ਨਸ਼ਿਆਂ ਨੇ ਪੱਟ 'ਤੇ ਪੰਜਾਬੀ ਗੱਭਰੂ, PGI ਦੀ ਰਿਪੋਰਟ ਨੇ ਕਰ ਦਿੱਤਾ ਸਭ ਨੂੰ ਹੈਰਾਨ

Tuesday, Mar 21, 2023 - 02:08 PM (IST)

ਨਸ਼ਿਆਂ ਨੇ ਪੱਟ 'ਤੇ ਪੰਜਾਬੀ ਗੱਭਰੂ, PGI ਦੀ ਰਿਪੋਰਟ ਨੇ ਕਰ ਦਿੱਤਾ ਸਭ ਨੂੰ ਹੈਰਾਨ

ਚੰਡੀਗੜ੍ਹ (ਹਰੀਸ਼ਚੰਦਰ) : ਸਾਲ 1980 ਦੇ ਆਸ-ਪਾਸ ਗੁਰਦਾਸ ਮਾਨ ਦਾ ਇੱਕ ਗਾਣਾ ਆਇਆ ਸੀ ‘ਕੀ ਬਣੂੰ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ’। ਇਸ ਗਾਣੇ 'ਚ ਇੱਕ ਲਾਈਨ ਹੈ-‘ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ।’ ਜ਼ਾਹਿਰ-ਜਿਹੀ ਗੱਲ ਹੈ, ਤਦ ਵੀ ਪੰਜਾਬ 'ਚ ਵੱਡੇ ਪੈਮਾਨੇ ’ਤੇ ਨਸ਼ਾਖੋਰੀ ਰਹੀ ਹੋਵੇਗੀ ਪਰ ਤਦ ਅਫ਼ੀਮ, ਭੁੱਕੀ ਅਤੇ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ 'ਚ ਕੱਢੀ ਜਾਣ ਵਾਲੀ ਨਾਜਾਇਜ਼ ਸ਼ਰਾਬ ’ਤੇ ਹੀ ਲੋਕਾਂ ਦਾ ਜ਼ੋਰ ਰਹਿੰਦਾ ਸੀ। ਫਿਰ ਸਮਾਂ ਬਦਲਿਆ ਅਤੇ ਅਫੀਮ-ਭੁੱਕੀ ਦੀ ਜਗ੍ਹਾ ਗਾਂਜਾ, ਚਰਸ, ਭੰਗ ਅਤੇ ਹੈਰੋਇਨ ਤੱਕ ਇੱਥੇ ਲੋਕ ਲੈਣ ਲੱਗੇ। ਨਾਲ ਹੀ ਸਿੰਥੈਟਿਕ ਡਰਗਜ਼ ਵੱਲ ਵੀ ਨੌਜਵਾਨਾਂ ਦਾ ਰੁਝਾਣ ਵੱਧਣ ਲੱਗਾ। ਨਸ਼ੀਲੀਆਂ ਗੋਲੀਆਂ-ਕੈਪਸੂਲ, ਸੀਰਪ ਪ੍ਰਤੀ ਨੌਜਵਾਨਾਂ ਦਾ ਕਰੇਜ਼ ਵਧਿਆ। ਚਿੱਟਾ ਸ਼ਬਦ ਪੰਜਾਬ 'ਚ ਹਰ ਇੱਕ ਦੀ ਜ਼ੁਬਾਨ ’ਤੇ ਆ ਪਹੁੰਚਿਆ। ਇਸਦੇ ਨਾਲ ਹੀ ਸ਼ੁਰੂ ਹੋਇਆ ਡਰਗ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਕਈ ਪਿੰਡ ਅਜਿਹੇ ਹਨ, ਜਿੱਥੇ ਬਹੁਤ ਹੀ ਘੱਟ ਨੌਜਵਾਨ ਬਚੇ ਹਨ। ਇਨ੍ਹਾਂ ਪਿੰਡਾਂ 'ਚ ਕਈ ਔਰਤਾਂ ਨਸ਼ੇ ਦੇ ਕਾਰਣ ਵਿਧਵਾ ਹੋ ਚੁੱਕੀਆਂ ਹਨ ਤਾਂ ਬੱਚੇ ਯਤੀਮ। ਪਹਿਲਾਂ ਅਕਾਲੀ-ਕਾਂਗਰਸ ਇੱਕ-ਦੂਜੇ ’ਤੇ ਨਸ਼ੇ ਨੂੰ ਬੜਾਵਾ ਦੇਣ ਦਾ ਦੋਸ਼ ਲਾਉਂਦੇ ਰਹੇ ਪਰ ਹੱਲ ਕੁੱਝ ਨਹੀਂ ਨਿਕਲਿਆ। ਪੀ. ਜੀ. ਆਈ. ਚੰਡੀਗੜ੍ਹ ਦੀ ਬੀਤੇ ਸਾਲ ਆਈ ਇੱਕ ਰਿਪੋਰਟ ਨੇ ਹਲਚਲ ਮਚਾ ਦਿੱਤੀ ਸੀ। ਉਕਤ ਰਿਪੋਰਟ ਅਨੁਸਾਰ ਸੂਬੇ 'ਚ 30 ਲੱਖ ਤੋਂ ਜ਼ਿਆਦਾ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਇਹ ਆਬਾਦੀ ਕਰੀਬ 15 ਫ਼ੀਸਦੀ ਤੋਂ ਜ਼ਿਆਦਾ ਹੈ। ਇੱਕ ਅਨੁਮਾਨ ਅਨੁਸਾਰ ਪੰਜਾਬ 'ਚ ਡਰੱਗਜ਼ ਦਾ ਕੰਮ-ਕਾਜ 7,000 ਕਰੋੜ ਰੁਪਏ ਸਲਾਨਾ ਤੋਂ ਜ਼ਿਆਦਾ ਦਾ ਹੈ।

ਇਹ ਵੀ ਪੜ੍ਹੋ : ਗੱਡੀ ਦੀ ਸੀਟ ਹੇਠਾਂ ਦੇਖਦੇ ਹੀ ਡਰਾਈਵਰ ਦੇ ਛੁੱਟੇ ਪਸੀਨੇ, ਪਈਆਂ ਭਾਜੜਾਂ, ਵੀਡੀਓ ਦੇਖ ਤੁਸੀਂ ਵੀ ਡਰ ਜਾਵੋਗੇ
ਸੋਨੇ ਤੋਂ ਹੈਰੋਇਨ ਤਸਕਰੀ ਤੱਕ ਪਹੁੰਚਿਆ ਸਫ਼ਰ
ਇੱਕ ਸਮਾਂ ਸੀ, ਜਦੋਂ ਪਾਕਿਸਤਾਨ ਤੋਂ ਸੋਨੇ ਦੀ ਤਸਕਰੀ ਵੱਡੇ ਪੈਮਾਨੇ ’ਤੇ ਹੁੰਦੀ ਸੀ। ਇਹ ਤਸਕਰੀ ਪੰਜਾਬ ਦੇ ਰਾਹ ਹੀ ਜ਼ਿਆਦਾ ਹੁੰਦੀ ਸੀ। ਹਾਲਾਂਕਿ ਰਾਜਸਥਾਨ ਦਾ ਲੰਬਾ ਰੇਤਲਾ ਬਾਰਡਰ ਵੀ ਪਾਕਿਸਤਾਨ ਨਾਲ ਲੱਗਦਾ ਹੈ ਅਤੇ ਕਸ਼ਮੀਰ ਦਾ ਪਹਾੜੀ ਇਲਾਕਾ ਵੀ ਪਰ ਆਵਾਜਾਈ ਦੀ ਜਟਿਲਤਾ ਕਾਰਣ ਰਾਜਸਥਾਨ ਅਤੇ ਕਸ਼ਮੀਰ ਨੂੰ ਤਸਕਰੀ ਲਈ ਮੁਫੀਦ ਨਹੀਂ ਮੰਨਿਆ ਜਾਂਦਾ ਸੀ। ਥਾਰ ਮਰੂਥਲ 'ਚ ਸੀਮਾ ਦੇ ਨਜ਼ਦੀਕ ਘੁੰਮਦਾ ਵਿਅਕਤੀ ਸੌਖ ਨਾਲ ਨਜ਼ਰ ਆ ਜਾਂਦਾ ਹੈ, ਜਦੋਂਕਿ ਪੰਜਾਬ 'ਚ ਸਰਹੱਦ ਦੇ ਨਾਲ ਹੀ ਖੇਤ ਹਨ, ਪਿੰਡ ਬਸੇ ਹਨ। ਅਜਿਹੇ 'ਚ ਸੋਨੇ ਦੇ ਤਸਕਰਾਂ ਲਈ ਕੋਰੀਅਰ ਦਾ ਕੰਮ ਕਰਨ ਵਾਲੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਅਗਲੀ ਪੀੜ੍ਹੀ ਅਫ਼ੀਮ ਤਸਕਰੀ ਨਾਲ ਜੁੜੀ ਅਤੇ ਹੁਣ ਹੈਰੋਇਨ ਤਸਕਰੀ ਦੇ ਧੰਦੇ ਨਾਲ ਜੁੜ ਗਈ ਹੈ। ਤਸਕਰੀ ਦਾ ਇਹ ਕੰਮ ਪਰਿਵਾਰਾਂ 'ਚ ਪੀੜ੍ਹੀ-ਦਰ-ਪੀੜ੍ਹੀ ਬਦਸਤੂਰ ਜਾਰੀ ਹੈ।       
ਜ਼ਿਆਦਾਤਰ ਨੌਜਵਾਨ ਬਣ ਰਹੇ ਨਸ਼ੇ ਨਾਲ ਮੌਤ ਦਾ ਸ਼ਿਕਾਰ
ਹੈਰੋਇਨ ਅਤੇ ਸਿੰਥੈਟਿਕ ਡਰੱਗਜ਼ ਨਾਲ ਮੌਤ ਦਾ ਸ਼ਿਕਾਰ ਪੰਜਾਬ 'ਚ ਜ਼ਿਆਦਾਤਰ ਨੌਜਵਾਨ ਹੀ ਹੋ ਰਹੇ ਹਨ। ਹੁਣ ਤੱਕ ਡਰਗ ਓਵਰਡੋਜ਼ ਦੇ ਚੱਲਦੇ ਹੋਈਆਂ ਮੌਤਾਂ 'ਚ ਨੌਜਵਾਨਾਂ ਦੀ ਉਮਰ 18-35 ਸਾਲ ਤੱਕ ਰਹੀ ਹੈ। ਅੱਧਖੜ੍ਹ ਅਤੇ ਬਜ਼ੁਰਗ ਨਸ਼ਾ ਕਰਦੇ ਵੀ ਹਨ ਤਾਂ ਅਫ਼ੀਮ, ਭੁੱਕੀ ਅਤੇ ਸ਼ਰਾਬ ਦਾ। ਸਾਲ 'ਚ ਔਸਤਨ 300 ਤੋਂ ਜ਼ਿਆਦਾ ਮੌਤਾਂ ਨਸ਼ੇ ਦੀ ਓਵਰਡੋਜ਼ ਜਾਂ ਡਰੱਗ ਮਿਕਸਿੰਗ ਨਾਲ ਹੋ ਰਹੀਆਂ ਹਨ।
8 ਮਹੀਨਿਆਂ 'ਚ 760.28 ਕਿੱਲੋ ਹੈਰੋਇਨ ਬਰਾਮਦ, 11360 ਤਸਕਰ ਕਾਬੂ
ਪੰਜਾਬ ਪੁਲਸ ਦੀ ਡਰੱਗ ਤਸਕਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਬੀਤੇ 8 ਮਹੀਨਿਆਂ ਦੌਰਾਨ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ 8458 ਮਾਮਲੇ ਦਰਜ ਕਰ ਕੇ 11360 ਤਸਕਰਾਂ ਨੂੰ ਕਾਬੂ ਕੀਤਾ ਹੈ। ਪੰਜਾਬ ਪੁਲਸ ਦੀਆਂ ਟੀਮਾਂ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇੰਨੀ ਵੱਡੀ ਖੇਪ ਦੀ ਸੂਚਨਾ ਪੰਜਾਬ ਪੁਲਸ ਨੂੰ ਤਾਂ ਸੀ ਪਰ ਸਥਾਨਕ ਪੁਲਸ ਨੂੰ ਨਹੀਂ।
