ਨਸ਼ੇ ਦੀ ਤਸਕਰੀ ਮਾਮਲੇ ''ਚ ਪਤੀ-ਪਤਨੀ 16ਵੀਂ ਵਾਰ ਗ੍ਰਿਫਤਾਰ

07/08/2019 9:14:24 PM

ਲੋਹੀਆਂ ਖਾਸ,(ਮਨਜੀਤ): ਸਥਾਨਕ ਥਾਣੇ ਦੀ ਪੁਲਸ ਵਲੋਂ ਡੋਡਿਆਂ ਦੀ ਤਸਕਰੀ ਕਰਦੇ ਪਤੀ-ਪਤਨੀ 'ਜੋੜੇ' ਨੂੰ ਇਕ ਮਣ (ਚਾਲੀ ਕਿੱਲੋ) ਡੋਡਿਆਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਐੱਸ. ਆਈ. ਪੁਲਸ ਪਾਰਟੀ ਨਾਲ ਸਥਾਨਕ ਸੁਲਤਾਨਪੁਰ ਵਾਲੇ ਫਾਟਕ ਕੋਲ ਪੈਂਦੇ ਬੱਸ ਸਟਾਪ 'ਤੇ ਨਾਕਾ ਲਾਈ ਖੜੇ ਸਨ ਕਿ ਮੋਟਰਸਾਇਕਲ 'ਤੇ ਸਵਾਰ ਇਕ ਤੀਵੀਂ-ਆਦਮੀ ਮਖੂ ਵੱਲੋਂ ਆ ਰਹੇ ਸਨ ਜੋ ਪੁਲਸ ਨੂੰ ਦੇਖ ਘਬਰਾ ਕੇ ਵਾਪਸ ਮੁੜਨ ਲੱਗੇ ਤਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਜਦ ਉਨ੍ਹਾਂ ਕੋਲ ਫੜੇ ਦੋ ਬੋਰਿਆਂ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਡੋਡੇ-ਚੂਰਾ ਪੋਸਤ ਬਰਾਮਦ ਹੋਇਆ। ਜਿਸ ਦਾ ਵਜ਼ਨ ਇਕ ਮਣ (ਚਾਲੀ ਕਿੱਲੋਂ) ਦੇ ਕਰੀਬ ਸੀ। ਮੁਲਜ਼ਮਾਂ ਦੀ ਪਛਾਣ ਸ਼ਿੰਦਾ ਉਰਫ ਬਾਜੀ ਤੇ ਮਨਜੀਤ ਕੌਰ ਵਜੋਂ ਹੋਈ ਜਿਨਾਂ ਨੇ ਆਪਣਾ ਰਿਸ਼ਤਾ ਪਤੀ-ਪਤਨੀ ਵਜੋਂ ਦੱਸਿਆ ਹੈ। ਜਿਨ੍ਹਾਂ ਖਿਲਾਫ ਮਾਮਲਾ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। 

'ਜੋੜੇ' 'ਤੇ ਪਹਿਲਾ ਵੀ ਨੇ 15 ਮੁਕਦਮੇ ਦਰਜ਼
ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਸ਼ਿੰਦਾ ਉਰਫ ਬਾਜੀ ਤੇ ਉਸ ਦੀ ਪਤਨੀ ਮਨਜੀਤ ਕੌਰ ਪਿੱਛਲੇ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ। ਜਿਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ 'ਚ 15 ਦੇ ਕਰੀਬ ਮੁਕਦਮੇ ਦਰਜ਼ ਹੋ ਚੁੱਕੇ ਹਨ। ਹੁਣ ਸੋਲਵੀਂ ਵਾਰ ਫਿਰ ਨਸ਼ੇ ਦੀ ਤਸਕਰੀ ਕਰਦਾ ਉਕਤ 'ਜੋੜਾ' ਪੁਲਸ ਅੜਿਕੇ ਆ ਗਿਆ। ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਜਾਵੇਗਾ। 


Related News