ਨਸ਼ੇ ਦੇ ਮਰੀਜ਼ਾਂ  ਨੇ ਦਵਾਈ ਨਾ ਮਿਲਣ ਕਰ ਕੇ ਕੀਤਾ ਰੋਸ ਪ੍ਰਦਰਸ਼ਨ

08/21/2018 1:49:04 AM

ਬਠਿੰਡਾ, (ਬਲਵਿੰਦਰ)- ਪੰਜਾਬ ਦੇ 22 ਜ਼ਿਲਿਆਂ ਸਣੇ 115 ਨਸ਼ਾ ਛੁਡਾਊ ਕੇਂਦਰਾਂ ’ਤੇ ਕਰੀਬ 400 ਮੁਲਾਜ਼ਮਾਂ ਵੱਲੋਂ ਅੱਜ ਹਡ਼ਤਾਲ ਕੀਤੀ ਗਈ, ਜਿਸ ਕਾਰਨ ਕਰੀਬ 27 ਹਜ਼ਾਰ ਮਰੀਜ਼ ਪ੍ਰਭਾਵਿਤ ਹੋਏ ਤੇ ਉਨ੍ਹਾਂ ਵੱਲੋਂ ਕਈ ਥਾਵਾਂ ’ਤੇ ਹੰਗਾਮਾ ਵੀ ਕੀਤਾ ਗਿਆ, ਜਦਕਿ ਜ਼ਿਲਾ ਬਠਿੰਡਾ ਦੇ ਤਿੰਨ ਕੇਂਦਰਾਂ ’ਤੇ ਵੀ ਇਹੀ ਹਾਲ ਰਿਹਾ।
 ਜਾਣਕਾਰੀ ਮੁਤਾਬਕ ਨਸ਼ਾ ਛੁਡਾਊ ਕੇਂਦਰਾਂ ਦੇ ਓਟ ਸੈਂਟਰਾਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਤਹਿਤ ਅੱਜ ਹਡ਼ਤਾਲ ਕੀਤੀ। ਬਠਿੰਡਾ ਰੀਹੈਬਲੀਟੇਸ਼ਨ ਤੇ ਓਟ ਸੈਂਟਰ ਵਿਚ 486, ਰਾਮਪੁਰਾ ਸੈਂਟਰ ’ਤੇ 345 ਅਤੇ ਤਲਵੰਡੀ ਸਾਬੋ ਸੈਂਟਰ ਵਿਖੇ 489 ਮਰੀਜ਼ ਨਸ਼ਾ ਛੱਡਣ ਲਈ ਰੋਜ਼ਾਨਾ ਦਵਾਈਆਂ ਲੈ ਰਹੇ ਹਨ। ਮੁਲਾਜ਼ਮਾਂ ਦੀ ਹਡ਼ਤਾਲ ਹੋਣ ਕਾਰਨ ਅੱਜ ਉਥੇ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲੀਆਂ ਤਾਂ ਉਨ੍ਹਾਂ ਇਕੱਤਰ ਹੋ ਕੇ ਸੈਂਟਰ ਪ੍ਰਬੰਧਕਾਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਪਾਸੇ ਸਰਕਾਰ ਬਿਨਾਂ ਤਕਲੀਫ ਨਸ਼ਾ ਛੱਡਣ ਦਾ ਪਾਠ ਪਡ਼੍ਹਾ ਰਹੀ ਹੈ ਤੇ ਦੂਜੇ ਪਾਸੇ ਪ੍ਰਬੰਧਾਂ ’ਚ ਸੁਧਾਰ ਨਹੀਂ ਕੀਤੇ ਜਾ ਰਹੇ।  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਪ੍ਰਬੰਧਕ ਤੇ ਸਰਕਾਰੀ ਹੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ  ਦਵਾਈਆਂ ਦੇਣ ਦੇ ਜ਼ਰੂਰੀ ਪ੍ਰਬੰਧ ਕੀਤੇ ਜਾਣ ਤਾਂ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਪਰਮਿੰਦਰ ਸਿੰਘ ਪ੍ਰਧਾਨ ਓਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਉਹ 2014 ਤੋਂ ਮਾਮੂਲੀ ਭੱਤਿਆਂ ’ਤੇ ਕੰਮ ਕਰ ਰਹੇ ਹਨ, ਸਰਕਾਰ ਨਾ ਤਾਂ ਉਨ੍ਹਾਂ ਨੂੰ ਪੱਕੇ ਕਰ ਰਹੀ ਹੈ ਤੇ ਨਾ ਹੀ ਭੱਤਿਆ ’ਚ ਵਾਧਾ ਕੀਤਾ ਗਿਆ ਹੈ। ਉਹ ਆਪਣੇ ਮਸਲੇ ਅਨੇਕਾਂ ਵਾਰ ਉੱਚ ਅਧਿਕਾਰੀਆਂ ਕੋਲ ਰੱਖ ਚੁੱਕੇ ਹਨ ਪਰ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਹੁਣ ਮਜਬੂਰਨ ਉਨ੍ਹਾਂ ਨੂੰ ਹਡ਼ਤਾਲ ਕਰਨੀ ਪਈ ਹੈ। ਜੇਕਰ ਸਰਕਾਰ ਨੇ ਅਜੇ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ  ਤਾਂ ਉਹ  ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। 
