ਨਸ਼ਿਆਂ ਖ਼ਿਲਾਫ਼ ਮੁਹਿੰਮ : ਪੰਜਾਬ ਪੁਲਸ ਨੇ ਇਕ ਹਫ਼ਤੇ ''ਚ 11.56 ਕਿੱਲੋ ਹੈਰੋਇਨ ਸਣੇ 353 ਨਸ਼ਾ ਤਸਕਰ ਕੀਤੇ ਕਾਬੂ

Monday, Oct 17, 2022 - 04:22 PM (IST)

ਨਸ਼ਿਆਂ ਖ਼ਿਲਾਫ਼ ਮੁਹਿੰਮ : ਪੰਜਾਬ ਪੁਲਸ ਨੇ ਇਕ ਹਫ਼ਤੇ ''ਚ 11.56 ਕਿੱਲੋ ਹੈਰੋਇਨ ਸਣੇ 353 ਨਸ਼ਾ ਤਸਕਰ ਕੀਤੇ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਨਸ਼ਿਆਂ ਖ਼ਿਲਾਫ਼ ਜੰਗ ਦੌਰਾਨ ਪੰਜਾਬ ਪੁਲਸ ਨੇ ਪਿਛਲੇ ਇੱਕ ਹਫ਼ਤੇ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਐਕਟ ਤਹਿਤ 33 ਵਪਾਰਕ ਮਾਮਲਿਆਂ ਸਮੇਤ 271 ਐੱਫ. ਆਈ. ਆਰ. ਦਰਜ ਕਰਕੇ 353 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਪੁਲਸ ਨੇ ਇੱਕ ਹਫ਼ਤੇ 'ਚ 11.56 ਕਿੱਲੋ ਹੈਰੋਇਨ, 13.51 ਕਿੱਲੋ ਅਫ਼ੀਮ, 900 ਗ੍ਰਾਮ ਗਾਂਜਾ, 8  ਕੁਇੰਟਲ ਭੁੱਕੀ, ਫਾਰਮਾ ਓਪੀਓਡਜ਼ ਦੀਆਂ 88014 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਤੋਂ ਇਲਾਵਾ 20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਫਿਰ ਖੁੱਲ੍ਹਣਗੀਆਂ ਸੈਂਕੜੇ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਪਰਤਾਂ, CM ਮਾਨ ਨੇ ਦਿੱਤੀ ਜਾਂਚ ਨੂੰ ਮਨਜ਼ੂਰੀ

ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫ਼ਤੇ ਐੱਨ. ਡੀ. ਪੀ. ਐੱਸ ਕੇਸਾਂ 'ਚ 11 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 376 ਹੋ ਗਈ ਹੈ। ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਸਾਰੇ ਸੀ. ਪੀਜ਼./ਐੱਸ. ਐੱਸ. ਪੀਜ਼. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਖ਼ਾਸ ਤੌਰ 'ਤੇ ਡਰੱਗ ਰਿਕਵਰੀ ਨਾਲ ਸਬੰਧਿਤ ਮਾਮਲਿਆਂ 'ਚ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਇਹ ਨਸ਼ੇ ਦੀ ਮਾਮੂਲੀ ਮਾਤਰਾ ਦੀ ਬਰਾਮਦੀ ਹੀ ਹੋਵੇ।

ਇਹ ਵੀ ਪੜ੍ਹੋ : ਪੰਜਾਬ 'ਚ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੱਡੀ ਸਿਹਤ ਚੁਣੌਤੀ, ਹੈਰਾਨ ਕਰ ਦੇਵੇਗੀ ਇਹ ਰਿਪੋਰਟ

ਜ਼ਿਕਰਯੋਗ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਸ ਵੱਲੋਂ ਸਰਹੱਦੀ ਸੂਬੇ ਪੰਜਾਬ ਤੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਡੀ. ਜੀ. ਪੀ. ਵੱਲੋਂ ਸਾਰੇ ਸੀ. ਪੀਜ਼./ਐੱਸ. ਐੱਸ. ਪੀਜ਼. ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ 'ਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਨ੍ਹਾਂ ਪੁਲਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜ੍ਹੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਤੋਂ ਨਾਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News