ਹਾਂ ਵਲੋਂ 28 ਅਕਤੂਬਰ ਨੂੰ ਦਿੱਲੀ ਤੋਂ ਨਗਰ ਕੀਰਤਨ ਨਨਕਾਨਾ ਸਾਹਿਬ ਲਈ ਲੈ ਕੇ ਜਾਣ ਲਈ ਤਿਰਾਈਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਲਈ ਪਾਕਿਸਤਾਨ ਸਰਕਾਰ ਨੇ ਸਿਰਫ ਐਪਲੀਕੇਸ਼ਨ ਫੀਸ 20 ਡਾਲਰ ਦੀ ਡਿਮਾਂਡ ਕੀਤੀ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਪਾਕਿ ਸਰਕਾਰ ਇਸ ਫੀਸ ਨੂੰ ਹੋਰ ਘੱਟ ਕਰੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਵਿੰਦਰ ਸਿੰਘ ਸਰਨਾ ਆਦਿ ਵੀ ਮੌਜੂਦ ਸਨ।


Sunny Mehra

Content Editor

Related News