10 ਸਾਲਾ ਤੋਂ ਨਸ਼ੇ ਦੀ ਆਦਿ ਔਰਤ ਨੂੰ ਦਿਖਾਈ ਜ਼ਿੰਦਗੀ ਦੀ ਨਵੀ ਕਿਰਨ
Wednesday, Sep 18, 2019 - 11:02 AM (IST)

ਮੋਗਾ (ਗੋਪੀ ਰਾਊਕੇ)—ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਗਗਨਦੀਪ ਕੌਰ ਅਤੇ ਬੇਅੰਤ ਕੌਰ, ਜੋ ਕਿ ਸਿਵਲ ਹਸਪਤਾਲ, ਮੋਗਾ ਵਿਖੇ ਪੈਰਾ ਲੀਗਲ ਵਾਲੰਟੀਅਰ ਦੇ ਤੌਰ 'ਤੇ ਨਿਯੁਕਤ ਹਨ। ਇਨ੍ਹਾਂ ਦੇ ਸੰਪਰਕ 'ਚ ਇਕ ਅਜਿਹੀ ਔਰਤ ਆਈ, ਜੋ ਕਿ ਨਸ਼ੇ (ਚਿੱਟੇ) ਦੀ ਆਦੀ ਹੋ ਚੁੱਕੀ ਸੀ। ਇਨ੍ਹਾਂ ਪੈਰਾ ਲੀਗਲ ਵਾਲੰਟੀਅਰਜ਼ ਨੇ ਇਸ ਔਰਤ ਨੂੰ ਦਫਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਅਦਾਲਤਾਂ, ਮੋਗਾ ਵਿਖੇ ਪਹੁੰਚਾਇਆ। ਇਸ ਦਫਤਰ 'ਚ ਇਸ ਨੇ ਸੀ. ਜੇ. ਐੱਮ. ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਬਗੀਚਾ ਸਿੰਘ ਨੂੰ ਇਕ ਅਰਜ਼ੀ ਦਿੱਤੀ। ਜਿਸ 'ਚ ਲਿਖਿਆ ਕਿ ਉਸ ਦਾ ਨਾਂ ਗੁਰਪ੍ਰੀਤ ਕੌਰ ਉਰਫ ਪ੍ਰੀਤੀ ਹੈ ਅਤੇ ਮੈਂ ਪਿਛਲੇ 10 ਸਾਲਾਂ ਤੋਂ ਨਸ਼ੇ (ਚਿੱਟੇ) ਦੀ ਆਦੀ ਹੋ ਚੁੱਕੀ ਹਾਂ। ਘਰ ਦਾ ਕੋਈ ਵੀ ਮੈਂਬਰ ਮੇਰੀ ਦੇਖ-ਰੇਖ ਨਹੀਂ ਕਰ ਰਿਹਾ। ਮੇਰੇ ਕੋਲ ਮੇਰਾ ਕੋਈ ਵੀ ਸ਼ਨਾਖਤੀ ਕਾਰਡ ਵਗੈਰਾ ਨਹੀਂ ਹੈ। ਮੈਂ ਸੜਕਾਂ 'ਤੇ ਸੌਂਦੀ ਹਾਂ। ਮੈਂ ਇਸ ਨਰਕ ਭਰੀ ਜ਼ਿੰਦਗੀ ਤੋਂ ਬਹੁਤ ਦੁਖੀ ਹਾਂ ਅਤੇ ਮੈਂ ਇਸ ਨਰਕ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ। ਉਸ ਨੇ ਇਹ ਵੀ ਲਿਖਿਆ ਕਿ ਮੈਨੂੰ ਸਿਵਲ ਹਸਪਤਾਲ ਮੋਗਾ ਦੇ ਓ. ਐੱਸ. ਟੀ. ਸੈਂਟਰ ਵੱਲੋਂ ਮੈਨੂੰ ਡੀ-ਐਡੀਕਸ਼ਨ ਸੈਂਟਰ, ਕਪੂਰਥਲਾ ਵਿਖੇ ਰੈਫਰ ਕੀਤਾ ਗਿਆ ਹੈ। ਉਸ ਨੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਔਰਤਾਂ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਭੇਜਿਆ ਜਾਵੇ ਤਾਂ ਜੋ ਮੈਂ ਸਮਾਜ ਵਿਚ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀ ਸਕਾਂ।
ਬਗੀਚਾ ਸਿੰਘ ਨੇ ਦੱਸਿਆ ਕਿ ਇਸ ਔਰਤ ਗੁਰਪ੍ਰੀਤ ਕੌਰ ਦਾ ਸਿਵਲ ਹਸਪਤਾਲ, ਮੋਗਾ ਤੋਂ ਮੈਡੀਕਲ ਕਰਵਾ ਕੇ ਅਤੇ ਇਸ ਸਬੰਧੀ ਜ਼ਿਲਾ ਸਮਾਜਕ ਸੁਰੱਖਿਆ ਅਫਸਰ, ਮੋਗਾ ਨੂੰ ਦਰਖਾਸਤ ਭੇਜ ਕੇ ਡੀ-ਐਡੀਕਸ਼ਨ ਸੈਂਟਰ ਵਿਖੇ ਭੇਜਣ ਲਈ ਸੂਚਿਤ ਕਰ ਦਿੱਤਾ ਗਿਆ। ਇਸ ਤੋਂ ਉਪਰੰਤ ਗੁਰਪ੍ਰੀਤ ਕੌਰ ਉਰਫ ਪ੍ਰੀਤੀ ਨੂੰ ਸਰਕਾਰੀ ਐਂਬੂਲੈਂਸ ਦਾ ਪ੍ਰਬੰਧ ਕਰਵਾ ਕੇ ਪੈਰਾ ਲੀਗਲ ਵਾਲੰਟੀਅਰ ਗਗਨਦੀਪ ਕੌਰ ਅਤੇ ਰਣਜੀਤ ਸਿੰਘ ਦੀ ਡਿਊਟੀ ਲਾਈ ਅਤੇ ਇਸ ਔਰਤ ਨੂੰ 14 ਸਤੰਬਰ 2019 ਨੂੰ ਨਵਜੀਵਨ ਕੇਂਦਰ ਡੀ-ਐਡੀਕਸ਼ਨ ਸੈਂਟਰ, ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆਂ, ਤਾਂ ਜੋ ਇਹ ਔਰਤ ਆਪਣੀ ਜ਼ਿੰਦਗੀ ਨੂੰ ਸਮਾਜ 'ਚ ਆਮ ਲੋਕਾਂ ਦੀ ਤਰ੍ਹਾਂ ਜਿਓ ਸਕੇ।