ਹੈਰਾਨ ਕਰਦੀ ਰਿਪੋਰਟ: ਨਸ਼ਿਆਂ ਨੇ ਖਾ ਲਈ ਪੰਜਾਬ ਦੀ ‘ਜਵਾਨੀ’, ਹੋਈਆਂ ਹਜ਼ਾਰਾਂ ਮੌਤਾਂ ਤੇ ਘਰਾਂ 'ਚ ਵਿਛੇ ਸੱਥਰ

Saturday, Feb 04, 2023 - 05:24 PM (IST)

ਹੈਰਾਨ ਕਰਦੀ ਰਿਪੋਰਟ: ਨਸ਼ਿਆਂ ਨੇ ਖਾ ਲਈ ਪੰਜਾਬ ਦੀ ‘ਜਵਾਨੀ’, ਹੋਈਆਂ ਹਜ਼ਾਰਾਂ ਮੌਤਾਂ ਤੇ ਘਰਾਂ 'ਚ ਵਿਛੇ ਸੱਥਰ

ਸੁਲਤਾਨਪੁਰ ਲੋਧੀ (ਧੀਰ)-ਭਾਵੇਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਸ਼ਿਆਂ ਦੇ ਮੁੱਦੇ ’ਤੇ ਇਕ ਦੂਜੇ ਨੂੰ ਕੋਸ ਰਹੀਆਂ ਹਨ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਅਸੀਂ ਤਾਂ ਦੁੱਧ ਧੋਤੇ ਆ, ਨਸ਼ੇ ਤਾਂ ਦੂਜੇ ਵਿਕਾਉਂਦੇ ਆ ਪਰ ਅਸਲ ਸੱਚ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਸੂਬੇ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਅਤੇ ਨਸ਼ਿਆਂ ਦੇ ਖ਼ਾਤਮੇ ਦਾ ਉਪਰਾਲਾ ਨਹੀਂ ਕੀਤਾ। ਹੁਣ ਤੱਕ ਨਸ਼ਿਆਂ ’ਤੇ ਸਿਰਫ਼ ਸਿਆਸਤ ਹੀ ਹੋਈ ਹੈ, ਜਦਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਹਜ਼ਾਰਾਂ ਮੌਤਾਂ ਨਸ਼ਿਆਂ ਨਾਲ ਹੋਈਆਂ ਹਨ ਅਤੇ ਘਰ-ਘਰ ਸੱਥਰ ਵਿਛੇ ਹਨ। ਨਸ਼ੇ ਨੇ ਲੱਖਾਂ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਅਨੇਕਾਂ ਘਰਾਂ ਨੂੰ ਜਿੰਦਰੇ ਲਵਾ ਦਿੱਤੇ ਹਨ। ਅਖੌਤੀ ਬਾਬਿਆਂ ਦੇ ਡੇਰੇ ਵੀ ਨਸ਼ਿਆਂ ਦੇ ਅੱਡੇ ਬਣੇ ਹੋਏ ਹਨ। ਹਰ 13 ਸਕਿੰਟ ਬਾਅਦ ਇਕ ਭਾਰਤੀ ਦੀ ਮੌਤ ਨਸ਼ੇ ਕਰਕੇ ਹੁੰਦੀ ਹੈ ਅਤੇ ਪੰਜਾਬ ’ਚ ਹਰ 6 ਘੰਟਿਆਂ ਬਾਅਦ ਇਕ ਨੌਜਵਾਨ ਨਸ਼ੇੜੀ ਮੁੰਡਾ ਮੌਤ ਦੇ ਮੂੰਹ ’ਚ ਜਾ ਰਿਹਾ ਹੈ, ਜੇ ਇਹ ਸਾਰਾ ਕੁਝ ਵਾਪਰ ਰਿਹਾ ਹੈ ਤਾਂ ਫਿਰ ਸਾਡੇ ਪੰਜਾਬ ਦਾ ਭਵਿੱਖ ਕੀ ਰਹਿ ਗਿਆ ਹੈ।

ਸਫੇਦ ਹਾਥੀ ਹੀ ਸਾਬਤ ਹੋ ਰਹੇ ਨਸ਼ਾ ਛੁਡਾਊ ਕੇਂਦਰ
ਭਾਵੇਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਸੂਬੇ ਦੇ ਲਈ ਸਰਕਾਰੀ ਹਸਪਤਾਲਾਂ ’ਚ ਆਰਜ਼ੀ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਤਾਂ ਬਣਵਾਏ ਹਨ ਪਰ ਜੇਕਰ ਵੇਖਿਆ ਜਾਵੇ ਤਾਂ ਇਹ ਕੇਂਦਰ ਜ਼ਿਆਦਾਤਰ ਸਫੇਦ ਹਾਥੀ ਹੀ ਸਾਬਤ ਹੋ ਰਹੇ ਹਨ। ਡਾਕਟਰਾਂ ਤੋਂ ਇਲਾਵਾ ਨਸ਼ਾ ਛਡਾਊ ਕੇਂਦਰਾਂ ’ਚ ਸਟਾਫ਼ ਅਤੇ ਅਮਲੇ ਫੈਲੋ ਦੀ ਵੀ ਘਾਟ ਹੈ। ਦਵਾਈਆਂ ਵੀ ਲੋੜ ਅਨੁਸਾਰ ਨਹੀਂ ਮਿਲਦੀਆਂ। ਸਹੀ ਇਲਾਜ ਨਾ ਹੋਣ ਕਰਕੇ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰ ਖ਼ਾਲੀ ਪਏ ਰਹਿੰਦੇ ਹਨ।

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਰੋਜ਼ਾਨਾ ਲੱਖਾਂ ਰੁਪਏ ਦਾ ਵਿਕਦੈ ਨਸ਼ਾ
ਸੂਬੇ ’ਚ ਇਕ ਨਜ਼ਰ ਮਾਰੀਏ ਤਾਂ ਰੋਜ਼ਾਨਾ ਲੱਖਾਂ ਰੁਪਏ ਦਾ ਨਸ਼ਾ ਲੋਕ ਖਾ ਰਹੇ ਹਨ ਅਤੇ ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਰਕੇ ਕੰਗਾਲਾਂ ਵਾਲੀ ਬਣ ਚੁੱਕੀ ਹੈ। ਨਸ਼ਿਆਂ ਕਾਰਨ ਵੱਡੇ ਪੱਧਰ ’ਤੇ ਆਰਥਿਕ ਸੱਟ ਵੱਜੀ ਹੈ। ਨਸ਼ਿਆਂ ਕਾਰਨ ਲੋਕਾਂ ਦੀਆਂ ਜ਼ਮੀਨ-ਜਾਇਦਾਦਾਂ ਤੱਕ ਵਿਕ ਗਈਆਂ। ਕਿਸਾਨੀ ਘਰਾਂ ਨਾਲ ਜੁਡ਼ੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾੜੀਆਂ ਕਰ ਰਹੇ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ, ਚੋਰੀਆਂ, ਡਾਕੇ ਮਾਰ ਰਹੇ ਹਨ।

ਨਸ਼ਿਆਂ ਦਾ ਰੁਝਾਨ ਸਭ ਪਾਸੇ ਵਧਿਆ
ਨਸ਼ੇ ਦਾ ਰੁਝਾਨ ਸਭ ਪਾਸੇ ਇੰਨਾ ਵੱਧ ਗਿਆ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਾਹ ਨਹੀਂ, ਜਿੱਥੇ ਨਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਇਸੇ ਤਰ੍ਹਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦੀ ਓਵਰਡੋਜ਼ ਲੈਣ ਵਾਲੀਆਂ ਨੌਜਵਾਨ ਕੁਡ਼ੀਆਂ ਦੀ ਵੀ ਮੌਤ ਹੋਣ ਲੱਗੀ ਹੈ, ਜਿਸ ਲਈ ਜ਼ਿੰਮੇਵਾਰੀ ਸਾਡੀਆਂ ਸਰਕਾਰਾਂ ਹਨ। ਸ਼ਰਾਬ ਨੂੰ ਕਈ ਲੋਕ ਨਸ਼ਾ ਹੀ ਨਹੀਂ ਗਿਣਦੇ, ਜਦਕਿ ਸ਼ਰਾਬ ਪੀਣ ਨਾਲ ਪੰਜਾਬ ’ਚ ਹਜ਼ਾਰਾਂ ਮੌਤਾਂ ਹੋਈਆਂ ਹਨ ਅਤੇ ਮਨੁੱਖੀ ਸਿਹਤ ਲਈ ਸ਼ਰਾਬ ਬੇਹੱਦ ਖ਼ਤਰਨਾਕ ਹੈ।

ਨਸ਼ਿਆਂ ’ਤੇ ਹੋ ਰਹੀ ਸਿਆਸਤ
ਨਸ਼ਿਆਂ ’ਤੇ ਰਾਜਨੀਤੀ ਹੋ ਰਹੀ ਹੈ ਪਰ ਨਸ਼ਾ ਕਿਤੇ ਵੀ ਘਟਿਆ ਨਹੀਂ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਅਸਲ ’ਚ ਨਸ਼ਿਆਂ ਦੇ ਮੁੱਦੇ ਨੂੰ ਅਜੇ ਤੱਕ ਗੰਭੀਰਤਾ ਨਾਲ ਨਹੀਂ ਲਿਆ। ਦੁੱਖ ਉਨ੍ਹਾਂ ਮਾਵਾਂ ਨੂੰ ਹੈ, ਜਿਨ੍ਹਾਂ ਦੇ ਪੁੱਤ ਨਸ਼ਿਆਂ ’ਚ ਰੁੜ ਗਏ। ਜੇਕਰ ਸਿਆਸੀ ਆਗੂ ਨਸ਼ੇ ਵੇਚਣ ਵਾਲਿਆਂ ਦਾ ਪੱਖ ਨਾ ਪੂਰਨ ਅਤੇ ਈਮਾਨਦਾਰੀ ਨਾਲ ਕੰਮ ਕਰਨ ਤਾਂ ਨਸ਼ਿਆਂ ਦੇ ਰੁਝਾਨ ਨੂੰ ਕੁਝ ਹੱਦ ਤੱਕ ਠੱਲ੍ਹ ਪੈ ਸਕਦੀ ਹੈ। ਇਕੱਲੇ ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ ਦਾ ਨਾਅਰਾ ਲਾ ਕੇ ਸਮਾਜ ਨੂੰ ਸੁਧਾਰਿਆ ਨਹੀਂ ਜਾ ਸਕਦਾ ਤੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਲੰਧਰ ਦੌਰੇ 'ਤੇ CM ਭਗਵੰਤ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਵਾਂਗੇ

ਨਸ਼ਿਆਂ ਨੇ ਰਿਸ਼ਤੇ ਕੀਤੇ ਖ਼ਤਮ
ਨਸ਼ੇ ਦੀ ਖਾਤਰ ਪੁੱਤ ਨੇ ਮਾਂ ਨੂੰ ਮਾਰਿਆ, ਨਸ਼ੇ ਲਈ ਪੈਸੇ ਨਾ ਦੇਣ ’ਤੇ ਪਿਓ ਦਾ ਗੱਲ ਵੱਢ ਦਿੱਤਾ, ਨਸ਼ੇ ਖਾਤਰ ਭੈਣ ਦੀ ਇੱਜ਼ਤ ਨਿਲਾਮ ਕਰ ਦਿੱਤੀ, ਘਰਵਾਲੀ ਨੂੰ ਮਾਰਿਆ। ਨਸ਼ੇ ਦੀ ਖਾਤਰ ਹੀ ਕੋਈ ਬਾਪ ਧੀ ਦਾ ਮਾਂਸ ਵੇਚਣ ਤੋਂ ਸੰਕੋਚ ਨਹੀਂ ਕਰਦਾ ਹੈ। ਨਸ਼ਾ ਸਿਰਫ਼ ਘਰ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਨਰਕ ਬਣਾ ਦਿੱਤਾ ਹੈ। ਨਸ਼ਿਆਂ ਦੀ ਪੂਰਤੀ ਲਈ ਨਸ਼ਈ ਹਰ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਸ ਵੇਲੇ ਨਸ਼ਿਆਂ ਦੀ ਲਹਿਰ ਨੇ ਪੰਜਾਬ ਦੇ 70 ਫ਼ੀਸਦੀ ਗੱਭਰੂਆਂ ਅਤੇ 17 ਫ਼ੀਸਦੀ ਮੁਟਿਆਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ।

ਲੋਕ ਖ਼ੁਦ ਹੋਣ ਜਾਗਰੂਕ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਣਾਉਣ ਲਈ ਲੋਕ ਖ਼ੁਦ ਜਾਗਰੂਕ ਹੋਣ ਅਤੇ ਇਕੱਠੇ ਹੋ ਕੇ ਯੋਗ ਉਪਰਾਲੇ ਕਰਨ, ਕਿਉਂਕਿ ਨਸ਼ਿਆਂ ਦਾ ਰੁਝਾਨ ਬੇਹਦ ਮਾੜਾ ਹੈ ਅਤੇ ਇਸ ਦੇ ਖ਼ਾਤਮੇ ਲਈ ਇਕੱਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਜੇਕਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਫ਼ਨੇ ਪੂਰੇ ਕਰਨੇ ਹਨ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਸਭ ਵਰਗਾਂ ਦੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਬੀੜਾ ਚੁੱਕਣ ਦੀ ਤੁਰੰਤ ਲੋੜ ਹੈ।

