ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੋਗਾ ਪੁਲਸ ਹੋਈ ਸਰਗਰਮ, ਦੋ ਸਹਾਇਕ ਥਾਣੇਦਾਰਾਂ ਨੂੰ ਕੀਤਾ ਬਰਖ਼ਾਸਤ
Wednesday, Nov 10, 2021 - 06:16 PM (IST)
ਮੋਗਾ (ਅਜ਼ਾਦ): ਮੋਗਾ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਸ਼ਿਕੰਜਾ ਕੱਸਦਿਆਂ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਦੋਸ਼ਾਂ ਦੇ ਕਾਰਣ ਜ਼ਿਲ੍ਹਾ ਪੁਲਸ ਮੁਖੀ ਨੇ ਥਾਣਾ ਬਾਘਾ ਪੁਰਾਣਾ ਵਿਚ ਤਾਇਨਾਤ ਦੋ ਸਹਾਇਕ ਥਾਣੇਦਾਰ (ਲੋਕਲ ਰੈਂਕ), ਗੁਰਮੇਜ ਸਿੰਘ ਅਤੇ ਅੰਗਰੇਜ਼ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਸਬੰਧ ਵਿਚ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸੰਗਤਪੁਰਾ ਨਿਵਾਸੀ ਇਕ ਨੌਵੀਂ ਕਲਾਸ ਵਿਚ ਪੜ੍ਹਦੇ ਨੌਜਵਾਨ ਨੂੰ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ ਉਸ ਦੇ ਮਾਪਿਆਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦਾ ਪਤਾ ਲੱਗਣ ’ਤੇ ਮੈਂ ਉਸ ਵਿਦਿਆਰਥੀ ਨਾਲ ਗੱਲਬਾਤ ਕਰਨ ਲਈ ਉੱਥੇ ਪੁੱਜਾ, ਜਿਸ ਨੇ ਆਪਣੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ ਦੱਸਦਿਆਂ ਸਾਡੇ ਗੁਆਂਢੀਆਂ ਜੋ ਰਿਸ਼ਤੇਦਾਰ ਵੀ ਹਨ ਵੱਲੋਂ ਮੈਂਨੂੰ ਚਿੱਟੇ ਦੀ ਦਲ-ਦਲ ਵਿਚ ਧਕੇਲਿਆ ਅਤੇ ਜਦੋਂ ਮੈਂ ਉਸਦਾ ਆਦੀ ਹੋ ਗਿਆ ਤਾਂ ਉਹ ਮੈਂਨੂੰ ਮੇਰੀ ਫੋਟੋ ਖਿੱਚ ਕੇ ਬਲੇਕਮੇਲ ਕਰਨ ਲੱਗ ਪਏ ਅਤੇ ਮੇਰੇ ਰਾਹੀਂ ਚਿੱਟਾ ਸਪਲਾਈ ਕਰਵਾਉਣ ਲੱਗੇ। ਜਿਸ ਸਬੰਧੀ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਿਆ। ਬੀਤੇ ਦਿਨ ਮੇਰੀ ਹਾਲਤ ਖ਼ਰਾਬ ਹੋ ਜਾਣ ’ਤੇ ਮੈਨੂੰ ਮੇਰੇ ਘਰ ਵਾਲਿਆਂ ਨੇ ਹਸਪਤਾਲ ਦਾਖਲ ਕਰਵਾਇਆ।
ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਅਸੀਂ ਇਸ ਸਬੰਧ ਵਿਚ ਬਾਘਾਪੁਰਾਣਾ ਪੁਲਸ ਨੂੰ ਸੂਚਿਤ ਕੀਤਾ ਸੀ, ਪਰ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਕਿ ਕੋਈ ਹੋਰ ਨੌਜਵਾਨ ਚਿੱਟੇ ਦੀ ਦਲ-ਦਲ ਵਿਚ ਨਾ ਫਸ ਸਕੇ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਬਾਘਾਪੁਰਾਣਾ ਪੁਲਸ ਵੱਲੋਂ ਦੋ ਕਥਿਤ ਤਸਕਰਾਂ ਕੁਲਦੀਪ ਸਿੰਘ ਉਰਫ ਕੀਪਾ ਅਤੇ ਉਸਦੇ ਭਰਾ ਦਿਲਪ੍ਰੀਤ ਸਿੰਘ ਉਰਫ ਕਾਲਾ ਦੋਨੋਂ ਨਿਵਾਸੀ ਪਿੰਡ ਸੰਗਤਪੁਰਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਤੇ ਉਕਤ ਵਿਦਿਆਰਥੀ ਨੇ ਨਸ਼ੇ ਦਾ ਆਦੀ ਬਣਾਉਣ ਅਤੇ ਵੇਚਣ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਸੀ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਇਸ ਸਬੰਧ ਵਿਚ ਬਰਖਾਸਤ ਕੀਤੇ ਗਏ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਅਤੇ ਅੰਗਰੇਜ਼ ਸਿੰਘ ਦਾ ਪੱਖ ਜਾਣਨ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਦੋਸ਼ ਸਾਡੇ ’ਤੇ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਲਗਾਏ ਜਾ ਰਹੇ ਹਨ। ਉਚ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਸਾਡਾ ਪੱਖ ਜਾਨਣਾ ਚਾਹੀਦਾ ਸੀ, ਜੇ ਅਸੀਂ ਦੋਸੀ ਪਾਏ ਜਾਂਦੇ ਤਾਂ ਸਾਡੇ ਖਿਲਾਫ਼ ਜੋ ਮਰਜ਼ੀ ਕਾਰਵਾਈ ਕੀਤੀ ਜਾਂਦੀ।