ਦੂਰੀ ਦੇ ਨਾਲ ਹੀ ਵੱਧਦੀ ਜਾਂਦੀ ਹੈ ਹੈਰੋਇਨ ਦੀ ਕੀਮਤ
ਹੈਰੋਇਨ ਸ਼ੁਰੂ ਵਿਚ ਪਾਕਿਸਤਾਨ ਤੋਂ ਪੰਜਾਬ ਦੇ ਰਾਹ ਸਿਰਫ਼ ਅੱਗੇ ਸਪਲਾਈ ਕਰਨ ਲਈ ਹੀ ਆਉਂਦੀ ਸੀ। ਤਸਕਰ ਮੋਟੀ ਰਕਮ ਲੈ ਕੇ ਪੰਜਾਬ ਤੋਂ ਦਿੱਲੀ, ਮੁੰਬਈ ਅਤੇ ਨੇਪਾਲ ਤੱਕ ਹੈਰੋਇਨ ਦੀ ਤਸਕਰੀ ਕਰਦੇ ਸਨ। ਅਫ਼ਗਾਨਿਸਤਾਨ ਵਿਚ ਕੁਝ ਲੱਖ ਦੀ ਹੈਰੋਇਨ ਪਾਕਿਸਤਾਨ ਪਹੁੰਚਦੀ ਹੈ ਤਾਂ ਦੁੱਗਣੀ, ਤਿੱਗਣੀ ਕੀਮਤ ਹੋ ਜਾਂਦੀ ਹੈ ਅਤੇ ਸਰਹੱਦ ਪਾਰ ਕਰ ਕੇ ਪੰਜਾਬ ਪਹੁੰਚਦੇ ਹੀ ਇਹ 8-10 ਗੁਣਾ ਜ਼ਿਆਦਾ ਕੀਮਤ ’ਤੇ ਵਿਕਦੀ ਹੈ। ਮਤਲਬ ਦੂਰੀ ਵੱਧਦੇ ਹੀ ਇਸਦੀ ਕੀਮਤ ਵੱਧਦੀ ਜਾਂਦੀ ਹੈ। ਪੰਜਾਬ ਤੋਂ ਅੱਗੇ ਦੇਸ ਦੇ ਵੱਖ-ਵੱਖ ਰਾਜਾਂ 'ਚ ਹੈਰੋਇਨ ਦੀ ਕੀਮਤ ਇਸ ਤੋਂ ਵੀ ਦੁੱਗਣੀ ਹੋ ਜਾਂਦੀ ਹੈ। ਕਾਰਣ ਸਾਫ਼ ਹੈ, ਬਾਰਡਰ ’ਤੇ ਆਈ ਹੈਰੋਇਨ ਦੀ ਖ਼ੇਪ ਨੂੰ ਚੁੱਕਣ ਦਾ ਜੋਖਮ ਹਰ ਕੋਈ ਨਹੀਂ ਲੈਣਾ ਚਾਹੁੰਦਾ। ਨਿੱਕੀ ਜਿਹੀ ਭੁੱਲ ਬੀ. ਐੱਸ. ਐੱਫ. ਦੀ ਗੋਲੀ ਦਾ ਸ਼ਿਕਾਰ ਬਣਾ ਸਕਦੀ ਹੈ। ਇਹੀ ਕਾਰਣ ਹੈ ਕਿ ਕਈ ਜਗ੍ਹਾ ਨਾਬਾਲਿਗ ਬੱਚਿਆਂ ਨੂੰ ਇਹ ਕੰਮ ਸੌਂਪ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ Internet ਨੂੰ ਲੈ ਕੇ ਆਈ ਵੱਡੀ ਖ਼ਬਰ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ
ਤਸਕਰੀ ਦੇ ਤਰੀਕੇ 'ਚ ਵੀ ਹੋਇਆ ਬਦਲਾਅ
