ਸਾਬਕਾ ਐੱਸ. ਪੀ. ਦਾ ਪੁੱਤਰ ਨਸ਼ਾ ਸਮੱਗਲਿੰਗ ’ਚ ਗ੍ਰਿਫਤਾਰ
Wednesday, Jul 04, 2018 - 04:01 AM (IST)

ਅੰਮ੍ਰਿਤਸਰ, (ਸੰਜੀਵ)- ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਸਰਹੱਦੀ ਖੇਤਰਾਂ ਵਿਚ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਹੇ ਪੰਜਾਬ ਪੁਲਸ ਦੇ ਸਾਬਕਾ ਐੱਸ. ਪੀ. ਸ਼ੇਰਜੰਗ ਬਹਾਦੁਰ ਦੇ ਬੇਟੇ ਕਰਨਦੀਪ ਸ਼ਰਮਾ ਵਾਸੀ ਮਜੀਠਾ ਰੋਡ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕਬਜ਼ੇ ’ਚੋਂ 40 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਅਾਂ, ਜਿਸ ਨੂੰ ਉਕਤ ਦੋਸ਼ੀ ਆਪਣੀ ਗੱਡੀ ਵਿਚ ਭਰ ਕੇ ਦਿਹਾਤੀ ਖੇਤਰਾਂ ਵਿਚ ਸਪਲਾਈ ਕਰਨ ਲਈ ਜਾ ਰਿਹਾ ਸੀ। ਕਰਨਦੀਪ ਦਾ ਪਿਤਾ ਪੰਜਾਬ ਪੁਲਸ ’ਚੋਂ ਐੱਸ.ਪੀ. ਰੈਂਕ ਤੋਂ ਸੇਵਾ ਮੁਕਤ ਹੋਇਆ ਹੈ, ਇਸ ਕਾਰਨ ਉਹ ਉਨ੍ਹਾਂ ਦੇ ਅਹੁੱਦੇ ਦੀ ਆਡ਼ ਵਿਚ ਆਪਣਾ ਗੋਰਖ ਧੰਦਾ ਚਲਾ ਰਿਹਾ ਸੀ। ਜਦੋਂ ਇਸ ਦੀ ਜਾਣਕਾਰੀ ਦਿਹਾਤੀ ਪੁਲਸ ਨੂੰ ਲੱਗੀ ਤਾਂ ਅੱਜ ਖਾਸਾ-ਖੁਰਮਨੀਆ ਮੋੜ ’ਤੇ ਲਗਾਏ ਗਏ ਨਾਕੇ ਦੌਰਾਨ ਉਕਤ ਦੋਸ਼ੀ ਨੂੰ ਜਿੰਨ ਕਾਰ ਨੰਬਰ ਪੀ.ਬੀ.36 ਐੱਫ 4098 ਸਮੇਤ ਗ੍ਰਿਫਤਾਰ ਕੀਤਾ, ਜਿਸ ਦੀ ਤਾਲਾਸ਼ੀ ਦੌਰਾਨ ਕਾਰ ਵਿਚ ਰੱਖੀਅਾਂ 40 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਇਹ ਖੁਲਾਸਾ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਸੀ ਕਿ ਦੋਸ਼ੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਦਿਹਾਤੀ ਖੇਤਰਾਂ ਵਿਚ ਨਸ਼ਿਆਂ ਦੀਆਂ ਗੋਲੀਆਂ ਸਪਲਾਈ ਕਰ ਰਿਹਾ ਹੈ ਜੋ ਅੱਜ ਇਕ ਵੱਡੀ ਖੇਪ ਲੈ ਕੇ ਰਵਾਨਾ ਹੋਇਆ ਹੈ, ਜਿਸ ਨੂੰ ਰੰਗੀ ਹੱਥਾਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਛੇਤੀ ਹੀ ਉਸ ਫੈਕਟਰੀ ਨੂੰ ਵੀ ਸੀਲ ਕੀਤਾ ਜਾਵੇਗਾ ਜਿੱਥੋਂ ਉਕਤ ਦੋਸ਼ੀ ਕਰਨਦੀਪ ਨਸ਼ੀਲੀਆਂ ਗੋਲੀਆਂ ਦੀ ਇਸ ਖੇਪ ਨੂੰ ਲੈ ਕੇ ਆਉਂਦਾ ਸੀ। ਪੁਲਸ ਅੱਗੇ ਉਨ੍ਹਾਂ ਦੀ ਵੀ ਪਹਿਚਾਣ ਕਰ ਰਹੀ ਹੈ। ਜਿੱਥੇ-ਜਿੱਥੇ ਦੋਸ਼ੀ ਇਹ ਗੋਲੀਆਂ ਦੀ ਸਪਲਾਈ ਕਰਦਾ ਸੀ।