ਪੰਜਾਬ ਦੇ ਇਸ ਜ਼ਿਲ੍ਹੇ 'ਚ 'ਚਿੱਟੇ' ਦੀ ਵਿਕਰੀ ਨੇ ਤੋੜੇ ਪੁਰਾਣੇ ਰਿਕਾਰਡ, 2 ਮਹੀਨਿਆਂ 'ਚ ਹੋਈਆਂ 5 ਮੌਤਾਂ

05/15/2022 9:26:13 PM

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੋਂ ਸੂਬੇ ਭਰ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਛਾਲਿਆ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ 'ਚ ਆਉਦੀ ਹੈ ਤਾਂ ਸਭ ਤੋਂ ਪਹਿਲਾ ਸਿੰਥੈਟਿਕ ਡਰੱਗ ‘ਚਿੱਟੇ’ ਸਮੇਤ ਹੋਰਨਾਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ ਪਰ ਪਾਸੇ 'ਆਪ' ਸਰਕਾਰ ਦੇ ਹੋਂਦ ਵਿੱਚ ਆਉਣ ਤੋਂ 2 ਮਹੀਨੇ ਤੋਂ ਵੱਧ ਸਮਾਂ ਲੰਘਣ ਮਗਰੋਂ ਵੀ ਪੰਜਾਬ ਵਿੱਚ ‘ਚਿੱਟੇ’ ਦੀ ਵਿਕਰੀ ਰੁਕੀ ਨਹੀਂ ਹੈ। ਇੱਥੇ ਹੀ ਬੱਸ ਨਹੀਂ, ਮਾਲਵਾ ਖਿੱਤੇ ਵਿੱਚ ਇਸ ਮਾਰੂ ਨਸ਼ੇ ਦੀ ਵਿਕਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ’ਤੇ ਸਖਤ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਇਸ ਨਸ਼ੇ ਦੀ ਵਿਕਰੀ ਵਿੱਚ ਕੋਈ ਰੋਕ ਨਹੀਂ ਲੱਗੀ ਹੈ, ਜਿਸ ਕਰਕੇ ਪੰਜਾਬੀਆਂ ਦਾ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਵਿਰੁੱਧ ਵੀ ਗੁੱਸਾ ਹੁਣ 7ਵੇਂ ਆਸਮਾਨ ’ਤੇ ਪੁੱਜਣ ਲੱਗਾ ਹੈ।

ਇਹ ਵੀ ਪੜ੍ਹੋ : ਸਮਾਰਟ ਸਿਟੀ ਦੇ ਹਸਪਤਾਲ 'ਚ ਬਿਜਲੀ ਹੋਈ ਗੁੱਲ, ਵਾਰਡਾਂ ਤੋਂ ਬਾਹਰ ਬੈਠਣ ਨੂੰ ਮਜਬੂਰ ਹੋਏ ਮਰੀਜ਼

