ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 30 ਮਈ ਤੋਂ 1 ਜੂਨ ਤੇ 4 ਜੂਨ ਨੂੰ ਡਰਾਈ ਡੇਅ ਦਾ ਐਲਾਨ
Tuesday, May 28, 2024 - 11:08 AM (IST)
ਫਾਜ਼ਿਲਕਾ (ਨਾਗਪਾਲ) : ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਡਾ. ਸੇਨੂ ਦੁੱਗਲ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ’ਚ 30 ਮਈ ਨੂੰ ਸ਼ਾਮ 5 ਵਜੇ ਤੋਂ 1 ਜੂਨ ਸ਼ਾਮ 7 ਵਜੇ ਤੱਕ ਅਤੇ ਗਿਣਤੀ ਵਾਲੇ ਦਿਨ 4 ਜੂਨ ਨੂੰ ਡਰਾਈ ਡੇਅ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ, ਸਪਿਰਟ, ਅਲਕੋਹਲ ਜਾਂ ਕੋਈ ਹੋਰ ਵਸਤੂ ਜਿਸ ਨਾਲ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ, ਜਮਾਖੋਰੀ, ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ, ਢਾਬਿਆਂ, ਅਹਾਤਿਆਂ, ਰੈਸਟੋਰੇਟਾਂ, ਬੀਅਰ ਬਾਰ, ਕਲੱਬਾਂ ਜਾਂ ਕੋਈ ਹਰ ਜਨਤਕ ਥਾਵਾਂ ’ਤੇ ਵੇਚਣੇ ਸਰਵ ਕਰਨ ’ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਪ੍ਰੋਗਰਾਮ ਅਨੁਸਾਰ ਪੰਜਾਬ ’ਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ। ਪੰਜਾਬ ਰਾਜ ’ਚ ਪੋਲਿੰਗ ਅਤੇ ਗਿਣਤੀ ਵਾਲੇ ਦਿਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣ ਅਤੇ ਸ਼ਰਾਬ ਦੀ ਵਰਤੋਂ ਸਦਕਾ ਲੋਕ ਸ਼ਾਂਤੀ ’ਚ ਖਲਲ ਪੈ ਸਕਦਾ ਹੈ। ਪ੍ਰਾਈਵੇਟ ਤੇ ਸਰਕਾਰੀ ਸੰਪਤੀ ਅਤੇ ਮਾਨਵ ਜੀਵਨ ਨੂੰ ਹਾਨੀ ਪਹੁੰਚ ਸਕਦੀ ਹੈ।
ਇਸ ਲਈ ਚੋਣਾਂ ਦੇ ਕੰਮ ਨੂੰ ਨਿਰਵਿਘਨ, ਨਿਰਪੱਖਤਾ ਅਤੇ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ’ਤੇ ਵਰਤੋਂ ਰੋਕ ਲਾਈ ਜਾਣੀ ਜ਼ਰੂਰੀ ਹੈ। ਕਲੱਬਾਂ, ਸਟਾਰ ਹੋਟਲਾਂ, ਰੈਸਟੋਰੇਟ ਆਦਿ ਕਿਸੇ ਵੱਲੋਂ ਵੀ ਚਲਾਏ ਜਾ ਰਹੇ ਹੋਟਲਜ ਭਾਵੇ ਕਿ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਦੇ ਵੱਖ-ਵੱਖ ਕੈਟਾਗਰੀਆਂ ਦੇ ਲਾਇਸੈਂਸ ਜਾਰੀ ਹੋਏ ਹਨ, ਉੱਪਰ ਵੀ ਸ਼ਰਾਬ ਸਰਵ ਕਰਨ ’ਤੇ ਪਾਬੰਦੀ ਲਾਈ ਜਾਂਦੀ ਹੈ।