ਲੋਕ ਇਨਸਾਫ਼ ਪਾਰਟੀ ਨੇ ਕੱਢਿਆ ਨਸ਼ਿਆਂ ਵਿਰੁੱਧ ਰੋਸ ਮਾਰਚ
Tuesday, Jul 03, 2018 - 06:45 AM (IST)

ਅੰਮ੍ਰਿਤਸਰ, (ਵਾਲੀਆ)- ਲੋਕ ਇਨਸਾਫ ਪਾਰਟੀ ਦੀ ਅੰਮ੍ਰਿਤਸਰ ਦੀ ਜ਼ਿਲਾ ਇਕਾਈ ਵਲੋਂ ਅੱਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਖਾਲਸਾ ਤੇ ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ ਦੀ ਅਗਵਾਈ ਵਿਚ ਨਸ਼ਿਆਂ ਖਿਲਾਫ ਇਕ ਵਿਸ਼ਾਲ ਰੋਸ ਮਾਰਚ ਤਾਰਾਂ ਵਾਲੇ ਪੁਲ ਤੋਂ ਲੈ ਕੇ ਹਾਲ ਗੇਟ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਕੱਢਿਆ ਗਿਆ। ਉਪਰੰਤ ਭੰਡਾਰੀ ਪੁਲ ਉੱਪਰ ਸਰਕਾਰ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਵੀ ਲਾਇਆ ਗਿਆ। ਧਰਨੇ ਦੌਰਾਨ ਜਗਜੋਤ ਸਿੰਘ ਖਾਲਸਾ ਅਤੇ ਅਮਰੀਕ ਸਿੰਘ ਵਰਪਾਲ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਨਸ਼ੇ ਨੇ ਪੰਜਾਬ ਨੂੰ ਬੁਰ੍ਹੀ ਤਰ੍ਹਾਂ ਜਕਡ਼ ਲਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਨਸ਼ੇ ਦਾ ਮੁੱਦਾ ਹੀ ਸਭ ਤੋਂ ਵੱਡਾ ਸੀ ਜਿਸ ਦਾ ਫਾਇਦਾ ਉਠਾਉਂਦਿਆਂ ਕਾਂਗਰਸ ਪਾਰਟੀ ਨੇ ਚਾਰ ਹਫਤਿਆਂ ’ਚ ਨਸ਼ੇ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਵਾਅਦਾ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਪੰਜਾਬ ’ਚ ਸਰਕਾਰ ਵੀ ਬਣਾ ਲਈ। ਖਾਲਸਾ ਤੇ ਵਰਪਾਲ ਨੇ ਕਿਹਾ ਕਿ ਅੱਜ ਲਗਭਗ ਡੇਢ ਸਾਲ ਬੀਤ ਗਿਆ ਹੈ ਜਿਸ ਕਾਰਜਕਾਲ ਦੌਰਾਨ ਕਾਂਗਰਸ ਨੇ ਇਕ ਵੀ ਵੱਡਾ ਨਸ਼ਾ ਸਮੱਗਲਰ ਨਹੀਂ ਫਡ਼ਿਆ ਪਰ ਬਿਆਨਬਾਜ਼ੀਆਂ ਰਾਹੀਂ ਨਸ਼ਾ ਪੂਰਨ ਤੌਰ ’ਤੇ ਬੰਦ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ ਜਿਸ ਦੇ ਨਤੀਜੇ ਪੰਜਾਬ ਵਿਚ ਇਕੋ ਦਿਨ ਹੀ 12 ਨੌਜਵਾਨ ਨਸ਼ੇ ਦੀ ਬਲੀ ਚਡ਼੍ਹੇ ਹਨ। ਉਨ੍ਹਾਂ ਤਾਡ਼ਨਾ ਕੀਤੀ ਕਿ ਜਿੰਨਾ ਚਿਰ ਸਰਕਾਰ ਵੱਡੇ ਨਸ਼ਾ ਸਮੱਗਲਰਾਂ ਉੱਪਰ ਸ਼ਿਕੰਜਾ ਨਹੀਂ ਕੱਸਦੀ ਉਨਾ ਚਿਰ ਉਹ ਸੰਘਰਸ਼ ਜਾਰੀ ਰੱਖਣਗੇ।
ਇਸ ਮੌਕੇ ਸ਼ਹਿਰੀ ਪ੍ਰਧਾਨ ਯੂਥ ਵਿੰਗ ਮਨਦੀਪ ਸਿੰਘ ਸੰਧੂ, ਮਹਿਲਾ ਵਿੰਗ ਬੀ.ਸੀ. ਸ਼ਹਿਰੀ ਪ੍ਰਧਾਨ ਬੀਬੀ ਲਖਬੀਰ ਕੌਰ, ਸ਼ਹਿਰੀ ਪ੍ਰਧਾਨ ਬੀ.ਸੀ. ਵਿੰਗ ਜੁਗਰਾਜ ਸਿੰਘ, ਹਲਕਾ ਦੱਖਣੀ ਪ੍ਰਧਾਨ ਯੂਥ ਵਿੰਗ ਕਰਨਦੀਪ ਸਿੰਘ, ਹਲਕਾ ਦੱਖਣੀ ਯੂਥ ਵਿੰਗ ਸੀ. ਮੀਤ ਪ੍ਰਧਾਨ ਸੰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।