ਦੋ ਮਹੀਨਿਆਂ ਦੌਰਾਨ ਹੋਈਆਂ 5 ਮੌਤਾਂ, ਮੋਗਾ ਵਿਖੇ ‘ਚਿੱਟੇ’ ਦੀਆਂ ਪੁੜੀਆਂ ਬਣਾਉਣ ਦੀ ਹੋਰ ਵੀਡੀਓ ਵਾਇਰਲ
‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ 2 ਮਹੀਨਿਆਂ ਦੌਰਾਨ 5 ਨੌਜਵਾਨਾਂ ਦੀ ‘ਚਿੱਟੇ’ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਇੱਥੇ ਹੀ ਬੱਸ ਨਹੀਂ, ਬੀਤੇ ਕੱਲ੍ਹ ਮੋਗਾ ਦੇ ਇਕ ਇਲਾਕੇ 'ਚ ਕਥਿਤ ਤੌਰ ’ਤੇ ‘ਚਿੱਟਾ’ ਵਿਕਣ ਦੀ ਵੀਡੀਓ ਵਾਇਰਲ ਹੋਈ, ਜਿਸ ਨੇ ਚੌਕਸੀ ਦੀ ਹੋਰ ਪੋਲ ਖੋਲ੍ਹ ਦਿੱਤੀ ਹੈ। ਜ਼ਿਕਰਯੋਗ ਹੈ ਕਿ 19 ਅਤੇ 20 ਮਾਰਚ ਨੂੰ ਲਗਾਤਾਰ 2 ਦਿਨ ਮੋਗਾ ਦੇ ਜ਼ੀਰਾ ਰੋਡ ਨਿਵਾਸੀ ਕਿਸ਼ੋਰ ਅਤੇ ਢੋਲੇਵਾਲਾ ਧਰਮਕੋਟ ਦੇ ਨੌਜਵਾਨ ਦੀ ਇਸ ਨਸ਼ੇ ਦੀ ਵਰਤੋਂ ਮਗਰੋਂ ਹੋਈ ਮੌਤ ਮਗਰੋਂ ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ ਨੇ ਵੀ ਨਸ਼ਿਆਂ ਦੇ ਖਾਤਮੇ ਲਈ ਤੁਰੰਤ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਸਨ ਪਰ ਫਿਰ ਵੀ ਮਾਮਲਾ ਜਿਉਂ ਦਾ ਤਿਉਂ ਹੈ। ਇਸ ਦੇ ਮਗਰੋਂ 8 ਅਪ੍ਰੈਲ ਨੂੰ ਮੋਗਾ ਦੇ ਸਲੀਣਾ ਨਿਵਾਸੀ ਗੁਰਪ੍ਰੀਤ ਸਿੰਘ, 4 ਮਈ ਨੂੰ ਉਪਿੰਦਰ ਸਿੰਘ ਅਜੀਤਵਾਲ ਅਤੇ 12 ਮਈ ਨੂੰ ਲਾਲ ਸਿੰਘ ਰੋਡ ’ਤੇ ਅਮਨਦੀਪ ਸਿੰਘ ਦੀ ਹੋਈ ਮੌਤ ਨੇ ਆਮ ਲੋਕਾਂ ਵਿੱਚ ਹੋਰ ਡਰ ਪੈਂਦਾ ਕੀਤਾ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ਬੇਕਾਬੂ ਹੋਣ ਕਾਰਨ ਨੌਜਵਾਨ ਦੀ ਮੌਤ

ਮੋਗਾ ਨਿਵਾਸੀ ਗੁਰਜੰਟ ਸਿੰਘ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਨਸ਼ਿਆਂ ਦੀ ਵਿਕਰੀ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ, ਦਾ ਕਹਿਣਾ ਸੀ ਕਿ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੋਗਾ ਦੇ ਕੁਝ ਇਲਾਕੇ ਕਥਿਤ ਤੌਰ ’ਤੇ ਨਸ਼ਿਆਂ ਦੀ ਵਿਕਰੀ ਦੇ ਗੜ੍ਹ ਬਣ ਗਏ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ’ਤੇ ਗੰਭੀਰ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ : ਗਰੀਬੀ ਤੋਂ ਤੰਗ ਕਬੱਡੀ ਖਿਡਾਰੀ ਨੇ ਜ਼ਹਿਰੀਲੀ ਚੀਜ਼ ਨਿਗਲ ਦਿੱਤੀ ਜਾਨ, ਇਲਾਕੇ ਦਾ ਨਾਮਵਰ ਖਿਡਾਰੀ ਸੀ ਸੀਪਾ

