ਤੀਜੀ ਕਲਾਸ ਦੇ ਬੱਚੇ ਨੇ ਮੈਡਮ ਕੋਲ ਫਰੋਲਿਆ ਦੁੱਖ, ਪਿਤਾ ਦਾ ਨਸ਼ਾ ਛੁਡਾਉਣ ਲਈ ਮੰਗੀ ਮਦਦ

10/26/2019 2:40:44 PM

ਨਵਾਂਸ਼ਹਿਰ (ਤ੍ਰਿਪਾਠੀ)— ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦਾ ਅਸਰ ਹੌਲੀ-ਹੌਲੀ ਦਿੱਸਣਾ ਸ਼ੁਰੂ  ਹੋ ਗਿਆ ਹੈ। ਨਵਾਂਸ਼ਹਿਰ ਦੇ ਸਰਕਾਰੀ ਸਕੂਲ 'ਚ ਤੀਜੀ ਜਮਾਤ ਦੇ ਬੱਚੇ ਨੇ ਅਧਿਆਪਕ ਨੂੰ ਅਜਿਹਾ ਸਵਾਲ ਕਰ ਦਿੱਤਾ, ਜਿਸ ਨੂੰ ਸੁਣ ਕੇ ਉਹ ਵੀ ਹੈਰਾਨ ਰਹਿ ਗਈ। ਦਰਅਸਲ ਬੱਚੇ ਨੇ ਭਰੀ ਕਲਾਸ 'ਚ ਆਪਣੀ ਮੈਡਮ ਨੂੰ ਸਵਾਲ ਕੀਤਾ ਕਿ ਮੇਰੇ ਪਿਤਾ ਨਸ਼ਾ ਕਰਦੇ ਹਨ, ਜਿਸ ਕਰਕੇ ਮਾਂ ਤੇ ਭਰਾ ਬੇਹੱਦ ਪਰੇਸ਼ਾਨ ਰਹਿੰਦੇ ਹਨ। ਇਹ ਕਿਵੇਂ ਛੁੱਟੇਗਾ। ਇਹ ਗੱਲ ਸੁਣ ਕੇ ਜਿੱਥੇ ਟੀਚਰ ਹੈਰਾਨ ਰਹਿ ਗਈ, ਉਥੇ ਹੀ ਉਸ ਨੇ ਬੱਚ ਨੂੰ ਮਦਦ ਦਾ ਭਰੋਸਾ ਵੀ ਦਿੱਤਾ। ਉਸ ਨੇ ਆਪਣੇ ਪਤੀ ਮਾਸਟਰ ਟ੍ਰੇਨਰ ਗੁਰਮੀਤ ਸਿੰਘ ਸਾਰੀ ਗੱਲ ਦੱਸੀ ਅਤੇ ਡੀ. ਸੀ. ਵਿਨੇ ਬੁਬਲਾਨੀ ਤੱਕ ਗੱਲ ਪਹੁੰਚਣ ਤੋਂ ਬਾਅਦ ਉਸ ਦੇ ਪਿਤਾ ਦਾ ਇਲਾਜ ਸ਼ੁਰੂ ਹੋ ਸਕਿਆ। 

ਜ਼ਿਲੇ 'ਚ ਬਡੀ ਗਰੁੱਪਾਂ ਦੇ ਮਾਸਟਰ ਟ੍ਰੇਨਰ ਵਜੋਂ ਸੇਵਾ ਨਿਭਾਅ ਰਹੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੇ ਸਾਇੰਸ ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸਰਕਾਰੀ ਸਕੂਲ (ਲੜਕੇ) ਰਾਹੋਂ 'ਚ ਪੜ੍ਹਾਉਂਦੀ ਹੈ। ਉਸ ਕੋਲ ਤੀਜੀ ਕਲਾਸ 'ਚ ਪੜ੍ਹਦੇ ਇਕ ਬੱਚੇ ਨੇ ਇਕ ਦਿਨ ਉਸ ਨੂੰ ਆਪਣੇ ਪਿਤਾ ਦੀ ਸ਼ਰਾਬ ਅਤੇ ਹੋਰ ਨਸ਼ਿਆਂ ਦੀਆਂ ਆਦਤਾਂ ਬਾਰੇ ਦੱਸਿਆ। ਇਹ ਵਾਕਿਆ 'ਡਿਸਟ੍ਰਿਕਟ ਮਿਸ਼ਨ ਟੀਮ' ਦੀ ਮੀਟਿੰਗ 'ਚ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਦੇ ਧਿਆਨ 'ਚ ਲਿਆਉਣ ਦਾ ਫੈਸਲਾ ਕੀਤਾ ਗਿਆ।

ਗੁਰਮੀਤ ਸਿੰਘ ਅਨੁਸਾਰ ਜਦੋਂ ਜ਼ਿਲਾ ਮਿਸ਼ਨ ਟੀਮ ਦੀ ਮੀਟਿੰਗ 'ਚ ਉਸ ਨੇ ਡਿਪਟੀ ਕਮਿਸ਼ਨਰ ਨੂੰ ਇਸ ਛੋਟੇ ਬੱਚੇ ਦੀ ਗੱਲ ਦੱਸੀ ਤਾਂ ਡਿਪਟੀ ਕਮਿਸ਼ਨਰ ਨੇ ਮੀਟਿੰਗ 'ਚ ਮੌਜੂਦ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਨੂੰ ਤੁਰੰਤ ਜ਼ਿਲਾ ਮਨੋਰੋਗ ਮਾਹਿਰ ਰਾਹੀਂ ਉਸ ਦਾ ਇਲਾਜ ਸ਼ੁਰੂ ਕਰਵਾਉਣ ਲਈ ਆਖਿਆ। ਸਿਵਲ ਸਰਜਨ ਵੱਲੋਂ ਜ਼ਿਲਾ ਹਸਪਤਾਲ 'ਚ ਮੌਜੂਦ ਡਾ. ਰਜਿੰਦਰ ਮਾਘੋ (ਮਨੋਰੋਗ ਮਾਹਿਰ) ਜੋ ਕਿ ਸਥਾਨਕ ਓਟ ਸੈਂਟਰ ਦੇ ਇੰਚਾਰਜ ਵੀ ਹਨ, ਪਾਸੋਂ ਦੋ ਦਿਨ ਪਹਿਲਾਂ ਬੱਚੇ ਦੇ ਪਿਤਾ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਬਬਲਾਨੀ ਨੇ ਬੱਚੇ ਦੇ ਪਿਤਾ ਦਾ ਇਲਾਜ ਸ਼ੁਰੂ ਹੋਣ 'ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਅਧਿਆਪਕਾਂ 'ਤੇ ਆਪਣੇ ਪਿਤਾ ਦੇ ਇਲਾਜ ਲਈ ਪ੍ਰਗਟਾਏ ਭਰੋਸੇ ਨੂੰ ਉਹ ਹਮੇਸ਼ਾ ਕਾਇਮ ਰੱਖਣਗੇ ਅਤੇ ਉਸ ਦੇ ਪਿਤਾ ਦਾ ਮੁਕੰਮਲ ਇਲਾਜ ਕਰਵਾਉਣਗੇ।


shivani attri

Content Editor

Related News