ਟੁੱਟ ਨਾ ਸਕਿਆ ਨਸ਼ਾ ਸਮੱਗਲਰਾਂ ਦਾ ਤਾਣਾ-ਬਾਣਾ

09/17/2019 4:06:39 PM

ਚੰਡੀਗੜ੍ਹ (ਰਮਨਜੀਤ ਸਿੰਘ) : ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਭਾਵੇਂ ਸ਼ੁਰੂਆਤੀ ਦਿਨਾਂ ਵਿਚ ਹੀ ਵਿਸ਼ੇਸ਼ ਕਾਰਵਾਈ ਬਲ (ਐੱਸ. ਟੀ. ਐੱਫ.) ਕਾਇਮ ਕਰ ਕੇ ਆਪਣਾ ਪੱਕਾ ਇਰਾਦਾ ਜ਼ਾਹਰ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਦੇ ਘਟਨਾ ਚੱਕਰ ਕਾਰਣ ਐੱਸ. ਟੀ. ਐੱਫ.ਦੇ ਪਹਿਲੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਹਟਾ ਦਿੱਤਾ ਗਿਆ ਜਿਸ ਨਾਲ ਲੋਕਾਂ ਦਾ ਭਰੋਸਾ ਡਗਮਗਾ ਗਿਆ। ਭਾਵੇਂ ਨਸ਼ੇ ਦੇ ਖਿਲਾਫ ਪੰਜਾਬ ਪੁਲਸ ਵਲੋਂ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖੀ ਗਈ ਅਤੇ ਦਾਅਵੇ ਕੀਤੇ ਜਾਂਦੇ ਰਹੇ ਕਿ ਨਸ਼ੇ ਦੇ ਵਪਾਰ ਦਾ ਲੱਕ ਤੋੜ ਦਿੱਤਾ ਗਿਆ ਹੈ ਅਤੇ ਉਸ ਨੇ ਸਪਲਾਈ ਲੜੀ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਦੱਸਦੀਆਂ ਹਨ।

ਨਸ਼ੇ ਦੀ ਡੋਜ਼ ਲੈਣ ਸਮੇਂ ਕੋਟਕਪੂਰਾ 'ਚ ਮਾਰੇ ਗਏ ਨੌਜਵਾਨ ਦੀ ਮਾਂ ਦੇ ਰੋਂਦਿਆਂ-ਕੁਰਲਾਉਂਦਿਆਂ ਵੀਡੀਓ ਨੇ ਪੰਜਾਬ ਦੇ ਹਰ ਵਿਅਕਤੀ ਨੂੰ ਹਲੂਣ ਦਿੱਤਾ ਤੇ ਮੁੜ ਤੋਂ ਹਰ ਵਿਅਕਤੀ ਦੇ ਨਿਸ਼ਾਨੇ 'ਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਆ ਗਈ। ਵਿਰੋਧੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਨਸ਼ਿਆਂ ਕਾਰਨ ਲਗਾਤਾਰ ਹੋਣ ਵਾਲੀਆਂ ਮੌਤਾਂ ਬਾਰੇ ਸਰਕਾਰ ਨੂੰ ਕਈ ਮੋਰਚਿਆਂ 'ਤੇ ਘੇਰਿਆ ਤੇ ਆਖਿਰਕਾਰ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਦੇ ਹੋਏ ਮੁੜ ਤੋਂ ਹਰਪ੍ਰੀਤ ਸਿੰਘ ਸਿੱਧੂ ਨੂੰ ਐੱਸ. ਟੀ. ਐੱਫ. ਦੀ ਜ਼ਿੰਮੇਵਾਰੀ ਸੌਂਪਣੀ ਪਈ। ਹਾਲਾਤ ਅਜੇ ਵੀ ਬਹੁਤੇ ਬਿਹਤਰ ਨਹੀਂ ਹੋਏ ਹਨ ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸਪਲਾਈ ਲਾਈਨ ਕੱਟਣ ਦੀ ਵਜ੍ਹਾ ਨਾਲ ਨਸ਼ੇ ਦੀ ਉਪਲੱਬਧਤਾ ਵਿਚ ਬਹੁਤ ਅਸਰ ਪਿਆ ਹੈ ਜਿਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਚਿੱਟਾ ਜਾਂ ਹੈਰੋਇਨ ਨਾ ਮਿਲਣ ਕਾਰਣ ਦਰਦ ਦੂਰ ਕਰਨ ਵਾਲੀ ਦਵਾਈ ਮਾਰਫੀਨ ਦਾ ਇਸਤੇਮਾਲ ਨਸ਼ਾ ਸਮੱਗਲਰ ਆਪਣੇ ਗਾਹਕਾਂ ਦੀ ਮੰਗ ਪੂਰੀ ਕਰਨ ਲਈ ਕਰ ਰਹੇ ਹਨ।