ਡੇਢ ਦਹਾਕੇ ਤੋਂ ਜ਼ਿੰਦਗੀਆਂ ਨਿਗਲ ਰਿਹਾ ਸਿੰਥੈਟਿਕ ਡਰੱਗ
15 ਸਾਲ ਪਹਿਲਾਂ ਇਸ ਨਸ਼ੇ ਦੀ ਨੌਜਵਾਨਾਂ ਵੱਲੋਂ ਕੀਤੀ ਜਾਣ ਵਾਲੀ ਵਰਤੋਂ ਹੁਣ ਇਸ ਕਦਰ ਵੱਧ ਗਈ ਹੈ ਕਿ ਬਹੁਤ ਸਾਰੇ ਨੌਜਵਾਨ ਇਸ ਨਸ਼ੇ ਦੇ ਵਹਿਣ ਵਿੱਚ ਵਹਿ ਕੇ ਜ਼ਿੰਦਗੀਆਂ ਨਿਗਲ ਰਹੇ ਹਨ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਨੌਜਵਾਨਾਂ ਦੀ ਇਕ-ਇਕ ਕਰਕੇ ਇਸ ਮਾੜੇ ਨਸ਼ੇ ਦੇ ਸੇਵਨ ਨਾਲ ਮੌਤ ਹੋਈ ਸੀ ਅਤੇ ਉਦੋਂ ਹੋਂਦ ਵਿੱਚ ਨਵੀਂ ਆਈ ਆਮ ਆਦਮੀ ਪਾਰਟੀ ਨੇ ਇਸ ਨਸ਼ੇ ਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਸੀ, ਜਿਸ ਕਰ ਕੇ ਪੰਜਾਬ ਵਿੱਚ 4 ਲੋਕ ਸਭਾ ਸੀਟਾਂ ਇਸ ਪਾਰਟੀ ਨੇ ਜਿੱਤੀਆਂ ਸਨ, ਇਸ ਮਗਰੋਂ ਅਕਾਲੀ ਦਲ ਅਤੇ ਕਾਂਗਰਸ ਦੇ ਰਾਜ ਦੌਰਾਨ ਵੀ ਨਸ਼ੇ ਦੀ ਵਿਕਰੀ ਹੁੰਦੀ ਰਹੀ। ਹੁਣ ਜਦੋਂ ‘ਆਪ’ ਸਰਕਾਰ ਆਈ ਤਾਂ ਮੋਗਾ ਜ਼ਿਲ੍ਹੇ ਵਿੱਚ ਨੌਜਵਾਨਾਂ ਦੀਆਂ ਤੇਜ਼ੀ ਨਾਲ ਹੋਈਆਂ ਮੌਤਾਂ ਮਗਰੋਂ ਮਾਮਲਾ ਹੋਰ ਗੰਭੀਰ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੂਬੇ ਦੀਆਂ 232 ਮੰਡੀਆਂ 31 ਮਈ ਤੱਕ ਰਹਿਣਗੀਆਂ ਚਾਲੂ : ਕਟਾਰੂਚੱਕ

ਬਾਘਾ ਪੁਰਾਣਾ ਦੀ ਤਰਜ਼ ’ਤੇ ਹੋਰ ਥਾਵਾਂ ’ਤੇ ਧਰਨੇ ਦੇਣ ਦੀ ਤਿਆਰੀ
ਇਸੇ ਦੌਰਾਨ ਹੀ ਪਤਾ ਲੱਗਾ ਹੈ ਕਿ ਇਸ ਨਸ਼ੇ ਦੀ ਵਿਕਰੀ ਨੂੰ ਰੋਕਣ ਲਈ ਹੁਣ ਆਮ ਲੋਕਾਂ ਨੇ ਹੀ ਸੰਘਰਸ਼ ਦੀ ਤਿਆਰੀ ਕਰ ਲਈ ਹੈ। ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਬਾਘਾ ਪੁਰਾਣਾ ਵਿਖੇ ਲੋਕਾਂ ਨੇ ਨਸ਼ੇ ਵਿਰੁੱਧ ਧਰਨਾ ਦਿੱਤਾ ਸੀ, ਉਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿੱਚ ਹੋਰਨਾਂ ਥਾਵਾਂ ’ਤੇ ਆਮ ਲੋਕਾਂ ਨੇ ਇਸ ਮਾਰੂ ਨਸ਼ੇ ਦੀ ਵਿਕਰੀ ਵਿਰੁੱਧ ਰੋਸ ਧਰਨੇ ਦੇਣ ਦੀ ਤਿਆਰੀ ਕਰ ਲਈ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਪਤਾ ਲੱਗਣ ਲੱਗਾ ਹੈ ਕਿ ਰਵਾਇਤੀ ਦਲਾਂ ਦੇ ਰਾਜ ਦੀ ਤਰ੍ਹਾਂ ‘ਆਪ’ ਸਰਕਾਰ ਦੇ ਰਾਜ ਵਿੱਚ ਵੀ ਸੰਘਰਸ਼ ਦੇ ਪਿੜ ਹੀ ਮੱਲਣੇ ਪੈਣੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News