ਪੰਜਾਬ ਨੂੰ ਨਹੀਂ ਮਿਲ ਰਿਹੈ ''ਨਸ਼ਿਆਂ'' ਤੋਂ ਛੁਟਕਾਰਾ
Saturday, Feb 15, 2020 - 03:34 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਹੀ ਨਸ਼ਿਆਂ ਦਾ ਸਫਾਇਆ ਕਰ ਦਿੱਤੇ ਜਾਣ ਦਾ ਦਾਅਵਾ ਕਰ ਰਹੇ ਹਨ ਪਰ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਸੂਬੇ 'ਚ ਨਸ਼ੇ ਦੀ ਆਮਦ ਅਤੇ ਨਸ਼ਾਖੋਰੀ ਉਸੇ ਤਰ੍ਹਾਂ ਜਾਰੀ ਹੈ। ਸਿਹਤ ਵਿਭਾਗ ਵਲੋਂ ਪਿਛਲੇ ਮਹੀਨੇ ਜਾਰੀ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਕ ਸਾਲ 'ਚ ਕਰੀਬ 80 ਹਜ਼ਾਰ ਨਵੇਂ ਨਸ਼ੇੜੀਆਂ ਦੇ ਕੇਸ ਸਾਹਮਣੇ ਆਏ ਹਨ, ਜੋ ਹੈਰੋਇਨ ਦਾ ਇਸਤੇਮਾਲ ਕਰਨ ਦੇ ਆਦੀ ਹੋ ਗਏ ਹਨ।
ਇਸੇ ਤਰ੍ਹਾਂ ਔਸਤਨ 215 ਨਵੇਂ ਲੋਕ ਹਰ ਰੋਜ਼ ਨਸ਼ਾਖੋਰੀ 'ਚ ਉਤਰ ਰਹੇ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਕ ਸਾਲ 'ਚ 2.09 ਲੱਖ ਨਵੇਂ ਨਸ਼ੇੜੀ ਅਫੀਮ, ਭੁੱਕੀ ਜਾਂ ਕੋਈ ਹੋਰ ਨਸ਼ਾ ਕਰ ਰਹੇ ਹਨ, ਉਹ ਵੀ ਇਲਾਜ ਲਈ ਸੂਚੀਬੱਧ ਕੀਤੇ ਗਏ ਹਨ। ਜਨਵਰੀ ਤੋਂ ਦਸੰਬਰ 2019 ਦੌਰਾਨ ਹੈਰੋਇਨ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 'ਚ 35 ਫੀਸਦੀ ਦਾ ਵਾਧਾ ਹੋਇਆ ਹੈ। ਨਸ਼ਿਆਂ ਦੀ ਰੋਕਥਾਮ ਲਈ ਐੱਸ. ਆਈ. ਟੀ. ਦਾ ਗਠਨ ਕੀਤੇ ਜਾਣ ਤੋਂ ਬਾਅਦ ਪੂਰੇ ਸੂਬੇ 'ਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ 'ਚ ਤੇਜ਼ੀ ਆਈ ਹੈ।