ਪੰਜਾਬ ''ਚ ਨਸ਼ਿਆਂ ਦਾ ਜਾਲ ਅਕਾਲੀ ਸਰਕਾਰ ਵੇਲੇ ਵਿਛਿਆ : ਜਾਖੜ

07/08/2018 6:54:44 AM

ਮਾਨਸਾ ( ਮਿੱਤਲ) - ਅੱਜ ਇਥੇ ਪੰਜਾਬ ਕਾਂਗਰਸ ਵੱਲੋਂ ਵਰਕਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਰੱਖੇ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ ਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਾਂਗਰਸੀ ਆਗੂ ਅਤੇ ਵਰਕਰਾਂ ਨੇ ਆਪਣਾ ਦੁੱਖ ਰੋਂਦਿਆਂ ਕਿਹਾ ਕਿ ਭਾਵੇਂ ਪੰਜਾਬ 'ਚ ਹੁਣ ਕਾਂਗਰਸ ਸਰਕਾਰ ਗਠਿਤ ਹੋ ਚੁੱਕੀ ਹੈ ਪਰ ਹਾਲੇ ਵੀ ਪੂਰੇ ਪੰਜਾਬ ਵਿਚ ਅਕਾਲੀ ਦਲ ਦੇ ਆਗੂਆਂ ਦਾ ਪ੍ਰਸ਼ਾਸਨ ਵਿਚ ਬੋਲਬਾਲਾ ਹੈ, ਜਦੋਂ ਕਿ ਡੇਢ ਸਾਲ ਦਾ ਸਮਾਂ ਬੀਤ ਜਾਣ ਉਪਰੰਤ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰਾਂ ਨੂੰ ਸਰਕਾਰ 'ਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿਚ ਕਾਂਗਰਸੀ ਵਰਕਰਾਂ ਦੀ ਨਾ ਸੁਣੀ ਗਈ ਤਾਂ ਮਿਸ਼ਨ 2019 ਵਿਚ ਪੰਜਾਬ 'ਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ 'ਤੇ ਹਾਰ ਜਾਵੇਗੀ।
ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਨਸ਼ਿਆਂ ਦਾ ਜਾਲ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਜ਼ੋਰਾਂ-ਸ਼ੋਰਾਂ ਨਾਲ ਵਿੱਛਿਆ, ਜਿਸ ਨੂੰ ਹੁਣ ਪੰਜਾਬ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਬੰਦ ਕਰਨ ਲਈ ਯਤਨਸ਼ੀਲ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਨੂੰ ਅਕਾਲੀਆਂ ਨਾਲ ਜੋੜਣਾ ਸਿਆਸੀ ਧੱਕਾ ਹੈ, ਦੇ ਬਿਆਨ ਹਾਸੋਹੀਣੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਰਾਹੁਲ ਗਾਂਧੀ ਦਾ ਮਿਸ਼ਨ 2019 ਦੀ ਸ਼ੁਰੂਆਤ ਮਾਨਸਾ ਜ਼ਿਲੇ 'ਚੋਂ ਇਸ ਲਈ ਕੀਤੀ ਗਈ ਹੈ ਕਿ ਪਿਛਲੀਆਂ ਚੋਣਾਂ ਵਿਚ ਮਾਨਸਾ ਜ਼ਿਲੇ 'ਚ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਨਹੀਂ ਸੀ। ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਜਿਹੜਾ ਕਿ ਦੇਸ਼ 'ਚੋਂ ਸਭ ਤੋਂ ਖੁਸ਼ਹਾਲ ਜਾਣਿਆ ਜਾਂਦਾ ਸੀ, ਇਸਨੂੰ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਨਸ਼ਿਆਂ ਦਾ ਅੱਡਾ ਬਣਾ ਕੇ ਰੱਖ ਦਿੱਤਾ। । ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸਿੰਘ ਸੰਧੂ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਜ਼ਿਲਾ ਕਾਂਗਰਸ ਪ੍ਰਧਾਨ ਬਿਕਰਮ ਮੋਫਰ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਹਲਕਾ ਸੇਵਾਦਾਰ ਡਾ. ਮਨੋਜ ਬਾਲਾ ਬਾਂਸਲ, ਕੁਲਵੰਤ ਰਾਏ ਸਿੰਗਲਾ , ਸੁਰੇਸ਼ ਨੰਦਗੜ੍ਹੀਆ, ਗੁਰਪ੍ਰੀਤ ਕੌਰ ਗਾਗੋਵਾਲ, ਚੁਸਪਿੰਦਰਵੀਰ ਭੁਪਾਲ, ਵਿਸ਼ਾਲ ਜੈਨ ਗੋਲਡੀ, ਮਾਈਕਲ ਗਾਗੋਵਾਲ, ਆਯੂਸ਼ੀ ਸ਼ਰਮਾ, ਚੰਦਰ ਸ਼ੇਖਰ ਨੰਦੀ, ਪਾਲਾ ਰਾਮ ਪਰੋਚਾ, ਮਨਜੀਤ ਝਲਬੂਟੀ, ਸੁਖਦਰਸ਼ਨ ਖਾਰਾ, ਬਲਵਿੰਦਰ ਨਾਰੰਗ, ਡਾ. ਮਨਜੀਤ ਰਾਣਾ, ਪ੍ਰਵੀਨ ਟੋਨੀ, ਸਰਪੰਚ ਗੁਰਲਾਲ ਸਿੰਘ, ਸਰਪੰਚ ਗੁਰਦੀਪ ਸਿੰਘ, ਸੁੱਖੀ ਭੰਮੇ, ਬਲਜੀਤ ਕੌਰ ਬਰਾੜ, ਰਜਿੰਦਰ ਕੌਰ ਐਡਵੋਕੇਟ ਆਦਿ ਹਾਜ਼ਰ ਸਨ।


Related News