ਨਸ਼ਾ ਸਮੱਗਲਰ ਨੇ ਬਦਮਾਸ਼ਾਂ ਨੂੰ ਬੁਲਾ ਕੇ ਕੀਤੀ ਗੁੰਡਾਗਰਦੀ

10/30/2017 7:33:13 AM

ਲੁਧਿਆਣਾ, (ਤਰੁਣ)- ਐਤਵਾਰ ਦੁਪਹਿਰ ਦਰੇਸੀ ਇਲਾਕੇ ਦੇ ਵਾਲਮੀਕਿ ਘਾਟੀ ਦੇ ਕੋਲ ਦੋ ਨਸ਼ਾ ਸਮੱਗਲਰਾਂ ਦੇ ਗਰੁੱਪ ਆਪਸ ਵਿਚ ਭਿੜ ਪਏ। ਇਕ ਧਿਰ ਨੇ ਬਾਹਰੋਂ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੂੰ ਬੁਲਾਇਆ, ਜਿਨ੍ਹਾਂ ਨੇ ਜੰਮ ਕੇ ਗੁੰਡਾਗਰਦੀ ਕੀਤੀ। ਬਦਮਾਸ਼ਾਂ ਨੇ ਭੰਨ-ਤੋੜ ਕੀਤੀ, ਜਿਸ ਵਿਚ ਇਕ ਆਟੋ ਸਮੇਤ ਦੋ ਵਾਹਨ ਨੁਕਸਾਨੇ ਗਏ ਅਤੇ ਕੁਝ ਸਮੇਂ ਲਈ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਲਾਕਾ ਨਿਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੂੰ ਦੇਖ ਕੇ ਬਦਮਾਸ਼ ਹਥਿਆਰ ਛੱਡ ਕੇ ਮੌਕੇ 'ਤੋਂ ਫਰਾਰ ਹੋ ਗਏ। ਹਾਲਾਂਕਿ ਇਸ ਘਟਨਾ ਵਿਚ ਕਿਸੇ ਵਿਅਕਤੀ ਦੇ ਫੱਟੜ ਹੋਣ ਦੀ ਸੂਚਨਾ ਨਹੀਂ ਹੈ। ਪ੍ਰਤੱਖ ਦੇਖਣ ਵਾਲਿਆਂ ਦੇ ਮੁਤਾਬਕ ਵਾਲਮੀਕਿ ਘਾਟੀ ਦੇ ਕੋਲ ਬਾਅਦ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਧਿਰ ਦੇ ਕੁਝ ਬਦਮਾਸ਼ਾਂ ਨੇ ਦੂਜੀ ਧਿਰ ਦੇ ਲੋਕਾਂ ਨੂੰ ਲਲਕਾਰਿਆ। ਹੱਥਾਂ 'ਚ ਹਥਿਆਰ ਦੇਖ ਕੇ ਦੂਜੀ ਧਿਰ ਦੇ ਲੋਕ ਇਧਰ-ਉਧਰ ਹੋ ਗਏ। ਇਕ ਧਿਰ ਦੇ ਬਦਮਾਸ਼ਾਂ ਨੇ ਜੰਮ ਕੇ ਗੁੰਡਾਗਰਦੀ ਕਰਦੇ ਹੋਏ ਦੋ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਸ਼ੁੱਕਰਵਾਰ ਦੀ ਰਾਤ ਵੀ ਦੋਵਾਂ ਧਿਰਾਂ ਵਿਚ ਝਗੜਾ ਹੋਇਆ ਸੀ, ਜਿਸ ਵਿਚ ਦੂਜੀ ਧਿਰ ਦੇ ਲੋਕ ਪਹਿਲੀ ਘਿਰ 'ਤੇ ਹਾਵੀ ਸਨ। ਇਸੇ ਰੰਜਿਸ਼ ਕਾਰਨ ਐਤਵਾਰ ਨੂੰ ਇਕ ਧਿਰ ਦੇ ਲੋਕਾਂ ਨੇ ਦੂਜੀ ਧਿਰ 'ਤੇ ਹਮਲਾ ਕੀਤਾ ਸੀ।
ਐਨ ਮੌਕੇ 'ਤੇ ਥਾਣਾ ਦਰੇਸੀ ਦੀ ਪੁਲਸ ਪੁੱਜ ਗਈ, ਜਿਸ ਕਾਰਨ ਖੂਨ ਖਰਾਬਾ ਹੋਣ ਤੋਂ ਬਚ ਗਿਆ। ਪੁਲਸ ਨੂੰ ਦੇਖ ਕੇ ਬਦਮਾਸ਼ ਹਥਿਆਰ ਛੱਡ ਕੇ ਮੌਕੇ 'ਤੋਂ ਫਰਾਰ ਹੋ ਗਏ। ਨਸ਼ਾ ਕਰਨ ਦੇ ਲਈ ਵਰਤੇ ਜਾਣ ਵਾਲੇ ਟੀਕੇ ਵੀ ਸੜਕ 'ਤੇ ਪਏ ਹੋਏ ਸਨ। ਪੁਲਸ ਨੇ ਨੁਕਸਾਨੇ ਵਾਹਨ ਅਤੇ ਤੇਜ਼ਧਾਰ ਹਥਿਆਰ, ਕਿਰਪਾਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਇਸੇ ਭਾਈਚਾਰੇ ਦੇ ਨੇਤਾ ਯਸ਼ਪਾਲ ਚੌਧਰੀ ਨੇ ਦੱਸਿਆ ਕਿ ਦੋ ਧਿਰਾਂ ਵਿਚਕਾਰ ਤਕਰਾਰ ਸੀ ਜਿਸ ਦਾ ਹਰਜਾਨਾ ਇਲਾਕਾ ਨਿਵਾਸੀਆਂ ਨੂੰ ਚੁਕਾਉਣਾ ਪੈ ਰਿਹਾ ਹੈ। ਨਸ਼ਾ ਸਮੱਗਲਰ ਇਲਾਕੇ ਵਿਚ ਗੁੰਡਾਗਰਦੀ ਦਿਖਾਉਂਦੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਕਿਸੇ ਵੀ ਹਾਲਾਤ ਵਿਚ ਨਸ਼ਾ ਨਹੀਂ ਵਿਕਣ ਦੇਣਗੇ। ਚਾਹੇ ਕਿਸੇ ਵੀ ਧਿਰ ਦੇ ਲੋਕ ਹੋਣ। ਵਾਲਮੀਕਿ ਘਾਟੀ ਦੇ ਰਹਿਣ ਵਾਲੇ ਸ਼ੀਤਲ ਕੁਮਾਰ, ਪ੍ਰਮੋਦ, ਸੁਨੀਲ, ਸੰਨੀ ਬੱਤਰਾ, ਗੋਲਡੀ, ਲਵਲੀ ਆਦਿ ਇਨ੍ਹਾਂ ਵਿਅਕਤੀਆਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਦੋ ਧਿਰਾਂ ਵਿਚਕਾਰ ਆਪਸੀ ਰੰਜਿਸ਼ ਕਾਰਨ ਝਗੜਾ ਹੋਇਆ ਹੈ। ਪੁਲਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਪੁਲਸ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ ਹੈ। ਬਦਮਾਸ਼ੀ ਕਰਨ ਵਾਲਾ ਚਾਹੇ ਕੋਈ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਲਾਕੇ 'ਚ ਨਸ਼ਾ ਵਿਕਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
ਘਾਟੀ ਮੁਹੱਲੇ ਦੇ ਕੋਲ ਰੋਜ਼ਾਨਾ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਬਾਹਰੀ ਰਾਜਾਂ ਤੋਂ ਕੰਮ-ਕਾਜ ਦੀ ਭਾਲ ਵਿਚ ਆਏ ਪ੍ਰਵਾਸੀ ਰਾਤ 1 ਵਜੇ ਤੋਂ ਬਾਅਦ ਸੜਕ ਪਾਰ ਕਰਨ ਤੋਂ ਕਤਰਾਉਂਦੇ ਹਨ। ਇਸ ਇਲਾਕੇ ਦੇ ਕੁਝ ਬਦਮਾਸ਼ ਝੁੰਡ ਬਣਾ ਕੇ ਲੋਕਾਂ ਨੂੰ ਲੁੱਟਦੇ ਹਨ। ਆਏ ਦਿਨ ਗਰੀਬ ਪ੍ਰਵਾਸੀ ਇਨ੍ਹਾਂ ਬਦਮਾਸ਼ਾਂ ਦਾ ਸ਼ਿਕਾਰ ਹੋ ਰਹੇ ਹਨ।
ਅਨਿਲ ਨਾਮੀ ਇਕ ਪ੍ਰਵਾਸੀ ਨੌਜਵਾਨ ਨੇ ਦੱਸਿਆ ਕਿ ਉਹ ਚੌਕ ਸੈਦਾਂ ਦੇ ਕੋਲ ਇਕ ਹੌਜ਼ਰੀ ਵਿਚ ਕੰਮ ਕਰਦਾ ਹੈ। ਰਾਤ ਨੂੰ ਕੰਮ ਖਤਮ ਕਰ ਕੇ ਜਦੋਂ ਉਹ ਘਰ ਵੱਲ ਜਾ ਰਿਹਾ ਸੀ ਤਾਂ ਚੌਕ ਸੈਦਾਂ ਤੋਂ ਘਾਟੀ ਵੱਲ ਜਾਣ ਵਾਲੀ ਉਤਰਾਈ ਕੋਲ ਕੁੱਝ ਬਾਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਦੋ ਹਜ਼ਾਰ ਦੀ ਨਕਦੀ ਖੋਹ ਲਈ, ਜਿਸ ਕਾਰਨ ਹੁਣ ਉਹ ਉਸ ਇਲਾਕੇ ਵਿਚੋਂ ਲੰਘਣ ਤੋਂ ਕਤਰਾਉਂਦਾ ਹੈ। ਅਜਿਹਾ ਹੀ ਹਾਦਸਾ ਉਸ ਦੇ ਦੋਸਤ ਅਜੇ ਦੇ ਨਾਲ ਹੋਇਆ ਜੋ ਕਿ ਲੁਧਿਆਣਾ ਛੱਡ ਕੇ ਵਾਪਸ ਬਿਹਾਰ ਚਲਾ ਗਿਆ।
ਕਾਰੋਬਾਰੀ ਪੰਕਜ ਅਰੋੜਾ ਨੇ ਦੱਸਿਆ ਕਿ ਆਮ ਕਰ ਕੇ ਇਸ ਇਲਾਕੇ ਵਿਚ ਰਾਤ ਦੇ ਸਮੇਂ ਕੁੱਝ ਬਦਮਾਸ਼ ਪ੍ਰਵਾਸੀ ਲੋਕਾਂ ਨੂੰ ਘੇਰ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਕਈ ਵਾਰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।


Related News