ਨੌਜਵਾਨ ਲੜਕੀਆਂ ਤੇ ਔਰਤਾਂ ਵੀ ਨਸ਼ੇ ਦੇ ਸ਼ਿਕੰਜੇ 'ਚ ਫਸੇ ਹੋਣ ਦੀਆਂ ਗੱਲਾਂ ਬਾਹਰ ਆਉਣ ਨਾਲ ਮਸਲੇ ਦੀ ਗੰਭੀਰਤਾ ਇਕ ਵਾਰ ਫਿਰ ਸਾਹਮਣੇ ਉਜਾਗਰ ਹੋਈ ਹੈ ਅਤੇ ਸਰਕਾਰ ਨੂੰ ਵੀ ਆਪਣੀ ਰਣਨੀਤੀ 'ਤੇ ਦੁਬਾਰਾ ਵਿਚਾਰ ਕਰਨ ਅਤੇ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੇ ਹੀ ਨਸ਼ੇ ਵਜੋਂ ਵਧੇ ਇਸਤੇਮਾਲ ਨੂੰ ਰੋਕਣ ਲਈ ਬੁਪਰੋ ਮਾਰਫਿਨ ਵਰਗੀ ਦਵਾਈ ਦੇ ਬੇਵਜ੍ਹਾ ਇਸਤੇਮਾਲ ਨੂੰ ਸੀਮਤ ਵਰਤੋਂ ਦੀ ਇਜਾਜ਼ਤ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਾਰਵਾਈ  35,339  ਸਮੱਗਲਰ ਨੱਪੇ  

773.517 ਕਿਲੋ ਹੈਰੋਇਨ ਐੱਸ. ਟੀ. ਐੱਫ. ਵਲੋਂ ਬਰਾਮਦ

(ਅੰਕੜਾ 1 ਜਨਵਰੀ 2017 ਤੋਂ ਜੁਲਾਈ 2019 ਤਕ ਦਾ)

ਕਿੰਨਾ ਰੁਕ ਸਕਿਆ ਨਸ਼ਾ
29182 ਐੱਫ. ਆਈ. ਆਰ. ਦਰਜ
100 ਵੱਡੇ ਸਮੱਗਲਰਾਂ ਦੀ ਨਿਸ਼ਾਨਦੇਹੀ

ਐੱਸ. ਟੀ. ਐੱਫ. ਦਾ ਇਹ ਵੀ ਵਾਅਦਾ
22.96 ਕਿਲੋ ਸਮੈਕ, 1267.611 ਕਿਲੋ ਅਫੀਮ, 104013 ਕਿਲੋ ਭੁੱਕੀ, 339 ਕਿਲੋ ਚਰਸ, 5809 ਕਿਲੋ ਗਾਂਜਾ, 755.126 ਕਿਲੋ ਭੰਗ, 0.726 ਕਿਲੋ ਕੋਕੀਨ, 10.06 ਕਿਲੋ ਆਈਸ, 370 ਕਿਲੋ ਨਸ਼ੀਲਾ ਪਾਊਡਰ, 121661 ਨਸ਼ੀਲੇ ਟੀਕੇ ਤੇ 3516914 ਨਸ਼ੀਲੀਆਂ ਗੋਲੀਆਂ/ਕੈਪਸੂਲ ਜ਼ਬਤ।

ਐੱਨ. ਡੀ. ਪੀ. ਐੱਸ. ਕਾਨੂੰਨ ਦੇ ਅਧੀਨ 29182 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ। 100 ਤੋਂ ਵੱਧ ਵੱਡੇ ਸਮੱਗਲਰਾਂ ਦੀ ਨਿਸ਼ਾਨਦੇਹੀ ਕੀਤੀ ਗਈ, ਜਿਨ੍ਹਾਂ ਨੂੰ ਨੱਪਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੈਦੀਆਂ ਤਕ ਨਸ਼ਾ ਪਹੁੰਚਾਉਣ ਵਾਲੇ ਸਮੱਗਲਰਾਂ 'ਤੇ ਸਖਤ ਨਜ਼ਰ ਰੱਖਣ ਲਈ ਜੇਲ ਮਹਿਕਮੇ ਨਾਲ ਤਾਲਮੇਲ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਨਾਲ ਹੀ ਸਰਹੱਦੀ ਜ਼ਿਲਿਆਂ ਵਿਚ ਐੱਨ. ਸੀ.ਬੀ. ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। -ਦਿਨਕਰ ਗੁਪਤਾ, ਡੀ. ਜੀ. ਪੀ. ਪੰਜਾਬ


Anuradha

Content Editor

Related News