ਨਸ਼ਾ ਕਰਦਾ ਪੁਲਸ ਮੁਲਾਜ਼ਮ ਕੈਮਰੇ ''ਚ ਕੈਦ

Thursday, Jan 10, 2019 - 04:31 PM (IST)

ਨਸ਼ਾ ਕਰਦਾ ਪੁਲਸ ਮੁਲਾਜ਼ਮ ਕੈਮਰੇ ''ਚ ਕੈਦ

ਜਲੰਧਰ (ਸੋਨੂੰ)— ਉਂਝ ਤਾਂ ਪੰਜਾਬ ਪੁਲਸ ਨੂੰ ਖਾਸ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਤਰ੍ਹਾਂ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾਵੇ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਪੰਜਾਬ ਪੁਲਸ ਹੀ ਨਸ਼ੇ 'ਚ ਟੱਲੀ ਹੋ ਕੇ ਇੱਧਰ-ਉੱਧਰ ਡਿੱਗਦੀ ਨਜ਼ਰ ਆਵੇ ਤਾਂ ਆਮ ਲੋਕ ਪੁਲਸ ਕੋਲੋਂ ਕੀ ਉਮੀਦ ਰੱਖਣਗੇ। ਅਜਿਹਾ ਹੀ ਇਕ ਮਾਮਲਾ ਜਲੰਧਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਸ ਕਰਮਚਾਰੀ ਖੁਦ ਨਸ਼ੇ ਦੇ ਟੀਕੇ ਲਗਾਉਂਦਾ ਦਿਖਾਈ ਦਿੱਤਾ।

ਨਸ਼ੇ 'ਚ ਟੱਲੀ ਹੋਏ ਪੁਲਸ ਮੁਲਾਜ਼ਮ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਸ ਵਾਲੇ ਦਾ ਨਾਂ ਅਮਰਜੋਤ ਸਿੰਘ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅਮਰਜੋਤ ਸਿੰਘ ਫਿਲੌਰ ਦੇ ਪੰਜਾਬ ਪੁਲਸ ਅਕੈਡਮੀ 'ਚ ਕਾਂਸਟੇਬਲ ਦੀ ਡਿਊਟੀ ਕਰਦਾ ਸੀ, ਜਿਸ ਦੇ ਗਲਤ ਚਾਲ ਚਲਣ ਅਤੇ ਨਸ਼ੇ ਕਾਰਨ ਜਲੰਧਰ ਕਮਿਸ਼ਨਰੇਟ 'ਚ ਬਦਲੀ ਕਰ ਦਿੱਤੀ ਗਈ ਸੀ ਅਤੇ ਅਮਰਜੋਤ ਜਲੰਧਰ 'ਚ ਵੀ ਪਿਛਲੇ 2 ਮਹੀਨਿਆਂ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ। 

ਪੰਜਾਬ ਪੁਲਸ ਅਕੈਡਮੀ ਫਿਲੌਰ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਾਂਸਟੇਬਲ ਅਮਰਜੋਤ ਸਾਡੇ ਇਥੇ ਡੈਪੋਟੇਸ਼ਨ 'ਤੇ ਤਾਇਨਾਤ ਸੀ ਜੋਕਿ ਪਿਛਲੇ ਕਾਫੀ ਸਮੇਂ ਤੋਂ ਗੈਰ-ਹਾਜ਼ਰ ਹੋਣ ਦਾ ਕਾਫੀ ਆਦੀ ਹੋ ਗਿਆ ਸੀ। ਅਨੁਸ਼ਾਸਨ 'ਚ ਨਾ ਰਹਿਣ ਕਾਰਨ ਪਿਛਲੇ ਸਾਲ 21 ਨਵੰਬਰ ਨੂੰ ਕਮਿਸ਼ਨਰੇਟ ਜਲੰਧਰ 'ਚ ਟਰਾਂਸਫਰ ਕਰ ਦਿੱਤਾ ਸੀ। ਜਦੋਂ ਡਿਪਟੀ ਡਾਇਰੈਕਟਰ ਨੂੰ ਅਮਰਜੋਤ ਦੇ ਨਸ਼ੇ 'ਚ ਰਹਿਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਨਸ਼ਾ ਕਰਨ ਦੀ ਵੀਡੀਓ ਨੇ ਪੁਲਸ 'ਤੇ ਇਕ ਵਾਰ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ।


author

shivani attri

Content Editor

Related News