ਨਸ਼ਾ ਮੁਕਤੀ ਕੇਂਦਰ ''ਚ ਮਰੀਜ਼ਾਂ ਨੂੰ ਨਹੀਂ ਮਿਲ ਰਹੀ ਦਵਾਈ

08/19/2017 7:08:47 AM

ਅੰਮ੍ਰਿਤਸਰ, (ਦਲਜੀਤ)- ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ 'ਚ ਦਾਖਲ ਮਰੀਜ਼ ਅੱਜ ਦਵਾਈਆਂ ਨਾ ਮਿਲਣ ਕਾਰਨ ਸੜਕਾਂ 'ਤੇ ਉਤਰ ਆਏ। ਮਰੀਜ਼ਾਂ ਨੇ ਫਤਿਹਗੜ੍ਹ ਚੂੜੀਆਂ ਰੋਡ ਜਾਮ ਕਰ ਕੇ ਹਸਪਤਾਲ ਦੇ ਇੰਚਾਰਜ 'ਤੇ ਗੰਭੀਰ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕੇਂਦਰ 'ਚ ਦਾਖਲ ਮਰੀਜ਼ ਸੁਖਜਿੰਦਰ ਸਿੰਘ, ਵਿਕਰਮਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਉਹ ਨਸ਼ੇ ਦੇ ਆਦਿ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਸ਼ਾ ਛੁਡਾਉਣ ਲਈ ਉਨ੍ਹਾਂ ਨੂੰ ਉਕਤ ਕੇਂਦਰ 'ਚ ਦਾਖਲ ਕਰਵਾਇਆ ਹੈ। ਕੇਂਦਰ ਦੇ ਇੰਚਾਰਜ ਡਾ. ਪੀ. ਡੀ. ਗਰਗ ਵੱਲੋਂ ਇਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਨੂੰ ਲਾਭ ਦਿਵਾਉਣ ਦੇ ਮਕਸਦ ਨਾਲ ਉਕਤ ਕੇਂਦਰ 'ਚ ਆਉਣ ਵਾਲੀ ਦਵਾਈ ਮਰੀਜ਼ਾਂ ਨੂੰ ਨਹੀਂ ਦਿੱਤੀ ਜਾ ਰਹੀ। ਪਿਛਲੇ 10 ਦਿਨਾਂ ਤੋਂ ਮਰੀਜ਼ ਦਵਾਈ ਨੂੰ ਤਰਸ ਰਹੇ ਹਨ। ਕਾਂਗਰਸ ਸਰਕਾਰ ਵੱਲੋਂ ਇਕ ਪਾਸੇ ਨਸ਼ਾ ਛੁਡਾਉਣ ਲਈ ਸਰਕਾਰੀ ਕੇਂਦਰਾਂ 'ਚ ਖਾਸ ਪ੍ਰਬੰਧ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਡਾ. ਗਰਗ ਵਰਗੇ ਇਨਸਾਨ ਨਸ਼ਾ ਛੱਡਣ ਵਾਲੇ ਮਰੀਜ਼ਾਂ ਦਾ ਸ਼ੋਸ਼ਣ ਕਰ ਕੇ ਦੁਬਾਰਾ ਨਸ਼ੇ ਵੱਲ ਮਰੀਜ਼ਾਂ ਨੂੰ ਧੱਕ ਰਹੇ ਹਨ। ਡਾ. ਗਰਗ ਦੀਆਂ ਮਨਮਰਜ਼ੀਆਂ ਕਾਰਨ ਹੀ 100 ਬੈੱਡ ਵਾਲਾ ਇਹ ਕੇਂਦਰ ਹਮੇਸ਼ਾ ਹੀ ਮਰੀਜ਼ਾਂ ਤੋਂ ਸੱਖਣਾ ਰਹਿੰਦਾ ਹੈ। ਮਰੀਜ਼ਾਂ ਦਾ ਘਾਣ ਹੋ ਰਿਹਾ ਹੈ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਉਧਰ ਦੂਸਰੇ ਪਾਸੇ ਨਸ਼ਾ ਵਿਰੋਧੀ ਲਹਿਰ ਦੇ ਮੁੱਖ ਸੰਸਥਾਪਕ ਪੂਰਨ ਸਿੰਘ ਸੰਧੂ ਰਣੀਕੇ ਨੇ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਲਾ ਕੇ ਨਸ਼ੇ ਕਾਰਨ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕੇਂਦਰ ਖੋਲ੍ਹਿਆ ਗਿਆ ਹੈ, ਜਦੋਂ ਦਾ ਉਕਤ ਕੇਂਦਰ ਬਣਿਆ ਹੈ, ਉਦੋਂ ਦੇ ਹੀ ਇਥੇ ਬੇਹੱਦ ਮਰੀਜ਼ ਦਾਖਲ ਹੋਏ ਹਨ। ਅਜਿਹੇ ਡਾਕਟਰਾਂ ਕਾਰਨ ਹੀ ਲੋਕਾਂ ਦਾ ਮੋਹ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਭੰਗ ਹੋ ਰਿਹਾ ਹੈ ਤੇ ਪ੍ਰਾਈਵੇਟ ਕੇਂਦਰ ਮਰੀਜ਼ਾਂ ਦੇ ਵਾਰਿਸਾਂ ਪਾਸੋਂ ਮੋਟੇ ਪੈਸੇ ਲੈ
ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਡਾ. ਪੀ. ਡੀ. ਗਰਗ ਨੂੰ
ਅਹੁਦੇ ਤੋਂ ਹਟਾ ਕੇ ਉਨ੍ਹਾਂ ਦੇ ਸਮੇਂ ਵਿਚ ਖਰੀਦੀਆਂ ਦਵਾਈਆਂ ਅਤੇ ਹੋਏ ਵਿਵਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਸਬੰਧੀ ਜਦੋਂ ਡਾ. ਪੀ. ਡੀ. ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਮਾਮਲਾ ਨਹੀਂ ਹੋਇਆ, ਇਕ ਸ਼ਰਾਰਤੀ ਲੜਕਾ ਮਰੀਜ਼ਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਲਗਾਤਾਰ ਦਵਾਈ ਦਿੱਤੀ ਜਾ ਰਹੀ ਹੈ।


Related News