ਸ਼ੁਰੂਆਤੀ ਸਮੇਂ ਵਿਚ ਹੈਰੋਇਨ ਦੇ ਛੋਟੇ ਪੈਕੇਟ ਸੀਮਾ ਪਾਰ ਤੋਂ ਸੁੱਟ ਦਿੱਤੇ ਜਾਂਦੇ ਸਨ, ਜਿਸ ਨੂੰ ਇੱਧਰ ਕੋਰੀਅਰ ਚੁੱਕ ਕੇ ਮੰਜ਼ਿਲ ਤੱਕ ਪਹੁੰਚਾਉਂਦੇ ਸਨ। ਫਿਰ ਕਿੱਲੋ-ਦੋ ਕਿੱਲੋ ਦੀ ਖ਼ੇਪ ਲਈ ਪਾਈਪ ਦਾ ਸਹਾਰਾ ਲਿਆ ਜਾਣ ਲੱਗਾ। ਪਾਕਿਸਤਾਨ ਤੋਂ ਭਾਰਤੀ ਸੀਮਾ ਵਿਚ ਪਲਾਸਟਿਕ ਦਾ ਕੁੱਝ ਫੁੱਟ ਲੰਬਾ ਪਾਈਪ ਪਾ ਕੇ ਉਸਦੇ ਜ਼ਰੀਏ ਇਹ ਡਰੱਗਜ਼ ਸੌਖ ਨਾਲ ਸੀਮਾ ਪਾਰ ਕਰ ਜਾਂਦੇ ਸਨ। ਕੁਝ ਸਾਲਾਂ ਤੋਂ ਇਹ ਸਿਲਸਿਲਾ ਵੀ ਟੁੱਟਿਆ ਅਤੇ ਹਾਈਟੈੱਕ ਬਣੇ ਤਸਕਰ ਡਰੋਨ ਨੂੰ ਤਸਕਰੀ ਲਈ ਇਸਤੇਮਾਲ ਕਰਨ ਲੱਗੇ। ਇਸ ਤੋਂ ਵੱਡੀ ਖੇਪ ਵੀ ਸੌਖ ਨਾਲ ਸੀਮਾ ਪਾਰ ਤੋਂ ਆਉਣ ਲੱਗੀ। ਪਿਛਲੇ ਕੁਝ ਮਹੀਨਿਆਂ ਵਿਚ ਆਦਮਕੱਦ ਡਰੋਨ ਸੀਮਾ ’ਤੇ ਗ੍ਰਿਫ਼ਤ ਵਿਚ ਆ ਚੁੱਕੇ ਹਨ।
ਨਸ਼ੇ ਦੇ ਖ਼ਤਰੇ ਨਾਲ ਨਜਿੱਠਣ ਲਈ ਵੱਡੇ ਪੈਮਾਨੇ ’ਤੇ ਮੁਹਿੰਮ ਸ਼ੁਰੂ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ’ਤੇ ਪੰਜਾਬ ਪੁਲਸ ਵਲੋਂ ਸਰਹੱਦੀ ਸੂਬੇ ਤੋਂ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਵੱਡੇ ਪੈਮਾਨੇ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀ. ਨੂੰ ਸਖ਼ਤ ਹੁਕਮ ਦਿੱਤਾ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਸਾਰੇ ਹਾਟ ਸਪਾਟਸ, ਜਿੱਥੇ ਨਸ਼ਾ ਜ਼ਿਆਦਾ ਹੈ ਅਤੇ ਸਾਰੇ ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕਰੋ। ਡੀ. ਜੀ. ਪੀ. ਨੇ ਪੁਲਸ ਮੁਖੀਆਂ ਨੂੰ ਗ੍ਰਿਫ਼ਤਾਰ ਕੀਤੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਪ੍ਰਭਾਵੀ ਢੰਗ ਨਾਲ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News