ਬੇਰੁਜ਼ਗਾਰੀ ਨੇ ਨਸ਼ਿਆਂ ’ਚ ਕੀਤਾ ਵਾਧਾ
ਨੌਜਵਾਨਾਂ ’ਚ ਨਸ਼ਿਆਂ ਦਾ ਵੱਧ ਰੁਝਾਨ ਬੇਹਦ ਚਿੰਤਾਜਨਕ ਹੈ ਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਨਿਸ਼ਾਨੀ ਹੈ। ਨੌਜਵਾਨ ਵਰਗ ਰੋਜ਼ਗਾਰ ਦੇ ਵਸੀਲਿਆਂ ਦੀ ਅਣਹੋਂਦ ਕਾਰਨ ਵਿਹਲ ਤੋਂ ਅੱਕਿਆ ਤੇ ਭਵਿੱਖ ਪ੍ਰਤੀ ਨਿਰਾਸ਼ ਹੈ।ਜਿਸ ਕਾਰਨ ਨਸ਼ਿਆਂ ਦੀ ਗੋਦ ’ਚ ਬੈਠ ਕੇ ਆਪਣੇ ਆਪ ਨੂੰ ਭੁੱਲ ਰਿਹਾ ਹੈ। ਨਸ਼ੇ ਆਦਮੀ ਦੀ ਅੰਦਰਨੀ ਕੁਦਰਤੀ ਸ਼ਕਤੀ ਦਾ ਨਾਸ਼ ਕਰ ਦਿੰਦੇ ਹਨ। ਸਾਡੇ ਸਮਾਜ ’ਚ ਬੱਚੇ ਦੇ ਜਨਮ ਤੋਂ ਲੈ ਕੇ ਮੰਗਣੀ, ਵਿਆਹ, ਨੌਕਰੀ, ਰਿਟਾਇਰਮੈਂਟ ਆਦਿ ਕੋਈ ਵੀ ਰਸਮ ਨਸ਼ੇ ਬਿਨਾਂ ਪੂਰੀ ਨਹੀ ਹੁੰਦੀ। ਅਸਲ ‘ਚ ਰਾਜ ਕਰਨ ਵਾਲੀਆ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਲੋਕ ਨਸ਼ਾ ਕਰਕੇ ਤੁਰਨ-ਫਿਰਨ ਅਤੇ ਉਨ੍ਹਾਂ ਸਾਹਮਣੇ ਕੋਈ ਸਵਾਲ ਖਡ਼੍ਹਾ ਨਾ ਕਰ ਸਕਣ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ‘ਚ ਨਸ਼ਿਆਂ ਦੀ ਵਰਤੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ।

ਤਕੜੇ ਜੁੱਸੇ ਵਾਲੇ ਗੱਭਰੂ ਨਹੀਂ ਲੱਭਦੇ
ਕੌਮਾਂਤਰੀ ਪੱਧਰ ’ਤੇ ਲਗਭਗ 200 ਮਿਲੀਅਨ ਲੋਕ ਖਤਰਨਾਕ ਨਸ਼ਿਆਂ ਦੇ ਚੁੰਗਲ ’ਚ ਫਸੇ ਹੋਏ ਹਨ। ਨਸ਼ੇ ’ਚ ਸਮੈਕ, ਹੈਰੋਇਨ, ਕੋਕੀਨ, ਕੈਮੀਕਲ ਨਸ਼ੇ ਦੀਆਂ ਸ਼ੀਸ਼ੀਆਂ, ਗੋਲੀਆ, ਕੈਪਸੂਲ, ਟੀਕੇ ਅਤ ਹੋਰ ਖ਼ਤਰਨਾਕ ਰਸਾਇਣਕ ਨਸ਼ੇ ਅੱਜ ਨੌਜਵਾਨ ਵਰਗ ’ਚ ਪ੍ਰਚਲਿਤ ਹਨ। ਅੱਜ ਪੰਜਾਬ ’ਚ ਤਕੜੇ ਜੁੱਸੇ ਵਾਲੇ ਗੱਭਰੂ ਲੱਭਣੇ ਔਖੇ ਹੋ ਗਏ ਹਨ।

ਇਹ ਵੀ ਪੜ੍ਹੋ : ਜਲੰਧਰ: 6 ਦਿਨ ਲੁੱਟਾਂਖੋਹਾਂ, ਸਿਰਫ਼ ਛੱਡਿਆ ਵੀਰਵਾਰ ਦਾ ਦਿਨ, ਲੁਟੇਰਿਆਂ ਦੇ ਤਰੀਕੇ ਨੂੰ ਜਾਣ ਪੁਲਸ ਵੀ ਹੋਈ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News