ਪੁਲਸ ਅਕੈਡਮੀ ’ਚ ਮੁਲਾਜ਼ਮਾਂ ਨੂੰ ਨਸ਼ਾ ਸਪਲਾਈ ਕਰਨ ਦੇ ਮਾਮਲੇ 'ਚ ਨਵਾਂ ਮੋੜ, ਇੰਟਰਨੈਸ਼ਨਲ ਸਮੱਗਲਰਾਂ ਨਾਲ ਜੁੜੇ ਤਾਰ

10/21/2022 6:46:07 PM

ਫਿਲੌਰ (ਭਾਖੜੀ)- ਮਾਮਲਾ ਪੁਲਸ ਅਕੈਡਮੀ ’ਚ ਤਾਇਨਾਤ ਮੁਲਾਜ਼ਮਾਂ ਨੂੰ ਡਰੱਗ ਸਪਲਾਈ ਕਰਨ ਵਾਲੇ ਸਮੱਗਲਰਾਂ ਦੇ ਤਾਰ ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਹੋਏ ਸਨ। ਫਿਲੌਰ ਪੁਲਸ ਨੇ ਸਪੈਸ਼ਲ ਆਪ੍ਰੇਸ਼ਨ ਦੌਰਾਨ 2 ਕਿਲੋ ਹੈਰੋਇਨ, 1 ਪਿਸਤੌਲ, 5 ਜ਼ਿੰਦਾ ਕਾਰਤੂਸਾਂ ਸਮੇਤ ਇਕ ਇੰਟਰਨੈਸ਼ਨਲ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਜਲੰਧਰ ਸਵਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸ. ਸੁਰਿੰਦਰ ਕੁਮਾਰ ਨੇ ਨਸ਼ਾ ਸਮੱਗਲਰ ਗੁਰਦੀਪ ਸਿੰਘ, ਜਿਸ ਦੇ ਵਿਰੁੱਧ ਇਸੇ ਸਾਲ 21 ਮਈ ਨੂੰ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਕੀਤਾ ਹੋਇਆ ਸੀ, ਨੂੰ ਬੀਤੀ 16 ਅਕਤੂਬਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਹ ਗਗਨਦੀਪ ਸਿੰਘ ਮੋਰ ਵਾਸੀ ਸਰਵਣ ਪਾਰਕ, ਰਾਹੋਂ ਰੋਡ, ਲੁਧਿਆਣਾ ਜੋ ਕਿ ਹੁਣ ਮੋਗਾ ਦੇ ਕੋਲ ਰਹਿ ਰਿਹਾ ਹੈ, ਕੋਲੋਂ ਹੈਰੋਇਨ ਲਿਆ ਕੇ ਅੱਗੇ ਵੇਚਣ ਦਾ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ

ਇਸ ’ਤੇ ਇੰਸਪੈਕਟਰ ਸੁਰਿੰਦਰ ਕੁਮਾਰ ਪੁਲਸ ਪਾਰਟੀ ਨਾਲ ਗਗਨਦੀਪ ਨੂੰ ਫੜਨ ਲਈ ਮੋਗਾ ਰਵਾਨਾ ਹੋ ਗਏ। ਜਿਉਂ ਹੀ ਉਹ ਮੁਲਜ਼ਮ ਦੇ ਟਿਕਾਣੇ ’ਤੇ ਪੁੱਜੇ ਤਾਂ ਉਸ ਨੇ ਪੁਲਸ ਪਾਰਟੀ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਸੀ-2 ਮੁਲਾਜ਼ਮ ਮਨਦੀਪ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜ਼ਖਮੀ ਹੋਣ ਦੇ ਬਾਵਜੂਦ ਮੁਲਾਜ਼ਮ ਨੇ ਸਮੱਗਲਰ ਨੂੰ ਫੜਨ ’ਚ ਸਫਲਤਾ ਹਾਸਲ ਕਰ ਲਈ, ਜਦਕਿ ਉਸ ਦਾ ਦੂਜਾ ਸਾਥੀ ਭੱਜਣ ’ਚ ਕਾਮਯਾਬ ਰਿਹਾ। ਗਗਨਦੀਪ ਕੋਲੋਂ ਪੁਲਸ ਨੂੰ 2 ਕਿਲੋ ਹੈਰੋਇਨ, ਇਕ ਪਿਸਤੌਲ, 5 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਇਹ ਵੀ ਪੜ੍ਹੋ: ਦੀਵਾਲੀ ਦੇ ਨੇੜੇ-ਤੇੜੇ ਵਿਧਾਇਕ ਪਰਗਟ ਸਿੰਘ ਨੂੰ ਲੱਗ ਸਕਦੈ ਵੱਡਾ ਝਟਕਾ

ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਪੰਜਾਬ ਦੇ ਸਰਹੱਦੀ ਇਲਾਕੇ ’ਚ ਮੰਗਵਾਉਂਦਾ ਸੀ ਹੈਰੋਇਨ

ਫੜੇ ਗਏ ਇੰਟਰਨੈਸ਼ਨਲ ਨਸ਼ਾ ਸਮੱਗਲਰ ਗਗਨਦੀਪ ਨੇ ਦੱਸਿਆ ਕਿ ਉਸ ਦੇ ਸਬੰਧ ਪਾਕਿਸਤਾਨ ’ਚ ਬੈਠੇ ਨਸ਼ਾ ਸਮੱਗਲਰਾਂ ਨਾਲ ਹਨ। ਪਾਕਿਸਤਾਨ ਵਿਚ ਬੈਠੇ ਉਸ ਦੇ ਸਮੱਗਲਰ ਸਾਥੀ ਡ੍ਰੋਨ ਜ਼ਰੀਏ ਸਰਹੱਦੀ ਇਲਾਕਿਆਂ ’ਚ ਤਰਨਤਾਰਨ ਇਲਾਕੇ ਦੇ ਖੇਤਾਂ ’ਚ ਹੈਰੋਇਨ ਦੇ ਪੈਕੇਟ ਸੁੱਟ ਦਿੰਦੇ ਸਨ, ਜਿਨ੍ਹਾਂ ਨੂੰ ਉਹ ਉੱਥੋਂ ਚੁੱਕ ਕੇ ਪੰਜਾਬ ਦੇ ਜ਼ਿਲਿਆਂ ’ਚ ਸਪਲਾਈ ਕਰ ਦਿੰਦਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਗਗਨਦੀਪ ਨੇ ਪੁੱਛਗਿੱਛ ’ਚ ਇਹ ਵੀ ਦੱਸਿਆ ਕਿ ਉਸ ਦੇ ਵਿਰੁੱਧ ਪਹਿਲਾਂ ਹੀ ਇਕ ਕਤਲ ਦਾ ਮੁਕੱਦਮਾ ਦਰਜ ਹੈ। ਉਸ ਨੇ ਅਮਿਤ ਕੁਮਾਰ ਵਾਸੀ ਰਾਹੋਂ ਰੋਡ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਕੇ ਜੇਲ ਭੇਜ ਦਿੱਤਾ। ਜੇਲ੍ਹ ’ਚ ਉਸ ਦੇ ਸਬੰਧ ਉੱਥੇ ਬੈਠੇ ਵੱਡੇ ਨਸ਼ਾ ਸਮੱਗਲਰਾਂ ਨਾਲ ਬਣ ਗਏ ਅਤੇ ਜ਼ਮਾਨਤ ’ਤੇ ਬਾਹਰ ਆਉਂਦੇ ਹੀ ਉਸ ਨੇ ਨਸ਼ਾ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ।

‘ਜਗ ਬਾਣੀ’ ਨੇ 5 ਮਹੀਨੇ ਪਹਿਲਾਂ ਹੀ ਵੱਡੇ ਡਰੱਗ ਰੈਕੇਟ ਦਾ ਹੱਥ ਹੋਣ ਦਾ ਕਰ ਦਿੱਤਾ ਸੀ ਖ਼ੁਲਾਸਾ

‘ਜਗ ਬਾਣੀ’ ਨੇ 5 ਮਹੀਨੇ ਪਹਿਲਾਂ ਪੰਜਾਬ ਪੁਲਸ ਅਕੈਡਮੀ ’ਚ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਤਾਂ ਉਸ ਸਮੇਂ ਇਹ ਵੀ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਮੁਲਾਜ਼ਮਾਂ ਦੇ ਪਿੱਛੇ ਵੱਡੇ ਡਰੱਗ ਰੈਕੇਟ ਦਾ ਹੱਥ ਹੋ ਸਕਦਾ ਹੈ, ਜਿਸ ਦੀ ਜਾਂਚ ਤੋਂ ਬਾਅਦ ਸਥਾਨਕ ਪੁਲਸ ਨੇ 21 ਮਈ ਤੋਂ ਸਮੱਗਲਰ ਗੁਰਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਪੰਜਢੇਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਦੋਂਕਿ ਉਸ ਦੀ ਪਤਨੀ ਨਿਧੀ ਨੂੰ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਧੰਦੇ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਉਸ ਸਮੇਂ ਪੁਲਸ ਨੇ ਗੁਰਦੀਪ ਨੂੰ ਹਲਕੇ ’ਚ ਲੈ ਲਿਆ, ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਉਸ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ। ਹੁਣ ਸ਼ਹਿਰ ਵਿਚ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਬਿਨਾਂ ਸਮਾਂ ਗਵਾਏ ਗੁਰਦੀਪ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ।

ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News