ਤਲਵੰਡੀ ਸਾਬੋ, (ਮੁਨੀਸ਼)- ਪੰਜਾਬ ਸਰਕਾਰ ਵੱਲੋਂ  ਨਸ਼ੇ ਛੁਡਾਉਣ ਲਈ ਖੋਲ੍ਹੇ ਗਏ ਓਟ ਕਲੀਨਿਕ ਦੇ ਮੁਲਾਜ਼ਮ  ਮੰਗਾਂ ਸਬੰਧੀ ਹਡ਼ਤਾਲ ’ਤੇ ਚਲੇ ਗਏ ਹਨ, ਜਿਸ ਕਰ ਕੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਦਵਾਈ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਨੇ ਦਵਾਈ ਨਾ ਮਿਲਣ ਕਰ ਕੇ ਸਿਵਲ ਹਸਪਤਾਲ ਅੱਗੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਦੱਸਣਾ ਬਣਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਨਸ਼ਾ ਛੁਡਾਉਣ ਲਈ ਖੋਲ੍ਹੇ ਗਏ ਓਟ ਕਲੀਨਿਕ ਦੇ ਸਮੂਹ ਮੁਲਾਜ਼ਮ ਮੰਗਾਂ ਨੂੰ ਲੈ ਕੇ ਹਡ਼ਤਾਲ ’ਤੇ ਚਲੇ ਗਏ ਹਨ, ਜਿਸ ਕਰ ਕੇ ਅੱਜ ਓਟ ਕਲੀਨਿਕ ਵਿਚ ਰੋਜ਼ਾਨਾ ਦਵਾਈ ਲੈਣ ਆਉਂਦੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ  ਪੈ ਰਿਹਾ ਹੈ। ਓਟ ਕਲੀਨਿਕ ਵਿਚ ਨਸ਼ਾ ਛੱਡਣ ਵਾਲੇ ਮਰੀਜ਼ ਨੂੰ ਰੋਜ਼ਾਨਾ ਇਕ ਗੋਲੀ  ਖਾਣ ਨੂੰ ਦਿੱਤੀ ਜਾਂਦੀ ਹੈ ਪਰ ਅੱਜ ਉਨ੍ਹਾਂ ਨੂੰ ਨਹੀਂ ਮਿਲੀ। ਦਵਾਈ ਲੈਣ ਆਏ ਸੈਂਕਡ਼ੇ ਮਰੀਜ਼ਾਂ ਨੇ ਰੋਸ ਵਿਚ ਹਸਪਤਾਲ ਦੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀਆਂ ਨੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
 ਮਹਿੰਦਰ ਸਿੰਘ, ਅਵਤਾਰ ਸਿੰਘ, ਗੁਰਸਾਹਿਬ ਸਿੰਘ  ਆਦਿ ਮਰੀਜ਼ਾਂ ਨੇ ਕਿਹਾ ਕਿ ਨਸ਼ਾ ਛੁਡਾਉਣ ਦੇ ਨਾਂ ’ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਰੋ਼ਜ਼ਾਨਾ ਸਵੇਰੇ ਆਉਂਦੇ ਹਨ ਤੇ ਕਈ-ਕਈ ਘੰਟੇ ਬਾਅਦ ਉਨ੍ਹਾਂ ਨੂੰ ਦਵਾਈ ਮਿਲਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਰੀਜ਼ਾਂ ਨੂੰ ਇਕ-ਇਕ ਹਫਤੇ ਦੀ ਦਵਾਈ ਇੱਕਠੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਟਾਫ ਨੇ ਹਡ਼ਤਾਲ ’ਤੇ ਜਾਣਾ ਸੀ ਤਾਂ ਮਰੀਜ਼ਾਂ ਦੀ ਦਵਾਈ ਦਾ ਪ੍ਰਬੰਧ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ।
  ਇਸ ਮੌਕੇ ਮਰੀਜ਼ਾਂ ਦੇ ਰੋਸ  ਕਾਰਨ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਓਟ ਕਲੀਨਿਕ ’ਚ ਕਿਸੇ ਹੋਰ ਡਾਕਟਰ ਦੀ ਡਿਊਟੀ ਲਾ ਦਿੱਤੀ ਗਈ, ਜਿਸ ਤੋਂ ਬਾਅਦ ਨਸ਼ੇ ਦੇ ਮਰੀਜ਼ਾਂ ਨੂੰ ਦਵਾਈ ਦੇਣੀ ਸ਼ੁਰੂ ਕੀਤੀ ਗਈ।


Related News