ਡਰੱਗ ਪ੍ਰਭਾਵਿਤ ਪਿੰਡਾਂ ਨੇ ਨਹੀਂ ਛੱਡਿਆ ਡਰੱਗ ਵਿਕਰੀ ਦਾ ਧੰਦਾ

12/23/2017 8:16:12 AM

ਕਪੂਰਥਲਾ, (ਭੂਸ਼ਣ)- ਬੀਤੇ ਮਾਰਚ ਮਹੀਨੇ 'ਚ ਸੂਬੇ ਦੀ ਸੱਤਾ ਸੰਭਾਲਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਰੱਗ ਮਾਫੀਆ ਨੂੰ ਜੜ੍ਹ ਤੋਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਦੌਰਾਨ ਕਪੂਰਥਲਾ ਪੁਲਸ ਵੱਲੋਂ ਛੇੜੀ ਗਈ ਡਰੱਗ ਵਿਰੋਧੀ ਮੁਹਿੰਮ ਦੇ ਤਹਿਤ ਡਰੱਗ ਪ੍ਰਭਾਵਿਤ 4 ਪ੍ਰਮੁੱਖ ਪਿੰਡਾਂ 'ਚ ਵਿਸ਼ੇਸ਼ ਤੌਰ 'ਤੇ ਸੈਮੀਨਾਰ ਲਗਾ ਕੇ ਡਰੱਗ ਦਾ ਧੰਦਾ ਛੱਡਣ ਨੂੰ ਲੈ ਕੇ ਲਈ ਗਏ ਹਲਫੀਆ ਬਿਆਨ ਲੈਣ ਦੇ ਬਾਵਜੂਦ ਵੀ ਇਨ੍ਹਾਂ ਚਾਰਾਂ ਪਿੰਡਾਂ ਵਿਚ ਡਰੱਗ ਮਾਫੀਆ ਤੇ ਇਸ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ।  ਜੇਕਰ ਪੁਲਸ ਰਿਕਾਰਡ ਦੇ ਵੱਲ ਝਾਤ ਮਾਰੀ ਜਾਵੇ ਤਾਂ ਬੀਤੇ 9 ਮਹੀਨਿਆਂ ਦੇ ਦੌਰਾਨ ਕਪੂਰਥਲਾ ਪੁਲਸ ਨੇ ਇਨ੍ਹਾਂ ਚਾਰਾਂ ਡਰੱਗ ਪ੍ਰਭਾਵਿਤ ਪਿੰਡਾਂ 'ਚ ਛੇੜੀ ਗਈ ਵੱਡੀ ਮੁਹਿੰਮ ਦੇ ਦੌਰਾਨ 100 ਦੇ ਕਰੀਬ ਮਾਮਲੇ ਦਰਜ ਕਰਕੇ 125 ਦੇ ਕਰੀਬ ਡਰੱਗ ਸਮੱਗਲਰਾਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਹੈ । 
ਬੀਤੇ 5 ਦਹਾਕਿਆਂ ਤੋਂ ਡਰੱਗ ਵਿਕਰੀ ਲਈ ਬਦਨਾਮ ਰਹੇ ਹਨ ਜ਼ਿਲੇ ਦੇ 4 ਪਿੰਡ : ਬੀਤੇ 50 ਸਾਲਾਂ ਤੋਂ ਜ਼ਿਲੇ ਦੇ 4 ਪ੍ਰਮੁੱਖ ਪਿੰਡ ਬੂਟਾ, ਲਾਟੀਆਵਾਲ, ਤੋਤੀ ਅਤੇ ਬਾਦਸ਼ਾਹਪੁਰ ਡਰੱਗ ਸਮੱਗਲਿੰਗ ਲਈ ਕਾਫ਼ੀ ਬਦਨਾਮ ਰਹੇ ਹਨ। ਇਸ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਡਰੱਗ ਵਿਰੋਧੀ ਮੁਹਿੰਮ ਦੇ ਦੌਰਾਨ ਕਪੂਰਥਲਾ ਪੁਲਸ ਨੇ ਇਕ ਨਵੀਂ ਪਹਿਲ ਕੀਤੀ ਸੀ।    
