ਟਰੈਕਟਰ ’ਚ ਹੈਰੋਇਨ ਲੁਕੋ ਕੇ ਲਿਜਾ ਰਹੇ 2 ਨਸ਼ਾ ਤਸਕਰ ਗ੍ਰਿਫ਼ਤਾਰ
Tuesday, Jul 09, 2024 - 11:01 AM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਬੀ. ਐੱਸ. ਐੱਫ. ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਟਰੈਕਟਰ ’ਚ ਹੈਰੋਇਨ ਲੁਕੋ ਕੇ ਲਿਜਾ ਰਹੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਟਰੈਕਟਰ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਅੱਧਾ ਕਿੱਲੋ ਹੈਰੋਇਨ ਦੇ ਦੋ ਪੈਕੇਟ ਅਤੇ ਤਿੰਨ ਮੋਬਾਈਲ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਖ਼ੁਫ਼ੀਆ ਵਿੰਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਚਾਂਦੀਵਾਲਾ ’ਚ ਨਸ਼ਾ ਸਮੱਗਲਰ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਗਈ ਹੈਰੋਇਨ ਦੀ ਖ਼ੇਪ ਲੈ ਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਰਾਤ ਕਰੀਬ 11.30 ਵਜੇ ਪਿੰਡ ਭਾਨੇਵਾਲਾ ’ਚ ਟਰੈਕਟਰ ’ਤੇ ਵਾਪਸ ਆ ਰਹੇ ਵਿਅਕਤੀਆਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਟਰੈਕਟਰ ’ਚੋਂ 2 ਪੈਕਟ ਹੈਰੋਇਨ ਬਰਾਮਦ ਹੋਈ ਅਤੇ ਫੜ੍ਹੇ ਗਏ ਵਿਅਕਤੀਆਂ ਤੋਂ 3 ਮੋਬਾਇਲ ਬਰਾਮਦ ਹੋਏ। ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਇਨ੍ਹਾਂ ਸਮੱਗਲਰਾਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਫਿਰੋਜ਼ਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।