ਲਾਕਡਾਊਨ ਦੌਰਾਨ ਵੀ ਬੇਲਗ਼ਾਮ ਕਿਵੇਂ ਹੈ ਡਰੱਗ ਮਾਫ਼ੀਆ? : ਚੀਮਾ
Friday, Apr 24, 2020 - 02:55 PM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਗੱਲ 'ਤੇ ਡੂੰਘੀ ਚਿੰਤਾ ਜਤਾਈ ਹੈ ਕਿ ਕਰਫ਼ਿਊ (ਲਾਕਡਾਊਨ) ਦੌਰਾਨ ਵੀ ਪੰਜਾਬ ਅਤੇ ਗੁਆਂਢੀ ਰਾਜਾਂ 'ਚ ਡਰੱਗ ਮਾਫ਼ੀਆ ਕਿਵੇਂ ਬੇਲਗ਼ਾਮ ਹੋ ਗਿਆ ਹੈ? ਨਤੀਜੇ ਵਜੋਂ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ।
ਇੱਕ ਨੌਜਵਾਨ ਨੂੰ ਡਰੱਗ ਮਾਫ਼ੀਆ ਨੇ ਗੋਲੀਆਂ ਨਾਲ ਭੁੰਨਿਆ
ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ 'ਚ ਇੱਕ ਨੌਜਵਾਨ ਨੂੰ ਡਰੱਗ ਮਾਫ਼ੀਆ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ 2 ਨੌਜਵਾਨ ਨਸ਼ੇ ਦੀ ਓਵਰ ਡੋਜ਼ ਦੀ ਭੇਂਟ ਚੜ੍ਹ ਗਏ। ਚੀਮਾ ਮੁਤਾਬਕ ਇਹ ਸਿਰਫ਼ ਉਹ ਮਾਮਲੇ ਹਨ ਜੋ ਮੀਡੀਆ ਰਾਹੀਂ ਸਾਹਮਣੇ ਆਏ ਹਨ। ਬਿਨਾਂ ਸ਼ੱਕ ਅਜਿਹੇ ਹੋਰ ਵੀ ਮਾਮਲੇ ਹੋਣਗੇ ਜੋ ਮੀਡੀਆ ਦੀਆਂ ਸੁਰਖ਼ੀਆਂ ਨਹੀਂ ਬਣੇ ਹੋਏ।
ਇਹ ਵੀ ਪੜ੍ਹੋ ► ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ
ਉੱਚ ਪੱਧਰੀ ਨਿਆਇਕ ਜਾਂਚ ਹੋਵੇ
ਹਰਪਾਲ ਸਿੰਘ ਚੀਮਾ ਨੇ ਫ਼ਿਰੋਜ਼ਪੁਰ ਜ਼ਿਲੇ 'ਚ ਕੋਰੋਨਾ ਰੋਕਣ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਿੰਡਾਂ ਦੇ ਲੋਕਾਂ ਵਲੋਂ ਲਗਾਏ ਗਏ ਨਾਕੇ 'ਤੇ ਤੈਨਾਤ ਪਿੰਡ ਦੇ 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਡਰੱਗ ਮਾਫ਼ੀਆ ਨਾਲ ਜੁੜੇ ਹੋਏ ਤਸਕਰ ਦੱਸੇ ਜਾ ਰਹੇ ਹਨ। ਇਸ ਲਈ ਸਰਕਾਰ ਨੂੰ ਜਿੱਥੇ ਇਸ ਮਾਮਲੇ ਦੀ ਉੱਚ ਪੱਧਰੀ ਅਤੇ ਸਮਾਂਬੱਧ ਨਿਆਇਕ ਜਾਂਚ ਕਰਵਾਉਣੀ ਚਾਹੀਦੀ ਹੈ, ਉੱਥੇ ਮਾਰੇ ਗਏ ਨੌਜਵਾਨ ਜੱਜ ਸਿੰਘ ਨੂੰ ਕੋਰੋਨਾ ਵਿਰੁੱਧ ਜੰਗ ਦਾ 'ਸ਼ਹੀਦ' ਐਲਾਨ ਕੇ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ 'ਚ ਯੋਗਤਾ ਮੁਤਾਬਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਐਲਾਨੀ ਜਾਵੇ। ਜਦਕਿ ਜ਼ਖਮੀ ਹੋਏ ਨੌਜਵਾਨ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਚੁੱਕੇ ਅਤੇ ਉਸਨੂੰ ਉਸ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ ► ਹੁਸ਼ਿਆਰਪੁਰ ਦੇ ਵਿਅਕਤੀ ਦੀ ਪੈਰਿਸ ''ਚ ''ਕੋਰੋਨਾ'' ਕਾਰਨ ਹੋਈ ਮੌਤ
ਕਰਫ਼ਿਊ ਦੌਰਾਨ ਵੀ ਨਸ਼ੇ ਦੇ ਵਪਾਰੀ ਸਰਗਰਮ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਕਰਫ਼ਿਊ ਦੌਰਾਨ ਵੀ ਨਸ਼ੇ ਦੇ ਵਪਾਰੀ ਸਰਗਰਮ ਹਨ। ਜੇਕਰ ਸਰਕਾਰ ਨੇ ਸਖ਼ਤੀ ਨਾਲ ਡਰੱਗ ਮਾਫ਼ੀਆ 'ਤੇ ਕਾਬੂ ਪਾਇਆ ਹੁੰਦਾ ਤਾਂ ਮਾਨਸਾ ਜ਼ਿਲ੍ਹੇ ਦੇ ਦੋ ਅੱਲੜ ਨੌਜਵਾਨ ਨਸ਼ੇ ਦੀ ਭੇਂਟ ਨਾ ਚੜਦੇ। ਚੀਮਾ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਨਸ਼ਾ ਤਸਕਰਾਂ ਵਿਰੁਧ ਸਖ਼ਤ ਤੋਂ ਸਖ਼ਤ ਕਦਮ ਉਠਾ ਕੇ ਆਪਣੀ ਤਿੰਨ ਸਾਲਾਂ ਦੀ ਸਰਕਾਰ ਤੇ ਮਾਫ਼ੀਆ ਦੀ ਪੁਸ਼ਤ ਪਨਾਹੀ ਕਰਨ ਦੇ ਲੱਗੇ ਦਾਗ਼ ਧੋਏ।