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਨ੍ਹਾਂ ਪਿੰਡਾਂ ਨਾਲ ਸੰਬੰਧਤ ਸ਼ੱਕੀ ਲੋਕਾਂ ਨੂੰ ਡਰੱਗ ਦਾ ਧੰਦਾ ਛੱਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਇਨ੍ਹਾਂ ਲੋਕਾਂ ਵਲੋਂ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ 'ਤੇ ਪੁਲਸ ਨੇ ਇਨ੍ਹਾਂ ਪਿੰਡਾਂ 'ਚ ਲਗਾਤਾਰ ਡਰੱਗ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਿਆ ।  
ਨਵੀਂ ਦਿੱਲੀ ਸਮੇਤ ਕਈ ਸੂਬਿਆਂ ਦੀਆਂ ਜੇਲਾਂ 'ਚ ਬੰਦ ਹਨ ਚਾਰਾਂ ਪਿੰਡਾਂ ਨਾਲ ਸੰਬੰਧਤ ਸਮੱਗਲਰ
ਲੰਬੇ ਸਮੇਂ ਤੋਂ ਡਰੱਗ ਮਾਫੀਆ ਦਾ ਗੜ੍ਹ ਰਹੇ ਇਨ੍ਹਾਂ ਚਾਰਾਂ ਪਿੰਡਾਂ ਨਾਲ ਸੰਬੰਧਤ ਡਰੱਗ ਸਮੱਗਲਰ ਪੰਜਾਬ ਹੀ ਨਹੀਂ ਬਾਹਰਲੇ ਸੂਬਿਆਂ ਦੀਆਂ ਕਈ ਜੇਲਾਂ 'ਚ ਬੰਦ ਹਨ। ਇਨ੍ਹਾਂ ਪਿੰਡਾਂ ਨਾਲ ਸੰਬੰਧਤ ਕਈ ਵੱਡੇ ਡਰੱਗ ਸਮੱਗਲਰਾਂ ਨੂੰ ਦਿੱਲੀ ਪੁਲਸ ਕਰੋੜਾਂ ਰੁਪਏ ਦੀ ਖੇਪ ਦੇ ਨਾਲ ਨਵੀਂ ਦਿੱਲੀ 'ਚ ਕਾਬੂ ਕਰ ਚੁੱਕੀ ਹੈ ਅਤੇ ਪਿਛਲੇ ਸਾਲ ਇਨ੍ਹਾਂ ਪਿੰਡਾਂ ਨਾਲ ਸੰਬੰਧਤ ਕਈ ਡਰੱਗ ਸਮੱਗਲਰਾਂ ਦੇ ਖੁਲਾਸਿਆਂ ਦੇ ਬਾਅਦ ਦਿੱਲੀ ਪੁਲਸ ਇਥੇ ਛਾਪਾਮਾਰੀ ਵੀ ਕਰ ਚੁੱਕੀ ਹੈ । ਇਨ੍ਹਾਂ ਪਿੰਡਾਂ ਨਾਲ ਸੰਬੰਧਤ ਹਰ ਛੇਵਾਂ ਵਿਅਕਤੀ ਵੱਖ-ਵੱਖ ਜੇਲਾਂ 'ਚ ਬੰਦ ਹੈ। ਜਿਸਨੂੰ ਲੈ ਕੇ ਜ਼ਿਲਾ ਪੁਲਸ ਨੇ ਡਰੱਗ ਪ੍ਰਭਾਵਿਤ ਪਿੰਡ ਬਾਦਸ਼ਾਹਪੁਰ ਤੇ ਤੋਤੀ 'ਚ ਨਵੀਂ ਪੁਲਸ ਚੌਕੀਆਂ ਦੀ ਸਥਾਪਨਾ ਕੀਤੀ ਸੀ ।  


Related News