ਤੁਰਖਮ ਬਾਰਡਰ ਬੰਦ ਹੋਣ ਨਾਲ ਮਹਿੰਗਾ ਹੋਇਆ ਡਰਾਈਫਰੂਟ, ਪਿਆਜ਼ ਦੀ ਦਰਾਮਦ ਬੰਦ

Monday, Oct 14, 2024 - 12:49 PM (IST)

ਅੰਮ੍ਰਿਤਸਰ (ਨੀਰਜ)-ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਤੁਰਖਮ ਬਾਰਡਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ, ਜਿਸ ਦੌਰਾਨ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਸਥਿਤ ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ’ਤੇ ਅਫਗਾਨਿਸਤਾਨ ਤੋਂ ਦਰਾਮਦੀ ਡਰਾਈਫਰੂਟ, ਫਰੈਸ਼ ਫਰੂਟ ਅਤੇ ਹੋਰ ਵਸਤਾਂ ’ਤੇ ਇਸ ਦਾ ਅਸਰ ਹੋਣ ਲੱਗਾ ਹੈ।ਜਾਣਕਾਰੀ ਅਨੁਸਾਰ ਤੁਰਖਮ ਬਾਰਡਰ ਤੋਂ ਆਈ. ਸੀ. ਪੀ. ਅਟਾਰੀ ਤੱਕ ਟਰੱਕ 8 ਤੋਂ 10 ਦਿਨਾਂ ’ਚ ਆ ਜਾਂਦਾ ਹੈ ਜਦੋਂਕਿ ਬਾਰਡਰ ਬੰਦ ਹੋਣ ਕਾਰਨ ਚਮਨ ਬਾਰਡਰ ਦੇ ਰਸਤੇ 18 ਤੋਂ 22 ਦਿਨਾਂ ਦਾ ਸਮਾਂ ਲੱਗ ਜਾਂਦਾ ਹੈ, ਇਸ ਦੌਰਾਨ ਡਰਾਈਫਰੂਟ ਦੇ ਮੁੱਲ ਵੀ ਵੱਧ ਗਏ ਅਤੇ ਅਫਗਾਨੀ ਪਿਆਜ਼ ਦੀ ਆਉਣਾ ਲਗਭਗ ਬੰਦ ਹੋ ਗਿਆ ਹੈ, ਜਿਸ ਕਾਰਨ ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਸਬਜ਼ੀ ਮੰਡੀਆਂ ’ਚ ਪਿਆਜ਼ ਦੇ ਮੁੱਲ ਵਧਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਅਜੇ ਤੱਕ ਦੇਸ਼ ’ਚ ਲੋਕਲ ਪਿਆਜ਼ ਦੀ ਨਵੀਂ ਫਸਲ ਦੀ ਆਮਦ ਹੋਣ ’ਚ 2 ਹਫਤਿਆਂ ਦਾ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ- ਭਲਕੇ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ

ਪਿਆਜ਼ ਦੀਆਂ ਕੀਮਤਾਂ ’ਤੇ ਨਜ਼ਰ ਪਾਈਏ ਤਾਂ ਰਿਟੇਲ ’ਚ ਇਸ ਸਮੇਂ ਪਿਆਜ਼ ਦੇ ਮੁੱਲ 60 ਤੋਂ 70 ਰੁਪਏ ਕਿਲੋ ਜਾਂ ਇਸ ਤੋਂ ਜ਼ਿਆਦਾ ਵੀ ਹਨ।ਅਫਗਾਨਿਸਤਾਨ ਤੋਂ ਆਉਣ ਵਾਲੇ ਪਿਆਜ਼ ਕਾਰਨ ਰਿਟੇਲ ’ਚ ਮੁੱਲ ਸਥਿਰ ਹੋ ਗਏ ਸਨ ਪਰ ਅਫਗਾਨੀ ਪਿਆਜ਼ ਦੀ ਆਮਦ ਵੀ ਰੁਕ ਗਈ ਹੈ ਕਿਉਂਕਿ ਇੰਨੇ ਲੰਮੇ ਰਸਤੇ ’ਚ ਪਿਆਜ਼ ਖਰਾਬ ਹੋ ਜਾਂਦਾ ਹੈ ਅਤੇ ਵਪਾਰੀਆਂ ਨੂੰ ਨੁਕਸਾਨ ਚੁੱਕਣਾ ਪੈਂਦਾ ਹੈ।

