ਡਰੱਗਜ਼ ''ਤੇ ਕੰਟਰੋਲ ਲਈ ਕੈਪਟਨ ਸਰਕਾਰ ਨਵੀਆਂ ਨੌਕਰੀਆਂ ਦੇਣ ਦੇ ਫਾਰਮੂਲੇ ''ਤੇ ਕਰੇਗੀ ਕੰਮ

09/30/2018 10:42:59 AM

ਜਲੰਧਰ (ਧਵਨ)— ਪੰਜਾਬ 'ਚ ਡਰੱਗਜ਼ 'ਤੇ ਕੰਟਰੋਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਿੱਥੇ ਇਕ ਪਾਸੇ ਨਸ਼ਾ ਸਮੱਗਲਰਾਂ ਲਈ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਨੂੰ ਮੰਤਰੀ ਮੰਡਲ 'ਚ ਪਾਸ ਕੀਤਾ ਹੈ, ਉਥੇ ਹੀ ਦੂਜੇ ਪਾਸੇ ਹੁਣ ਕੈਪਟਨ ਸਰਕਾਰ ਇਕ ਨਵੀਂ ਰਣਨੀਤੀ 'ਤੇ ਕੰਮ ਕਰਨ ਵਾਲੀ ਹੈ। ਇਸ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਕਰੀਆਂ ਦਾ ਫਾਰਮੂਲਾ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਸਰਕਾਰ ਨੇ ਨਸ਼ਾ ਕਰਨ ਵਾਲੇ ਨੌਜਵਾਨਾਂ ਲਈ ਸਰਕਾਰੀ, ਪ੍ਰਾਈਵੇਟ ਅਤੇ ਅਰਧ ਸਰਕਾਰੀ ਖੇਤਰਾਂ 'ਚ ਨੌਕਰੀਆਂ ਕੱਢਣ ਦਾ ਫੈਸਲਾ ਕੀਤਾ ਹੈ। ਇਸ ਲਈ ਇਕ ਵਿਆਪਕ ਰਣਨੀਤੀ ਬਣਾਈ ਗਈ ਹੈ। 

ਸਰਕਾਰ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਪੇਂਡੂ ਖੇਤਰਾਂ 'ਚ ਨਸ਼ਿਆਂ 'ਚ ਸ਼ਾਮਲ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਆਉਣ ਲਈ ਉਨ੍ਹਾਂ ਲਈ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪੰਜਾਬ 'ਚ ਇਸ ਸਮੇਂ 84 ਨਸ਼ਾ ਛੁਡਾਊ ਕੇਂਦਰ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ 53 ਕੇਂਦਰ ਪ੍ਰਾਈਵੇਟ ਖੇਤਰ ਨਾਲ ਸਬੰਧ ਰੱਖਦੇ ਹਨ।ਸੂਬਾ ਸਰਕਾਰ ਕੇਂਦਰ ਵੱਲੋਂ ਸਪਸਰ ਸਕਿੱਲ ਡਿਵੈਲਪਮੈਂਟ ਨਾਲ ਸਬੰਧਤ ਯੋਜਨਾਵਾਂ ਦੀ ਵੀ ਸਮੀਖਿਆ ਕਰ ਰਹੀ ਹੈ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਕੇਂਦਰ ਸਪਾਂਸਰ ਯੋਜਨਾਵਾਂ ਤੋਂ ਉਹ ਫੰਡਾਂ ਦਾ ਪ੍ਰਬੰਧ ਕਰੇਗੀ। ਸੂਬੇ 'ਚ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਉਤਸ਼ਾਹਤ ਕੀਤਾ ਜਾਵੇਗਾ। ਖੇਡ ਵਿਭਾਗ ਨੂੰ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਤੰਦਰੁਸਤ ਪੰਜਾਬ ਦਾ ਸੰਦੇਸ਼ ਦੇਣ 'ਚ ਖੁਦ ਜੁਟੇ ਮੁੱਖ ਮੰਤਰੀ ਅਮਰਿੰਦਰ
ਪੰਜਾਬ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਮੁਹਿੰਮ ਜਿੱਥੇ ਇਕ ਪਾਸੇ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਤੰਦਰੁਸਤ ਪੰਜਾਬ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਜੁਟ ਗਏ ਹਨ। ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਅਤੇ ਜ਼ਿਲਾ ਅਧਿਕਾਰੀਆਂ ਨੂੰ ਤੰਦਰੁਸਤ ਪੰਜਾਬ ਸਬੰਧੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਬੀਤੇ ਦਿਨ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਮੁੱਖ ਮੰਤਰੀ ਨੇ ਖੁਦ ਸਾਈਕਲਿੰਗ ਕਰਕੇ ਲੋਕਾਂ ਨੂੰ ਇਕ ਨਵਾਂ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਨੌਜਵਾਨ ਸਨ ਤਾਂ ਸਾਈਕਲ ਪੋਲੋ ਅਕਸਰ ਖੇਡਿਆ ਕਰਦੇ ਸਨ। ਹੁਣ ਉਨ੍ਹਾਂ ਨੇ ਤੰਦਰੁਸਤ ਰਹਿਣ ਅਤੇ ਬੱਚਿਆਂ ਨੂੰ ਸਾਈਕਲਿੰਗ ਕਰਨ ਪ੍ਰਤੀ ਉਤਸ਼ਾਹਤ ਕਰਨ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਸੈਮੀ ਇਲੈਕਟ੍ਰਿਕ ਸਾਈਕਲ 'ਤੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ 'ਚ ਅਭਿਆਸ ਕੀਤਾ।


Related News