ਨਸ਼ੇ ਵਾਲੇ ਪਦਾਰਥਾਂ ਸਮੇਤ 4 ਗ੍ਰਿਫਤਾਰ

Friday, Jul 06, 2018 - 06:17 AM (IST)

ਮੋਹਾਲੀ,   (ਕੁਲਦੀਪ)-  ਪੁਲਸ ਸਟੇਸ਼ਨ ਫੇਜ਼-11 ਅਧੀਨ ਆਉਂਦੇ ਖੇਤਰ ਬਾਵਾ ਵ੍ਹਾਈਟ ਹਾਊਸ ਦੇ ਨੇੜੇ ਲਾਏ ਗਏ ਪੁਲਸ ਨਾਕੇ 'ਤੇ ਪੁਲਸ ਨੇ ਇਕ ਨੌਜਵਾਨ ਨੂੰ ਨਸ਼ੇ ਵਾਲੇ ਇੰਜੈਕਸ਼ਨਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦਾ ਨਾਂ ਸੰਜੀਵ ਉਰਫ ਕਾਜੂ ਦੱਸਿਆ ਜਾਂਦਾ ਹੈ, ਜੋ ਕਿ ਮਨਸਾ ਦੇਵੀ ਕੰਪਲੈਕਸ ਪੰਚਕੂਲਾ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੇ ਖਿਲਾਫ ਪੁਲਸ ਸਟੇਸ਼ਨ ਫੇਜ਼-11 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ । 
ਜਾਣਕਾਰੀ ਮੁਤਾਬਕ ਸੰਜੀਵ ਕੁਮਾਰ ਉਰਫ ਕਾਜੂ ਬਾਵਾ ਵ੍ਹਾਈਟ ਹਾਊਸ ਨੇੜਿਓਂ ਲੰਘ ਰਿਹਾ ਸੀ ਜੋ ਕਿ ਪੁਲਸ ਨਾਕੇ ਨੂੰ ਵੇਖ ਕੇ ਘਬਰਾ ਗਿਆ ਤੇ ਵਾਪਸ ਜਾਣ ਲੱਗਾ। ਸ਼ੱਕ ਹੋਣ 'ਤੇ ਪੁਲਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 120 ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕੀਤੇ ਗਏ। ਉਸ ਨੂੰ ਗ੍ਰਿਫਤਾਰ ਕਰ ਕੇ ਪੁਲਸ ਥਾਣੇ ਲਿਜਾਇਆ ਗਿਆ, ਜਿਥੇ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ।
ਡੇਰਾਬੱਸੀ,  (ਅਨਿਲ)-ਡੇਰਾਬੱਸੀ ਪੁਲਸ ਨੇ ਨਸ਼ਿਆਂ ਦੇ ਸੇਵਨ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਇਕ ਐਕਟਿਵਾ ਸਵਾਰ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਅੰਕੁਸ਼ ਪੁੱਤਰ ਜੋਗਿੰਦਰ ਸਿੰਘ ਵਾਸੀ ਸਹਿਜਾਦਪੁਰ ਹਰਿਆਣਾ ਵਜੋਂ ਹੋਈ ਹੈ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਏ. ਐੱਸ. ਪੀ. ਹਰਮਨਦੀਪ ਸਿੰਘ ਹੰਸ ਡੇਰਾਬੱਸੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਪੁਲਸ ਨੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਮੁਖੀ ਮਹਿੰਦਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਹਰਜੀਤ ਸਿੰਘ ਦੀ ਟੀਮ ਨੇ ਗੁਲਾਬਗੜ੍ਹ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਡੇਰਾਬੱਸੀ ਵਲੋਂ ਆ ਰਹੇ ਬਿਨਾਂ ਨੰਬਰੀ ਐਕਟਿਵਾ ਸਵਾਰ ਨੂੰ ਤਲਾਸ਼ੀ ਲਈ ਰੋਕਿਆ ਤਾਂ ਐਕਟਿਵਾ ਵਿਚੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਬਰਾਮਦ ਹੋਈਆਂ।  
ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)-ਮਾਛੀਵਾੜਾ ਪੁਲਸ ਵਲੋਂ ਅੱਜ ਵੱਖ-ਵੱਖ ਨਾਕਾਬੰਦੀਆਂ ਦੌਰਾਨ ਵੀਰਪਾਲ ਸਿੰਘ ਉਰਫ਼ ਬਿੱਲਾ ਤੇ ਸੋਮ ਕੁਮਾਰ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਸਹਾਇਕ ਥਾਣੇਦਾਰ ਸੰਤੋਖ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਪਿੰਡ ਲੱਖੋਵਾਲ ਟੀ-ਪੁਆਇੰਟ ਨੇੜੇ ਪੈਦਲ ਆ ਰਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਜਾਂਚ ਲਈ ਰੋਕਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਵੀਰਪਾਲ ਸਿੰਘ ਉਰਫ਼ ਬਿੱਲਾ ਵਾਸੀ ਸ਼ੇਰਪੁਰ ਬੇਟ ਹਾਲ ਆਬਾਦ ਚੋਪੜਾ ਕਾਲੋਨੀ ਮਾਛੀਵਾੜਾ ਵਜੋਂ ਹੋਈ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਵਲੋਂ ਵੀ ਗਸ਼ਤ ਕੀਤੀ ਜਾ ਰਹੀ ਸੀ ਕਿ ਮਹੱਦੀਪੁਰ ਟੀ-ਪੁਆਇੰਟ ਨੇੜੇ ਨੌਜਵਾਨ ਸੋਮ ਕੁਮਾਰ ਵਾਸੀ ਮਾਛੀਵਾੜਾ ਨੂੰ ਜਾਂਚ ਲਈ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵਲੋਂ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।


Related News