ਲਸਣ ਦੀ ਜਾਂਚ ਕਰਨ ਤੋਂ ਬਾਅਦ ਦਿੱਤੀ ਜਾਂਦੀ ਹੈ ਡਲਿਵਰੀ

ਅਫਗਾਨੀ ਪਿਆਜ਼ ਦੇ ਨਾਲ-ਨਾਲ ਇਨ੍ਹੀਂ ਦਿਨੀਂ ਅਫਗਾਨੀ ਲਸਣ ਦੀ ਵੀ ਆਮਦ ਹੋ ਰਹੀ ਹੈ। ਲਸਣ ਜੋ ਪਿਛਲੇ ਸਾਲਾਂ ਦੌਰਾਨ ਕਾਫੀ ਵਿਵਾਦਾਂ ’ਚ ਰਿਹਾ ਸੀ ਅਤੇ ਸੁਰੱਖਿਆ ਏਜੰਸੀਆਂ ਨੂੰ ਪ੍ਰਮਾਣ ਮਿਲੇ ਸਨ ਕਿ ਉਸ ਸਮੇਂ ਪਾਕਿਸਤਾਨ ਤੋਂ ਆਉਣ ਵਾਲਾ ਲਸਣ ਚਾਈਨਾ ਦਾ ਹੈ, ਇਸ ਨੂੰ ਵੇਖਦੇ ਹੋਏ ਕਸਟਮ ਵਿਭਾਗ ਵੀ ਅਫਗਾਨਿਸਤਾਨ ਤੋਂ ਆਉਣ ਵਾਲੇ ਲਸਣ ਦੀ ਜਾਂਚ ਕਰਨ ਤੋਂ ਬਾਅਦ ਹੀ ਡਲਿਵਰੀ ਕਰ ਰਿਹਾ ਹੈ। ਬਕਾਇਦਾ ਲਸਣ ਦਰਾਮਦ ਕਰਨ ਵਾਲੇ ਵਪਾਰੀ ਤੋਂ ਲਿਖਤੀ ਤੌਰ ’ਤੇ ਗਾਰੰਟੀ ਲਈ ਜਾਂਦੀ ਹੈ।

ਇਹ ਵੀ ਪੜ੍ਹੋ-   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤਲਬ

ਆਈ. ਸੀ. ਪੀ. ’ਤੇ ਟਰੱਕ ਸਕੈਨਰ ਨਾ ਹੋਣ ਕਾਰਨ ਕੀਤੀ ਜਾਂਦੀ ਹੈ ਰੈਮੇਜਿੰਗ

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਾਲ ਤਾਂ ਦਰਾਮਦ-ਬਰਾਮਦ ਬੰਦ ਹੋ ਚੁੱਕੀ ਹੈ ਪਰ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਦਰਾਮਦੀ ਵਸਤਾਂ ਦੀ ਕਸਟਮ ਵਿਭਾਗ ਵੱਲੋਂ 100 ਫੀਸਦੀ ਰੈਮੇਜਿੰਗ ਕੀਤੀ ਜਾਂਦੀ ਹੈ ਕਿਉਂਕਿ ਆਈ. ਸੀ. ਪੀ. ’ਤੇ ਲਾਇਆ ਬਹੁਕਰੋੜੀ ਟਰੱਕ ਸਕੈਨਰ ਖਰਾਬ ਹੈ, ਜੋ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ’ਚ ਚੱਲ ਰਿਹਾ ਹੈ। ਅਜਿਹੇ ’ਚ ਕਸਟਮ ਵਿਭਾਗ ਜ਼ਰਾ ਵੀ ਰਿਸਕ ਨਹੀਂ ਲੈ ਸਕਦਾ ਹੈ।

ਆਈ. ਸੀ. ਪੀ. ਅਟਾਰੀ ਦੇ ਰਸਤੇ ਅਫਗਾਨਿਸਤਾਨ ਤੋਂ ਡਰਾਈਫਰੂਟ ਦੀ ਦਰਾਮਦ ਕਰਨ ਵਾਲੇ ਵਪਾਰੀਆਂ ਨੂੰ ਤੁਰਖਮ ਬਾਰਡਰ ਬੰਦ ਹੋਣ ਕਾਰਨ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਕਿਉਂਕਿ ਚਮਨ ਬਾਰਡਰ ਦੇ ਰਸਤੇ ਤੁਰਖਮ ਬਾਰਡਰ ਦੀ ਤੁਲਣਾ ’ਚ ਦੁੱਗਣਾ ਸਮਾਂ ਲੱਗਦਾ ਹੈ, ਜਿਸ ਨਾਲ ਖਰਚ ਜ਼ਿਆਦਾ ਆਉਣ ਕਾਰਨ ਮੁੱਲ ਵੀ ਵੱਧ ਜਾਂਦੇ ਹਨ। ਤੁਰਖਮ ਬਾਰਡਰ ਬੰਦ ਹੋਣ ਕਾਰਨ ਭਾਰਤ- ਅਫਗਾਨਿਸਤਾਨ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਦਾ ਪਾਕਿਸਤਾਨ ਨੂੰ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਪਾਕਿਸਤਾਨ ਵੱਲੋਂ ਸਾਕਾਰਾਤਮਕ ਕਾਰਵਾਈ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਹੈ। ਪਾਕਿਸਤਾਨ ’ਚ ਪਹਿਲਾਂ ਹੀ ਅਰਾਜਕਤਾ ਦਾ ਮਾਹੌਲ ਚੱਲ ਰਿਹਾ ਹੈ। ਫਰੈਸ਼ ਫਰੂਟ ਦੀ ਦਰਾਮਦ ਕਰਨ ਵਾਲੇ ਵਪਾਰੀਆਂ ਨੂੰ ਤੁਰਖਮ ਬਾਰਡਰ ਬੰਦ ਹੋਣ ਕਾਰਨ ਨੁਕਸਾਨ ਹੋ ਰਿਹਾ ਹੈ। ਅਫਗਾਨੀ ਪਿਆਜ਼ ਰਸਤਾ ਲੰਮਾ ਹੋਣ ਕਾਰਨ ਖਰਾਬ ਹੋ ਜਾਂਦਾ ਹੈ, ਜਿਸ ਨਾਲ ਪਿਆਜ਼ ਦੀ ਦਰਾਮਦ ਕਰਨ ਵਾਲੇ ਵਪਾਰੀ ਨੂੰ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ-  ਜਾਇਦਾਦ ਨੂੰ ਲੈ ਕੇ 2 ਭਰਾਵਾਂ ’ਚ ਤਕਰਾਰ, ਭਰਜਾਈ ਨਾਲ ਕੀਤੀ ਸ਼ਰਮਨਾਕ ਹਰਕਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News